ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੰਸਦੀ ਬੋਰਡ ਅਤੇ ਚੋਣ ਆਬਜ਼ਰਵਰਾਂ ਦੀ ਮੀਟਿੰਗ ਹੋਈ ਜਿਸ ਚ ਕਈ ਮਹੱਤਵਪੂਰਨ ਗੱਲਾਂ ਤੇ ਚਰਚਾ ਹੋਈ. ਮੀਟਿੰਗ ਮਗਰੋਂ ਪ੍ਰੈਸ ਕਾਨਫਰੰਸ ਕਰਦਿਆਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਨੇ ਲੁਧਿਆਣਾ ‘ਚ ਵਾਪਰੀ ਮਸਜਿਦ ਵਾਲੀ ਘਟਨਾ ਅਤੇ ਅੰਮ੍ਰਿਤਸਰ ਚ ਮੰਦਿਰ ਵਾਲੀ ਘਟਨਾ ਬਾਰੇ ਬੋਲਦਿਆਂ ਕਿਹਾ ਕੇ ਪੰਜਾਬੀਆਂ ਦਾ ਪੰਜਾਬ ਐ ਉਹ ਬੇਸ਼ੱਕ ਜਿਹੜੇ ਮਰਜ਼ੀ ਧਰਮ ਦੇ ਹੋਣ ਅਤੇ ਇਸ ਪਵਿੱਤਰ ਧਰਤੀ ‘ਤੇ ਮਸੀਤ ਦਾ ਝਗੜਾ ਹੋ ਜਾਵੇ ਜਾ ਮੰਦਰ ਤੇ ਹਮਲਾ ਹੋ ਜਾਵੇ ਤਾਂ ਸਮਝੋ ਕੇ ਇਹ ਕਿਸੇ ਦੀ ਸਾਜ਼ਿਸ਼ ਹੈ।
ਇਸਦੇ ਪਿੱਛੇ ਏਜੰਸੀਆਂ ਦੇ ਹੱਥ ਹਨ। ਅਸੀਂ ਸੂਬਾ ਸਰਕਾਰ ਨੂੰ ਅਪੀਲ ਕਰਦੇ ਆਂ ਕੇ ਇਹ ਪੂਰਾ ਪਲੈਨ ਐ ਕਿ ਪੰਜਾਬ ਨੂੰ ਕਿਵੇਂ ਉਜਾੜਨਾ ਹੈ। ਤੁਸੀਂ ਬੈਠ ਕੇ ਤਮਾਸ਼ਾ ਨਾ ਦੇਖੋ, ਕੀਤੇ ਇਹ ਨਾ ਹੋ ਜਾਵੇ ਕੇ ਦੇਸ਼ ਦੇ ਦੁਬਾਰਾ ਫੇਰ ਤੋਂ ਟੁਕੜੇ ਹੋ ਜਾਣ। ਨਾਲ ਹੀ ਉਹਨਾਂ ਨੇ ਪੰਜਾਬ ਦੀ ਆਜ਼ਾਦੀ ‘ਚ ਪੰਜਾਬੀਆਂ ਅਤੇ ਸਿੱਖਾਂ ਦੇ ਯੋਗਦਾਨ ਦੀ ਗੱਲ ਕੀਤੀ ਕਿਹਾ ਕਿ ਆਪਣੇ ਧਰਮ ਨੂੰ ਪੜ੍ਹੋ ਅਤੇ ਸਭ ਦਾ ਮਾਨ ਸਨਮਾਨ ਕਰੋ।
