‘ਦ ਖ਼ਾਲਸ ਬਿਊਰੋ :- ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਹੋਈ ਵਿਚਾਰ-ਚਰਚਾ ਦੌਰਾਨ ਅੱਜ ਆਬਕਾਰੀ ਨੀਤੀ ਦੀ ਸਮੀਖਿਆ ਦੇ ਮਸਲੇ ’ਤੇ ਤਿੰਨ ਵਜ਼ੀਰ ਅਤੇ ਮੁੱਖ ਸਕੱਤਰ ਆਪਸ ’ਚ ਖਹਿਬੜ ਪਏ। ਪੰਜਾਬ ਭਵਨ ’ਚ ਹੋਈ ਉੱਚ ਪੱਧਰੀ ਮੀਟਿੰਗ ’ਚ ਜਿਵੇਂ ਹੀ ਤਲਖੀ ਹੋਈ ਤਾਂ ਮੁੱਖ ਸਕੱਤਰ ਦੇ ਵਤੀਰੇ ਖ਼ਿਲਾਫ਼ ਸਾਰੇ ਮੰਤਰੀ ਅੱਗੇ-ਪਿੱਛੇ ਮੀਟਿੰਗ ’ਚੋਂ ਵਾਕਆਊਟ ਕਰ ਗਏ। ਬਹੁਤੇ ਮੰਤਰੀ ਇਸ ਗੱਲ ਤੋਂ ਔਖੇ ਸਨ ਕਿ ਹਰ ਵਰ੍ਹੇ ਆਬਕਾਰੀ ਕਮਾਈ ਦੇ ਟੀਚੇ ਪੂਰੇ ਨਹੀਂ ਹੁੰਦੇ ਹਨ। ਮਾਹੌਲ ਭਖਣ ’ਤੇ ਅੱਜ ਦੁਪਹਿਰ ਮਗਰੋਂ ਹੋਣ ਵਾਲੀ ਕੈਬਨਿਟ ਮੀਟਿੰਗ ਮੁਲਤਵੀ ਕਰਨੀ ਪਈ। ਅਗਲੀ ਕੈਬਨਿਟ ਮੀਟਿੰਗ ਹੁਣ 11 ਮਈ ਨੂੰ ਸੱਦੀ ਗਈ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਠੇਕਿਆਂ ਨੂੰ ਖੋਲ੍ਹੇ ਜਾਣ ਦੀ ਪ੍ਰਵਾਨਗੀ ਮਗਰੋਂ ਪੰਜਾਬ ਸਰਕਾਰ ਨੇ ਵੀ ਠੇਕੇ ਖੋਲ੍ਹਣ ਦਾ ਐਲਾਨ ਕੀਤਾ ਸੀ। ਸ਼ਰਾਬ ਠੇਕੇਦਾਰਾਂ ਨੇ ਰਾਹਤ ਪੈਕੇਜ ਤੋਂ ਬਿਨਾਂ ਠੇਕੇ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਕੈਬਨਿਟ ਮੀਟਿੰਗ ’ਚ ਆਬਕਾਰੀ ਨੀਤੀ ਦੀ ਸਮੀਖਿਆ ਦੌਰਾਨ ਕੋਈ ਨਤੀਜਾ ਨਾ ਨਿਕਲ ਸਕਿਆ। ਵਜ਼ੀਰਾਂ ਤੇ ਅਫਸਰਾਂ ਦਰਮਿਆਨ ਤਲਖ਼ੀ ਦਾ ਮੁੱਢ ਤਾਂ ਕੱਲ ਹੀ ਬੱਝ ਗਿਆ ਸੀ ਜੋ ਅੱਜ ਬੱਝਵੇਂ ਰੂਪ ਵਿੱਚ ਪ੍ਰਤੱਖ ਹੋ ਗਿਆ। ਹੁਣ ਸੂਬੇ ’ਚ ਠੇਕਿਆਂ ਦੇ ਤਾਲੇ ਖੁੱਲ੍ਹਣ ਦਾ ਕੰਮ ਹੋਰ ਪੱਛੜ ਗਿਆ ਹੈ।

