The Khalas Tv Blog Punjab ਮਾਨ ਨੇ ਜਲੰਧਰ ਲਈ ਕੀਤੇ ਕਈ ਐਲਾਨ, ਵਿਰੋਧੀਆਂ ‘ਤੇ ਲਾਇਆ ਕੋਈ ਵੀ ਕੰਮ ਨਾ ਕਰਨ ਦਾ ਇਲਜ਼ਾਮ
Punjab

ਮਾਨ ਨੇ ਜਲੰਧਰ ਲਈ ਕੀਤੇ ਕਈ ਐਲਾਨ, ਵਿਰੋਧੀਆਂ ‘ਤੇ ਲਾਇਆ ਕੋਈ ਵੀ ਕੰਮ ਨਾ ਕਰਨ ਦਾ ਇਲਜ਼ਾਮ

ਜਲੰਧਰ :  “ਵੇਰਕਾ ਨੂੰ ਪੰਜਾਬ ਦਾ ਕਮਾਊ ਪੁੱਤ ਬਣਾਇਆ ਜਾਵੇਗਾ ਤੇ ਕਿਸਾਨਾਂ ਨੂੰ ਸਹਾਇਕ ਧੰਦਿਆ ਨਾਲ ਜੋੜਿਆ ਜਾਵੇ ਤਾਂ ਜੋ ਉਸ ਨੂੰ ਹੋਰ ਪਾਸਿਉਂ ਵੀ ਆਮਦਨ ਆ ਸਕੇ”।  ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਰੱਖੇ ਹਨ। ਉਹਨਾਂ ਅੱਜ ਜਲੰਧਰ ਵਿੱਚ ਵਰਚੁਅਲ ਤਰੀਕੇ ਨਾਲ ਵੇਰਕਾ ਮਿਲਕ ਪਲਾਂਟ ਦਾ ਉਦਘਾਟਨ ਕੀਤਾ ਹੈ।

ਉਹਨਾਂ ਇਹ ਵੀ ਕਿਹਾ ਕਿ ਖੇਤੀ ਤੋਂ ਬਾਅਦ ਕਿਸਾਨ ਲਈ ਡੇਅਰੀ ਸਭ ਤੋਂ ਵਧੀਆ ਧੰਧਾ ਹੈ। ਇਸ ਲਈ ਵੇਰਕਾ ਨੂੰ ਹੋਰ ਤਕੜਾ ਕੀਤਾ ਜਾਵੇਗਾ। ਜਲੰਧਰ ਵਿੱਚ 84 ਕਰੋੜ ਰੁਪਏ ਦਾ ਪ੍ਰੋਸੈਸਿੰਗ ਪਲਾਂਟ ਲਗੇਗਾ ਤੇ ਇਥੇ ਸਵਾ ਲੱਖ ਲੀਟਰ ਦੁੱਧ ਆਵੇਗਾ,ਜਿਸ ਤੋਂ ਰੋਜ ਦੁਧ ਤੇ ਦਹੀਂ ਬਣੇਗਾ,ਜਿਸ ਨੂੰ ਹਿਮਾਚਲ,ਦਿੱਲੀ ਤੇ ਹੋਰ ਸਾਰੇ ਦੇਸ਼  ਵਿੱਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਦਿੱਲੀ ਵਿੱਚ ਵੇਰਕਾ ਦਾ ਦਫਤਰ ਵੀ ਖੋਲਿਆ ਜਾਵੇਗਾ।

