ਬਿਉਰੋ ਰਿਪੋਰਟ : ਬੀਜੇਪੀ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਬੀਅਤ ਵਿਗੜ ਗਈ ਹੈ । ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹਸਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਖਬਰ ਹੈ ਕਿ ਮਨਪ੍ਰੀਤ ਬਾਦਲ ਦਾ ਬਠਿੰਡਾ ਦੇ ਜਿੰਦਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਡਾਕਟਰਾਂ ਮੁਤਾਬਿਕ ਸਵੇਰੇ ਜਦੋਂ ਉਹ ਸੈਰ ਕਰਨ ਦੇ ਲਈ ਨਿਕਲੇ ਤਾਂ ਉਨ੍ਹਾਂ ਨੂੰ ਦਰਦ ਮਹਿਸੂਸ ਹੋਇਆ, ਜਦੋਂ ਚੈੱਕਅੱਪ ਕੀਤਾ ਤਾਂ ਇੱਕ ਦਿਲ ਦੀ ਇੱਕ ਨੱਸ ਬਲਾਕ ਸੀ,ਓਪਰੇਸ਼ਨ ਕਰਕੇ 2 ਸਟੰਟ ਪਾਏ ਗਏ ਹਨ ਅਤੇ ਉਸ ਨੂੰ ਖੋਲਿਆ ਗਿਆ ਹੈ । ਮਨਪ੍ਰੀਤ ਸਿੰਘ ਬਾਦਲ ਦੀ ਹੁਣ ਹਾਲਤ ਠੀਕ ਦੱਸੀ ਜਾ ਰਹੀ ਹੈ । ਮਨਪ੍ਰੀਤ ਸਿੰਘ ਬਾਦਲ ਦਾ ਪਤਾ ਲੈਣ ਦੇ ਲਈ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ । ਉਨ੍ਹਾਂ ਨੇ ਕਿਹਾ ਮੈਂ ਮਨਪ੍ਰੀਤ ਦੇ ਨਾਲ ਗੱਲ ਕੀਤੀ ਹੈ ਉਹ ਹੁਣ ਠੀਕ ਹਨ । ਜਲਦ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ । ਤਬੀਅਤ ਖਰਾਬ ਹੋਣ ਦੀ ਵਜ੍ਹਾ ਕਰਕੇ ਮਨਪ੍ਰੀਤ ਬਾਦਲ ਦਾ ਪਰਿਵਾਰ ਵੀ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਸਮਾਗਮ ਵਿੱਚ ਨਹੀਂ ਪਹੁੰਚ ਸਕੇ ਸਨ।
ਮਨਪ੍ਰੀਤ ਬਾਦਲ ਖਿਲਾਫ ਕੁਝ ਮਹੀਨੇ ਪਹਿਲਾਂ ਵਿਜੀਲੈਂਸ ਨੇ ਜ਼ਮੀਨ ਘੁਟਾਲੇ ਨੂੰ ਲੈਕੇ ਕੇਸ ਦਰਜ ਕੀਤਾ ਸੀ । ਉਨ੍ਹਾਂ ਖਿਲਾਫ ਵਾਰੰਟ ਵੀ ਜਾਰੀ ਹੋਇਆ ਸੀ ਪਰ ਕਾਫੀ ਦਿਨਾਂ ਤੱਕ ਉਹ ਗਾਇਬ ਰਹੇ। ਹਾਈਕੋਰਟ ਤੋ ਜ਼ਮਾਨਤ ਮਿਲਣ ਤੋਂ ਬਾਅਦ ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ ਸਨ । 2022 ਦੀਆਂ ਵਿਧਾਨਸਭਾ ਚੋਣਾਂ ਹਾਰਨ ਤੋਂ ਬਾਅਦ ਸੂਬਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਨਾਲ ਮਤਭੇਦ ਹੋਣ ਦੀ ਵਜ੍ਹਾ ਕਰਕੇ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਤੋਂ ਅਸਤੀਫਾ ਦੇਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ । 2009 ਤੱਕ ਮਨਪ੍ਰੀਤ ਬਾਦਲ ਅਕਾਲੀ ਦਲ ਤੋਂ ਵਿਧਾਇਕ ਰਹੇ ਅਤੇ ਖਜ਼ਾਨਾ ਮੰਤਰੀ ਵੀ ਬਣੇ । ਪਰ ਪਾਰਟੀ ਵਿਰੋਧੀ ਬਿਆਨਾਂ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ 2012 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ PPP ਪਾਰਟੀ ਬਣਾਈ ਅਤੇ 2014 ਦੀ ਲੋਕਸਭਾ ਚੋਣ ਉਨ੍ਹਾਂ ਨੇ ਬਠਿੰਡਾ ਤੋਂ ਕਾਂਗਰਸ ਦੀ ਟਿਕਟ ‘ਤੇ ਹਰਸਿਮਰਤ ਕੌਰ ਬਾਦਲ ਖਿਲਾਫ ਲੜੀ,2017 ਵਿੱਚ ਕਾਂਗਰਸ ਦੀ ਟਿਕਟ ਤੇ ਬਠਿੰਡਾ ਤੋਂ ਜਿੱਤੇ ਅਤੇ 5 ਸਾਲ ਦਾ ਸੂਬੇ ਦੇ ਖਜ਼ਾਨੇ ਦੀ ਜ਼ਿੰਮੇਵਾਰੀ ਸੰਭਾਲੀ ।