Punjab

ਅਕਾਲੀ ਦਲ ਦੇ ਬਾਗ਼ੀ ਵਿਧਾਇਕ ਮਨਪ੍ਰੀਤ ਇਯਾਲੀ ਦਾ ਵੱਡਾ ਐਲਾਨ,ਇਸ ਵਾਰ ਆਰ-ਪਾਰ ਦੇ ਮੂਡ ‘ਚ

ਦਾਖ਼ਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਵਿਰਸਾ ਸਿੰਘ ਵਲਟੋਹਾ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ

ਦ ਖ਼ਾਲਸ ਬਿਊਰੋ : ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਵਿੱਚ ਸਭ ਤੋਂ ਪਹਿਲਾਂ ਬਗਾਵਤ ਦਾ ਝੰਡਾ ਚੁੱਕਣ ਵਾਲੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਯਾਲੀ ਹੁਣ ਆਰ-ਪਾਰ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵਿਰਸਾ ਸਿੰਘ ਵਲਟੋਹਾ ਦੇ ਇਲਜ਼ਾਮਾਂ ‘ਤੇ ਹੁਣ ਉਨ੍ਹਾਂ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਵਲਟੋਹਾ ਨੇ ਇਲਜ਼ਾਮ ਲਗਾਇਆ ਸੀ ਕਿ ਇਯਾਲੀ ਦਿੱਲੀ ਵਿੱਚ ਮਨਜਿੰਦਰ ਸਿਰਸਾ ਨੂੰ ਮਿਲੇ ਅਤੇ ਉਹ ਬੀਜੇਪੀ ਦੇ ਇਸ਼ਾਰੇ ‘ਤੇ ਅਕਾਲੀ ਦਲ ਨੂੰ ਕਮਜੋ਼ਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੰਨਾਂ ਇਲਜ਼ਾਮਾਂ ਦਾ ਇਯਾਲੀ ਨੇ ਵਲਟੋਹਾ ਨੂੰ ਤਗੜਾ ਜਵਾਬ ਦਿੱਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ

ਮਨਪ੍ਰੀਤ ਇਯਾਲੀ ਦਾ ਵਲਟੋਹਾ ਨੂੰ ਜਵਾਬ

ਮਨਪ੍ਰੀਤ ਇਯਾਲੀ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ਦੇ ਜ਼ਰੀਏ ਜਵਾਬ ਦਿੰਦੇ ਵਿਰਸਾ ਸਿੰਘ ਵਲਟੋਹਾ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਮਨਜਿੰਦਰ ਸਿੰਘ ਸਿਰਸਾ ਨਾਲ ਮੀਟਿੰਗ ਸਾਬਿਤ ਕਰਕੇ ਵਿਖਾ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ । ਉਨ੍ਹਾਂ ਨੇ ਕਿਹਾ ਮੇਰੀ ਜਿਹੜੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਹੈ ਉਹ ਚਾਰ ਸਾਲ ਪੁਰਾਣੀ ਹੈ ਜਦੋਂ ਸਿਰਸਾ ਪਾਰਟੀ ਦੇ ਮੈਂਬਰ ਸਨ। ਇਯਾਲੀ ਨੇ ਰਾਸ਼ਟਰਪਤੀ ਚੋਣਾਂ ਵਿੱਚ NDA ਉਮੀਦਵਾਰ ਦਾ ਇਸ ਲਈ ਬਾਇਕਾਟ ਕੀਤਾ ਸੀ ਕਿਉਂਕਿ ਅਕਾਲੀ ਦਲ ਨੇ ਬੀਜੇਪੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਫੈਸਲਾ ਲਿਆ ਸੀ ।

ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ

8 ਅਗਸਤ ਨੂੰ ਰਵੀਕਰਣ ਸਿੰਘ ਕਾਹਲੋਂ ਦੀ ਰਿਹਾਇਸ਼ ‘ਤੇ ਅਕਾਲੀ ਦਲ ਦੇ ਦਿੱਗਜ ਆਗੂ ਜੁੱਟੇ ਸਨ ਇਸ ਵਿੱਚ ਸੁਖਬੀਰ ਬਾਦਲ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕਣ ਵਾਲੇ ਮਨਪ੍ਰੀਤ ਇਯਾਲੀ,ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਬਰਾੜ,ਚਰਨਜੀਤ ਸਿੰਘ ਅਟਵਾਲ,ਗੁਰਪ੍ਰਤਾਪ ਸਿੰਘ ਵਡਾਲਾ, ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ SGPC ਦੇ ਸੀਨੀਅਰ ਆਗੂ ਸ਼ਾਮਲ ਸਨ। ਇਸ ਮੀਟਿੰਗ ਤੋਂ ਬਾਅਦ ਹੀ ਸੁਖਬੀਰ ਬਾਦਲ ਨੇ ਵੀ ਅਟੈਕਿੰਗ ਰਣਨੀਤੀ ਦੇ ਜ਼ਰੀਏ ਬਾਗੀਆਂ ਨੂੰ ਨਿਪਟਾਉਣ ਦਾ ਫੈਸਲਾ ਕੀਤਾ ਹੈ ਅਤੇ ਉਸੇ ਦਿਨ ਹੀ ਉਨ੍ਹਾਂ ਵੱਲੋਂ ਅਨੁਸ਼ਾਸਨਿਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ, ਕਮੇਟੀ ਦਾ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੂੰ ਬਣਾਇਆ ਗਿਆ ਸੀ।

ਇਸ ਵਜ੍ਹਾ ਨਾਲ ਮਲੂਕਾ ਬਣੇ ਚੇਅਰਮੈਨ

ਸੁਖਬੀਰ ਬਾਦਲ ਨੇ ਅਨੁਸ਼ਾਸਨਿਕ ਕਮੇਟੀ ਦਾ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੂੰ ਬਣਾਇਆ ਗਿਆ ਹੈ। ਮਲੂਕਾ ਸੁਖਬੀਰ ਬਾਦਲ ਖਿਲਾਫ਼ ਸਿੱਧੀ ਬਗਾਵਤ ਕਰਨ ਵਾਲੇ ਜਗਮੀਤ ਬਰਾੜ ਦੇ ਧੁਰ ਵਿਰੋਧੀ ਨੇ ਇਸੇ ਲਈ ਸੁਖਬੀਰ ਬਾਦਲ ਨੇ ਉਨ੍ਹਾ ਨੂੰ ਹੀ ਕਮੇਟੀ ਦੀ ਕਮਾਨ ਸੌਂਪੀ ਹੈ। ਇਸ ਤੋਂ ਇਲਾਵਾ ਸੁਖਬੀਰ ਦੇ ਨਜ਼ਦੀਕੀ ਸ਼ਰਣਜੀਤ ਸਿੰਘ ਢਿੱਲੋਂ,ਵਿਰਸਾ ਸਿੰਘ ਵਲਟੋਹਾ,ਮਨਤਾਰ ਬਰਾੜ ਅਤੇ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਸਿਕੰਦਰ ਸਿੰਘ ਮਲੂਕਾ

ਕਮੇਟੀ ਬਣਾਉਣ ਤੋਂ ਬਾਅਦ ਅਕਾਲੀ ਦਲ ਨੇ ਬਿਆਨ ਵੀ ਜਾਰੀ ਕਰਦੇ ਹੋਏ ਕਿਹਾ ਸੀ ਕਿ ‘ਪਾਰਟੀ ਨੂੰ ਮਜਬੂਤ ਕਰਨ ਦੇ ਲਈ ਹਰ ਸੁਝਾਅ ਦਾ ਸਿਰਫ਼ ਪਾਰਟੀ ਪਲੇਟਫਾਰਮ ‘ਤੇ ਸੁਆਗਤ ਹੈ। ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਅਜਿਹਾ ਕੋਈ ਵੀ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਪਾਰਟੀ,ਪੰਥ ਅਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੋਵੇ’, ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੂੰ ਹੋਰ ਮਜ਼ਬੂਤੀ ਮਿਲੀ ਹੈ ਅਤੇ ਬਾਗ਼ੀਆਂ ਦੇ ਖਿਲਾਫ਼ ਉਹ ਬਿਹਤਰ ਰਣਨੀਤੀ ਨਾਲ ਦੋ-ਦੋ ਹੱਥ ਕਰ ਸਕਦੇ ਹਨ।