ਮਾਨ ਨੇ ਇਹ ਵੀ ਕਿਹਾ ਹੈ ਕਿ ਪਹਿਲਾਂ ਲੁਧਿਆਣਾ ਤੇ ਫਿਰੋਜ਼ਪੁਰ ਵਿੱਚ ਪਲਾਂਟ ਲਾਇਆ ਗਿਆ ਹੈ ਤੇ ਹੁਣ ਜਲੰਧਰ ਤੇ ਇਸ ਤੋਂ ਬਾਅਦ ਅਗਲਾ ਪਲਾਂਟ ਅੰਮ੍ਰਿਤਸਰ ਵਿੱਚ ਲਗੇਗਾ ਤੇ ਪੰਜਾਬ ਦੇ ਦੁੱਧ ਨੂੰ ਦੇਸ਼ ਵਿਦੇਸ਼ ਵਿੱਚ ਪਹੁੰਚਾਇਆ ਜਾਵੇਗਾ ,ਜਿਸ ਨਾਲ ਲੋਕਲ ਉਤਪਾਦਕਾਂ ਨੂੰ ਫਾਇਦਾ ਹੋਵੇਗਾ।

ਮਾਨ  ਨੇ ਆਪਣੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਵੀ ਸਰਾਹਿਆ ਤੇ ਕਿਹਾ ਕਿ ਇਸ ਵਾਰ ਜਨਤਾ ‘ਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਹੈ ਸਗੋਂ ਪਿਛਲੀਆਂ ਸਰਕਰਾਂ ਦਾ ਕਰਜ਼ਾ ਵੀ ਲਾਹਿਆ ਗਿਆ ਹੈ।

ਮਾਨ ਨੇ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਗੱਲ ਵੀ ਗੱਲ ਕੀਤੀ ਤੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਨਿਗੁਣੀ ਸਹਾਇਤਾ ਦਾ ਐਲਾਨ ਕੀਤਾ ਜਾਂਦਾ ਸੀ,54 ਰੁਪਏ,112 ਰੁਪਏ ਦੇ ਚੈਕ ਦੇ ਕੇ ਉਹਨਾਂ ਦੇ ਜ਼ਖਮਾਂ ‘ਤੇ ਲੂਣ ਪਾਇਆ ਜਾਂਦਾ ਸੀ ਪਰ ਹੁਣ ਮਾਨ ਸਰਕਾਰ ਇੱਕ ਹਫਤੇ,ਦੱਸ ਦਿਨਾਂ ਵਿੱਚ ਗਿਰਦਾਵਰੀ ਕਰਵਾਵੇਗੀ ਤੇ 15 ਹਜ਼ਾਰ ਇੱਕ ਏਕੜ ਵਿੱਚ  75 ਤੋਂ 100 ਫੀਸਦੀ ਖਰਾਬ ਹੋਈ ਫਸਲ ਲਈ ਦਿੱਤਾ ਜਾਵੇਗਾ।ਵਿਸਾਖੀ ਤੋਂ ਪਹਿਲਾਂ ਪਹਿਲਾਂ ਸਾਰੇ ਕਿਸਾਨਾਂ ਦੇ ਖਾਤੇ ਵਿੱਚ ਰਕਮ ਆ ਜਾਵੇਗੀ।

ਮਾਨ ਨੇ ਇਹ ਵੀ ਦੱਸਿਆ ਹੈ ਕਿ ਇਸ ਵਾਰ ਗਿਰਦਾਵਰੀ ਕਰਨ ਦੇ ਤਰੀਕੇ ਵੀ ਬਦਲੇ ਗਏ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਗਿਰਦਾਵਰੀ ਕਰਨ ਵਾਲਾ ਅਫਸਰ ਪਿੰਡ ਵਿੱਚ ਸਾਂਝੀ ਥਾਂ ‘ਤੇ ਬੈਠ ਕੇ ਆਪਣੀ ਕਾਰਵਾਈ ਕਰੇਗਾ। ਕਿਸੇ ਦੇ ਘਰ ਵਿੱਚ ਬੈਠ ਕੇ ਗਿਰਦਾਵਰੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਗਿਰਦਾਵਰੀ ਕਰਨ ਤੋਂ ਪਹਿਲਾਂ ਪਿੰਡ ਵਿੱਚ ਅਨਾਊਂਸਮੈਂਟ ਕੀਤੀ ਜਾਵੇਗੀ ।

