Punjab

ਮਨਪ੍ਰੀਤ ਬਾਦਲ ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਵੱਲੋਂ ਲੁੱਕ ਆਊਟ ਸਰਕੁਲਰ ਨੋਟਿਸ ਜਾਰੀ…

ਚੰਡੀਗੜ੍ਹ : ਬੀਤੇ ਕੱਲ੍ਹ ਬਠਿੰਡਾ ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਦੌਰਾਨ ਅੱਜ ਮਨਪ੍ਰੀਤ ਬਾਦਲ ਖ਼ਿਲਾਫ਼ ਲੁੱਕ ਆਊਟ ਸਰਕੁਲਰ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਵਿਜੀਲੈਂਸ ਨੂੰ ਮਨਪ੍ਰੀਤ ਬਾਦਲ ਦੇ ਵਿਦੇਸ਼ ਜਾਣ ਦਾ ਸ਼ੱਕ ਹੈ। ਵਿਜੀਲੈਂਸ ਨੇ ਸਾਰੇ ਏਅਰਪੋਰਟਾਂ ‘ਤੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਮਨਪ੍ਰੀਤ ਬਾਦਲ ‘ਤੇ ਬਠਿੰਡਾ ‘ਚ ਪਲਾਟਾਂ ਦੀ ਖ਼ਰੀਦ-ਵੇਚ ‘ਚ ਧੋਖਾਧੜੀ ਦਾ ਦੋਸ਼ ਹੈ।

ਦੱਸ ਦੇਈਏ ਕਿ ਲੰਘੇ ਕੱਲ੍ਹ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਮੇਤ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਨਪ੍ਰੀਤ ਬਾਦਲ ਦੇ ਘਰ ਪੰਜਾਬ ਵਿਜੀਲੈਂਸ ਬਿਉਰੋ ਨੇ ਰੇਡ ਵੀ ਕੀਤੀ ਸੀ। ਇਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚ ਅਮਨਦੀਪ ਸਿੰਘ ਅਤੇ ਰਾਜੀਵ ਕੁਮਾਰ ਸ਼ਾਮਲ ਹਨ। ਇਸ ਦੇ ਨਾਲ ਹੀ ਮੁਲਜ਼ਮ ਭਾਜਪਾ ਆਗੂ ਮਨਪ੍ਰੀਤ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ 26 ਨੂੰ ਅਦਾਲਤ ਵਿੱਚ ਸੁਣਵਾਈ ਹੋਣੀ ਹੈ।

ਜਾਂਚ ਦੌਰਾਨ ਖ਼ੁਲਾਸਾ

ਵਿਜੀਲੈਂਸ ਨੇ ਜਾਂਚ ਦੌਰਾਨ ਖ਼ੁਲਾਸਾ ਕੀਤਾ ਹੈ ਕਿ ਸਾਲ 2018 ਤੋਂ ਮਾਡਲ ਟਾਊਨ ਫ਼ੇਜ਼ ਵਨ ਬਠਿੰਡਾ ਵਿੱਚ ਟੀਵੀ ਟਾਵਰ ਦੇ ਕੋਲ ਇੱਕ ਪਲਾਟ ਖ਼ਰੀਦਣ ਦੀ ਸਾਜ਼ਸ਼ ਰਚੀ ਜਾ ਰਹੀ ਸੀ। ਜਿਸ ਕਾਰਨ ਪੁੱਡਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਨ੍ਹਾਂ ਪਲਾਟਾਂ ਦੇ ਜਾਅਲੀ ਨੰਬਰ ਆਪਣੇ ਤੌਰ ‘ਤੇ ਲਗਾ ਲਏ। ਫਿਰ 2018 ਵਿੱਚ ਈ-ਆਕਸ਼ਨ ਦੇ ਜ਼ਰੀਏ ਇੱਕ ਈਵੈਂਟ ਕਰਕੇ ਬੋਲੀ ਕਰਵਾਉਣ ਦਿਖਾਇਆ ਗਿਆ। ਪਰ, ਆਨਲਾਈਨ ਈ-ਨਿਲਾਮੀ ਪੋਰਟਲ ‘ਤੇ ਬੋਲੀ ਲਗਾਉਂਦੇ ਸਮੇਂ ਨਕਸ਼ਾ ਅੱਪਲੋਡ ਨਹੀਂ ਕੀਤਾ ਗਿਆ ਸੀ। ਪਲਾਟਾਂ ਦੀ ਸਥਿਤੀ ਦਾ ਪਤਾ ਨਾ ਹੋਣ ਕਾਰਨ ਕਿਸੇ ਵੀ ਬੋਲੀਕਾਰ ਨੇ ਹਿੱਸਾ ਨਹੀਂ ਲਿਆ। ਜਿਸ ਕਾਰਨ ਇਹ ਜਗ੍ਹਾ ਵਿਕ ਨਹੀਂ ਸਕੀ।

ਇਸ ਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਿਰਫ਼ ਦਿਖਾਵੇ ਲਈ ਕੀਤੀ ਗਈ ਸੀ। 2018 ਵਿੱਚ ਬੋਲੀ ਦੇ ਸਮੇਂ ਵਰਗ ਮੀਟਰ ਦਾ ਰੇਟ 29 ਹਜ਼ਾਰ 900 ਰੁਪਏ ਤੈਅ ਕੀਤਾ ਗਿਆ ਸੀ। ਸਾਲ 2021 ਦੌਰਾਨ ਵੀ ਇਸੇ ਦਰ ‘ਤੇ ਬੋਲੀ ਲਗਾਈ ਗਈ ਸੀ। ਇਸ ਦਾ ਕਾਰਨ ਇਹ ਦੱਸਿਆ ਗਿਆ ਸੀ ਕਿ 2018 ਵਿੱਚ ਹੋਈ ਬੋਲੀ ਵਿੱਚ ਇਹ ਪਲਾਟ ਨਹੀਂ ਵੇਚੇ ਗਏ ਸਨ।