ਫੇਰ ਡਾਕਟਰ ਦਲਜੀਤ ਚੀਮਾ ਨੇ ਭਲਕੇ ਭਰਤੀ ਸ਼ੁਰੂ ਕਰਨ ਵਾਲੇ ਮਨਪ੍ਰੀਤ ਇਯਾਲੀ ਦੇ ਬਿਆਨ ਨੂੰ ਆੜੇ ਹੱਥੀਂ ਲੈ ਲਿਆ ਅਤੇ ਕਿਹਾ ਕਿ ਕੱਲ੍ਹ ਪੰਜਾਬ ਦੀ ਜਨਤਾ ਨਾਲ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੁਝ ਕੁ ਲੋਕਾਂ ਵੱਲੋਂ ਧੋਖਾ ਕੀਤਾ ਗਿਆ ਹੈ। ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਅਤੇ ਭਲਕੇ ਜਿਹੜਾ ਮਾੜਾ ਕੰਮ ਹੋਣ ਲੱਗਿਆ ਉਹ ਗੁਮਰਾਹਕੁੰਨ ਕੰਮ ਹੈ ਅਤੇ ਪਵਿੱਤਰ ਧਰਤੀ ਤੇ ਨਹੀਂ ਕਰਨਾ ਚਾਹੀਦਾ।
ਇਆਲੀ ਵੱਲੋਂ ਸਾਂਝਾ ਕੀਤਾ ਭਰਤੀ ਦਾ ਫਾਰਮ ਦਿਖਾਉਂਦਿਆਂ ਉਹਨਾਂ ਕਿਹਾ ਕੇ ਇਹ ਫਾਰਮ ਤੇ ਲੀਡਰ ਐਲਾਨ ਕਰ ਰਹੇ ਨੇ ਕੇ SAD ਦੀ ਭਰਤੀ ਹੋ ਰਹੀ ਹੈ ਪਰ ਫਾਰਮ ਤੇ ਸ਼੍ਰੋਮਣੀ ਅਕਾਲੀ ਦਲ ਪੂਰਾ ਸ਼ਬਦ ਹੀ ਨਹੀਂ ਹੈ. ਮੈਂਬਰਸ਼ਿਪ ਅਕਾਲੀ ਦਲ ਲਿਖਿਆ ਹੋਇਆ ਹੈ ਅਤੇ ਇਹ ਪਾਰਟੀ ਕਦੋਂ ਬਣੀ, ਕਦੋਂ ਰਜਿਸਟਰ ਹੋਈ, ਕਿੱਥੇ ਬਣੀ, ਕਦੋਂ ਇਸਦਾ ਵਿਧਾਨ ਪਾਸ ਕੀਤਾ ਗਿਆ ਇਹ ਦੱਸੋ?
ਫਾਰਮ ਤੇ ਦਫਤਰ ਦਾ ਪਤਾ ਤੇ ਨੰਬਰ ਨੀ ਹੈ, ਲੋਕਾਂ ਤੋਂ ਆਧਾਰ ਕਾਰਡ ਸਮੇਤ ਸਾਰੀ ਜਾਣਕਾਰੀ ਮੰਗਦੇ ਨੇ ਪਰ ਆਪ ਕੁਝ ਨਹੀਂ ਦੱਸਿਆ, ਨਾ ਪਾਰਟੀ ਦੜਾ ਦਫਤਰ ਦਾ ਪਤਾ ਤੇ ਨਾ ਹੀ ਕੋਈ ਨੰਬਰ . ਉਹਨਾਂ ਪੁੱਛਿਆ ਕਿ ਜਿਹੜਾ ਪੈਸੇ ਇਕੱਠਾ ਕਰਨਾ ਹੈ ਉਹ ਕਿਸ ਖਾਤੇ ‘ਚ ਜਾਵੇਗਾ? ਉਹਨਾਂ ਕਿਹਾ ਕੇ ਪਰਚੀ ਥੱਲੇ ਲਿਖ ਦਿੱਤਾ ਕਿ 5 ਮੈਂਬਰੀ ਭਰਤੀ ਕਮੇਟੀ, ਇਹ ਕਿਸ ਨੇ ਬਣਾਈ ਹੈ, ਇਹ ਵੀ ਦੱਸੋ?