ਸੂਤਰਾਂ ਦੇ ਹਵਾਲੇ ਤੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਜਦੋਂ ਮੀਟਿੰਗ ਵਿੱਚ ਆਬਕਾਰੀ ਘਾਟੇ ਦੀ ਚਰਚਾ ਕੀਤੀ ਅਤੇ ਖ਼ਾਮੀਆਂ ਭਰਪੂਰ ਤਜਵੀਜ਼ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਅੱਗਿਓਂ ਮੁੱਖ ਸਕੱਤਰ ਨੇ ਗੱਲ ’ਤੇ ਪੋਚਾ ਫੇਰਨਾ ਸ਼ੁਰੂ ਕਰ ਦਿੱਤਾ। ਉਸੇ ਵਕਤ ਹੀ ਤਲਖ਼ੀ ਦਾ ਮਾਹੌਲ ਬਣ ਗਿਆ। ਵਜ਼ੀਰ ਨੇ ਕਿਹਾ ਕਿ ਘਾਟੇ ਵਾਲੀ ਨੀਤੀ ਪ੍ਰਵਾਨ ਨਹੀਂ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਆਖਿਆ ਕਿ ਆਬਕਾਰੀ ਨੀਤੀ ਤਾਂ ਕੈਬਨਿਟ ਹੀ ਪ੍ਰਵਾਨ ਕਰਦੀ ਹੈ ਅਤੇ ਇਸ ਮਾਮਲੇ ’ਤੇ ਮੁੱਖ ਮੰਤਰੀ ਨਾਲ ਗੱਲ ਕਰ ਲਓ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਅਫ਼ਸਰੀ ਵਤੀਰੇ ’ਤੇ ਗਿਲਾ ਕੀਤਾ। ਮਸਲਾ ਏਨਾ ਸੀ ਕਿ ਅਫ਼ਸਰਸ਼ਾਹੀ ਨੀਤੀ ਬਣਾ ਕੇ ਥੋਪ ਦਿੰਦੀ ਹੈ ਅਤੇ ਵਜ਼ੀਰਾਂ ਨੂੰ ਗੌਲ਼ਦੀ ਨਹੀਂ। ਇਸ ਦੌਰਾਨ ਹੀ ਕਹਾ-ਸੁਣੀ ਹੋਈ ਜਿਸ ਤੋਂ ਮਾਮਲਾ ਭੜਕ ਗਿਆ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਫ਼ਸਰੀ ਵਿਵਹਾਰ ਤੋਂ ਖਿੱਝ ਗਏ ਅਤੇ ਸਾਥੀ ਵਜ਼ੀਰਾਂ ਦੀ ਢਾਲ ਬਣੇ। ਉਨ੍ਹਾਂ ਮੌਕੇ ’ਤੇ ਅਫ਼ਸਰਸ਼ਾਹੀ ਦੇ ਆਪਹੁਦਰੇਪਣ ਦੀ ਗੱਲ ਕਹੀ। ਸੂਤਰ ਦੱਸਦੇ ਹਨ ਕਿ ਰੰਧਾਵਾ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਉਹ ਆਬਕਾਰੀ ਨੀਤੀ ਬਣਾਉਂਦੇ ਹਨ ਅਤੇ ਖ਼ਜ਼ਾਨੇ ਨੂੰ ਹਰ ਸਾਲ ਘਾਟਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਕੀ ਸੂਬਿਆਂ ਵਿੱਚ ਠੇਕੇ ਕਦੋਂ ਦੇ ਖੁੱਲ੍ਹੇ ਹਨ ਅਤੇ ਉਨ੍ਹਾਂ (ਅਧਿਕਾਰੀ) ਹਾਲੇ ਤੱਕ 20 ਫੀਸਦੀ ਠੇਕੇ ਨਿਲਾਮ ਵੀ ਨਹੀਂ ਕੀਤੇ। ਇਹ ਠੇਕੇ ਸਰਕਾਰ ਖੁਦ ਕਿਉਂ ਨਹੀਂ ਚਲਾ ਸਕਦੀ। ਮਾਰਕਫੈੱਡ ਨੂੰ ਕੰਮ ਦੇਣ ਦੀ ਗੱਲ ਵੀ ਚੱਲੀ।

ਜਾਣਕਾਰੀ ਮੁਤਾਬਕ ਇੱਕ ਵਜ਼ੀਰ ਨੇ ਇੱਥੋਂ ਤੱਕ ਆਖ ਦਿੱਤਾ ਕਿ ਸੂਬੇ ਦੀਆਂ ਸ਼ਰਾਬ ਫੈਕਟਰੀਆਂ ’ਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ, ਜੋ ਆਪਮੁਹਾਰੇ ਸ਼ਰਾਬ ਵੇਚ ਰਹੀਆਂ ਹਨ। ਮੰਤਰੀਆਂ ਨੇ ਕਿਹਾ ਕਿ ਆਬਕਾਰੀ ਨੀਤੀ ਬਣਾਉਣ ਵੇਲੇ ਵਜ਼ੀਰਾਂ ਨੂੰ ਤਾਂ ਪੁੱਛਿਆ ਤੱਕ ਨਹੀਂ ਜਾਂਦਾ। ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਮੀਟਿੰਗ ਮਗਰੋਂ ਸਿਰਫ਼ ਏਨਾ ਆਖਿਆ ਕਿ ਮੁੱਖ ਸਕੱਤਰ ਨੇ ਤਕਨੀਕੀ ਸਿੱਖਿਆ ਮੰਤਰੀ ਨਾਲ ਸਹੀ ਵਿਹਾਰ ਨਹੀਂ ਕੀਤਾ ਹੈ ਅਤੇ ਉਨ੍ਹਾਂ ਦੀ ਭਾਸ਼ਾ ਠੀਕ ਨਹੀਂ ਸੀ। ਮੀਟਿੰਗ ਵਿੱਚ ਜਦੋਂ ਤਪਸ਼ ਵਾਲਾ ਮਾਹੌਲ ਬਣਿਆ, ਉਦੋਂ ਮੁੱਖ ਸਕੱਤਰ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵੀ ਹਾਜ਼ਰ ਸਨ।

ਸ਼ਾਇਦ ਇੰਜ ਪਹਿਲੀ ਦਫ਼ਾ ਹੋਇਆ ਹੋਵੇਗਾ ਕਿ ਉੱਚ ਪੱਧਰੀ ਮੀਟਿੰਗ ’ਚੋਂ ਮੰਤਰੀ ਵਾਕਆਊਟ ਕਰ ਗਏ ਅਤੇ ਅਫ਼ਸਰ ਬੈਠੇ ਰਹਿ ਗਏ ਹੋਣ। ਪ੍ਰਤੱਖਦਰਸ਼ੀ ਦੱਸਦੇ ਹਨ ਕਿ ਮੀਟਿੰਗ ’ਚੋਂ ਸਭ ਤੋਂ ਪਹਿਲਾਂ ਮਨਪ੍ਰੀਤ ਬਾਦਲ ਅਤੇ ਚਰਨਜੀਤ ਚੰਨੀ ਬਾਹਰ ਆਏ ਜੋ ਆਪੋ ਆਪਣੀ ਗੱਡੀ ਵਿੱਚ ਚਲੇ ਗਏ। ਅਧਿਕਾਰੀਆਂ ਨੇ ਦੋਵਾਂ ਵਜ਼ੀਰਾਂ ਨੂੰ ਮਨਾਉਣ ਦਾ ਯਤਨ ਵੀ ਕੀਤਾ। ਮੀਟਿੰਗ ’ਚੋਂ ਚਾਰ ਵਜ਼ੀਰ ਗੈਰਹਾਜ਼ਰ ਸਨ। ਉਂਜ ਤਾਂ ਦੁਪਹਿਰ ਦਾ ਖਾਣਾ ਵੀ ਰੱਖਿਆ ਹੋਇਆ ਸੀ ਪ੍ਰੰਤੂ ਮੰਤਰੀ ਖਾਣਾ ਖਾਧੇ ਬਿਨਾਂ ਹੀ ਪੰਜਾਬ ਭਵਨ ’ਚੋਂ ਬੇਰੰਗ ਮੁੜ ਗਏ। ਜਦੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਵਜ਼ੀਰ ਅਤੇ ਮੁੱਖ ਸਕੱਤਰ ਨੇ ਫੋਨ ਨਹੀਂ ਚੁੱਕਿਆ।