ਉਹਨਾਂ ਕਿਹਾ ਕੇ ਤੁਹਾਡੇ ਇਸੇ ਵਤੀਰੇ ਕਰਕੇ 2 ਟਾਪ ਦੇ ਮੈਂਬਰ 7 ਮੈਂਬਰੀ ਕਮੇਟੀ ਛੱਡ ਗਏ. ਉਹਨਾਂ ਕਿਹਾ ਕਿ ਅਸੀਂ ਇਕੱਠੇ ਹੋ ਕੇ ਅਕਾਲ ਤਖ਼ਤ ਸਾਹਿਬ ਸਾਰੇ ਸਬੂਤ ਅਤੇ ਦਸਤਾਵੇਜ ਲੈਕੇ ਗਏ ਸੀ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਪ੍ਰਵਾਨ ਕਰ ਲਿਆ ਪਰ ਬੇਨਤੀ ਹੈ ਕੇ ਦੇਸ਼ ਦੇ ਕਾਨੂੰਨ ਕਰਕੇ ਸਾਡੀ ਮਾਨਤਾ ਰੱਦ ਹੋ ਸਕਦੀ ਹੈ।
ਉਹਨਾਂ ਕਿਹਾ ਕੇ ਫੇਰ ਸਿੰਘ ਸਾਬ ਨੇ ਸਾਡੀ ਗੱਲ ਸਮਝ ਕੇ ਕਿਹਾ ਸੀ ਕੇ ਵਰਕਿੰਗ ਕਮੇਟੀ ਭਰਤੀ ਵਾਲਾ ਇਹ ਕੰਮ ਕਰ ਲਵੇ। ਉਹਨਾਂ ਇਯਾਲੀ ਧੜ੍ਹੇ ਨੂੰ ਕਿਹਾ ਕਿ ਅਸੀਂ ਅਕਾਲ ਤਖ਼ਤ ਤੋਂ ਨਹੀਂ ਭੱਜੇ ਸਗੋਂ ਇਹ ਤਾਂ ਜੰਮਣ ਤੋਂ ਪਹਿਲਾਂ ਹੀ ਭੱਜ ਗਏ। ਉਹਨਾਂ ਇਸ ਪਿੱਛੇ ਦਿੱਲੀ ਦੀਆਂ ਸ਼ਕਤੀਆਂ ਦੀ ਸ਼ਮੂਲੀਅਤ ਦੀ ਗੱਲ ਵੀ ਕੀਤੀ। ਅਖੀਰ ਚ ਉਹਨਾਂ ਕਿਹਾ ਕਿ ਤੁਸੀਂ ਇਹ ਤਰਾਂ ਦੀ ਜਾਅਲਸਾਜ਼ੀ ਅਤੇ 2 ਨੰਬਰ ਦਾ ਕੰਮ ਦਰਬਾਰ ਸਾਹਿਬ ਤੋਂ ਦੂਰ ਜਾ ਕੇ ਕਰੋ, ਕਿਰਪਾ ਕਰਕੇ ਇਸ ਧਰਤੀ ਤੇ ਇਹ ਸਭ ਨਾ ਕਰੋ।
ਇਸਦੇ ਨਾਲ ਹੀ ਮਜੀਠੀਆ ਦੀ ਨਾਰਾਜਗੀ ਵਾਲੇ ਸਵਾਲ ਤੇ ਬਲਵਿੰਦਰ ਭੂੰਦੜ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਡੇ ਨਾਲ ਕੋਈ ਨਾਰਾਜ਼ ਨਹੀਂ ਹੈ, ਮੈਂ ਪਹਿਲਾਂ ਵੀ ਅਜਿਹੇ ਮਸਲੇ ਨਿਬੇੜੇ ਨੇ ਅਤੇ ਕਿਸੇ ਨੂੰ ਪਾਰਟੀ ‘ਚੋਂ ਕੱਢ ਕੇ ਨਹੀਂ ਸਗੋਂ ਬੈਠ ਕੇ ਚਰਚਾ ਕਰਕੇ ਨਿਬੇੜੇ ਨੇ, ਰਿਕਾਰਡ ਕੱਢ ਕੇ ਦੇਖ ਲਓ. ਸੋ ਸਾਡੇ ‘ਚ ਅਜੇ ਵੀ ਏਕਾ ਹੈ।