ਮੁੱਖ ਮੰਤਰੀ ਮਾਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਪਹਿਲਾਂ ਲਾਪਰਵਾਹੀ ਨਾਲ ਇਹ ਹੁੰਦਾ ਸੀ ਕਿ ਦਫਤਰਾਂ ਵਿੱਚ ਬੈਠ ਕੇ ਕੰਮ ਨਬੇੜ ਦਿੱਤਾ ਜਾਂਦਾ ਸੀ ਤੇ  ਠੇਕੇ ‘ਤੇ ਜ਼ਮੀਨ ਲੈ ਕੇ  ਕਾਸ਼ਤ ਕਰਨ ਵਾਲੇ ਨੂੰ ਕੁਝ ਨਹੀਂ ਸੀ ਮਿਲਦਾ,ਅਸਲ ਜ਼ਮੀਨ ਮਾਲਕ ਠੇਕਾ ਤੇ ਮੁਆਵਜ਼ਾ ਦੋਨੋਂ ਲੈ ਜਾਂਦੇ ਸੀ ਪਰ ਇਸ ਵਾਰ ਮੁਆਵਜ਼ਾ ਨੁਕਸਾਨੀ ਫ਼ਸਲ ਵਾਲੀ ਜ਼ਮੀਨ ‘ਤੇ ਕਾਸ਼ਤ ਕਰਨ ਵਾਲੇ ਨੂੰ ਮਿਲੇਗਾ,ਨਾ ਕਿ ਜ਼ਮੀਨ ਮਾਲਕ ਨੂੰ।

ਕੋਆਪਰੇਟਿਵ ਬੈਕਾਂ ਦੀਆਂ ਲਿਮਟਾਂ ਬਾਰੇ ਵੀ ਮਾਨ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਦੀ ਕਿਸ਼ਤ ਕਿਸਾਨਾਂ ਨੂੰ ਦੇਣ ਦੀ ਲੋੜ ਨਹੀਂ।ਸਰਕਾਰ ਵਲੋਂ ਇਹ ਕਿਸ਼ਤ ਫਰੀਜ਼ ਕਰ ਦਿੱਤੀ ਗਈ ਹੈ ਤੇ ਇਸ ‘ਤੇ ਕੋਈ ਵੀ ਵਿਆਜ਼ ਨਹੀਂ ਲਗੇਗਾ। ਅੱਗੇ ਜਾ ਕੇ ਇਸ ਬਾਰੇ ਗੱਲ ਕੀਤੀ ਜਾਵੇਗੀ।

ਮਾਨ ਨੇ ਆਪਣੀ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਗਿਣਵਾਈਆਂ ਤੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੀ ਹਾਲਤ ਵੀ ਸੁਧਰੀ ਹੈ। ਪਹਿਲਾਂ ਵਾਲੇ ਸਕੂਲਾਂ ਵਿੱਚ ਹਾਲਾਤ ਮਾੜੇ ਹੁੰਦੇ ਸੀ ਤੇ ਮਾਂ-ਬਾਪ ਨੂੰ ਮਜਬੂਰੀ ਵਿੱਚ ਬੱਚਿਆਂ ਨੂੰ ਉਥੇ ਪੜਾਉਣਾ ਪੈਂਦਾ ਸੀ ਪਰ ਹੁਣ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਇੱਕ ਜਿਹੀ ਪੜਾਈ ਹੋਵੇਗੀ।

ਦਿੱਲੀ ਸਰਕਾਰ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਸੰਨ 2015 ਨੂੰ ਅਰਵਿੰਦ ਕੇਜਰੀਵਾਲ ਨੇ ਉਥੇ ਸਹੁੰ ਚੁਕੀ ਸੀ ਤੇ ਮਨੀਸ਼ ਸਿਸੋਦੀਆ ਨਾਲ ਮਿਲ ਕੇ ਸਰਕਾਰੀ ਸਕੂਲਾਂ ਦਾ ਪੱਧਰ ਇਥੇ ਤੱਕ ਲੈ ਆਉਂਦਾ ਹੈ ਕਿ ਹੁਣ ਉਹਨਾਂ ਨੂੰ ਵਿਦੇਸ਼ੀ ਦੇਖਣ ਆਉਂਦੇ ਹਨ।

ਮਾਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਿੱਧਾ ਨਾਂ ਲਿਆ ਤੇ ਕਿਹਾ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਕੇਜਰੀਵਾਲ ਦੀ ਇਸ ਪ੍ਰਾਪਤੀ ਨੂੰ ਲੋਕ ਨਾ ਦੇਖਣ ਪਰ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਨੇ ਇਸ ਨੂੰ ਦੇਖਣ ਦੀ ਦ੍ਰਿੜ ਇੱਛਾ ਪ੍ਰਗਟਾਈ ਤਾਂ ਉਹਨਾਂ ਨੂੰ ਕੇਜ਼ਰੀਵਾਲ ਨੂੰ ਬੇਨਤੀ ਕਰਨੀ ਪਈ ਸੀ।ਪੰਜਾਬ ਦੇ ਸਕੂਲਾਂ ਦਾ ਪੱਧਰ ਵੀ ਇਹੋ ਜਿਹਾ ਕੀਤਾ ਜਾਵੇਗਾ।

ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਹੋਏ ਮਾਨ ਨੇ  ਦਾਅਵਾ ਕੀਤਾ ਹੈ ਕਿ ਹੁਣ ਤੱਕ 15 ਲੱਖ ਲੋਕ ਇਥੇ ਇਲਾਜ਼ ਕਰਵਾ ਚੁੱਕੇ ਹਨ ਤੇ ਇਸ ਤੋਂ ਇਲਾਵਾ ਹੁਣ ਬਿਜਲੀ ਦੇ ਬਿੱਲ ਵੀ ਸਿਫਰ ਆਉਂਦੇ ਹਨ।

ਜਲੰਧਰ ਸ਼ਹਿਰ ਨੂੰ ਚਮਕਾਉਣ ਦੀ ਗੱਲ ਵੀ ਮੁੱਖ ਮੰਤਰੀ ਮਾਨ ਨੇ ਕੀਤੀ ਹੈ ਤੇ ਕਿਹਾ ਹੈ ਕਿ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਤਰੱਕੀ ਦਾ ਪੱਧਰ ਵਧਾਇਆ ਜਾਵੇਗਾ। ਜਲੰਧਰ ਵਿੱਚ  ਖੇਡ ਇੰਡਸਟਰੀ ਨੂੰ ਹੋਰ ਅੱਗੇ ਲੈ ਕੇ ਜਾਇਆ ਜਾਵੇਗਾ ਤੇ ਸਪੋਰਟਸ ਦੇ ਸਰਜੀਕਲ ਤੇ ਲੈਦਰ ਕੰਪਲੈਕਸ ਨੂੰ 7 ਕਰੋੜ ਦੀ ਲਾਗਤ ਨਾਲ ਅੱਪਡੇਟ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਹੁਣ ਤੱਕ ਉਹ 26797 ਸਰਕਾਰੀ ਨਿਯੁਕਤੀ ਪੱਤਰ ਵੰਡ ਚੁੱਕੇ ਹਨ ਤੇ 28 ਹਜ਼ਾਰ ਕਰਮੀਆਂ ਨੂੰ ਪੱਕਾ ਕੀਤਾ ਗਿਆ ਹੈ।ਅਦਾਲਤੀ ਅੜਚਣਾਂ ਨੂੰ ਦੂਰ ਕਰ ਕੇ ਹੋਰਨਾਂ ਨੂੰ ਵੀ ਪੱਕੇ ਕੀਤਾ ਜਾਵੇਗਾ।

ਮਾਨ ਨਾਲ-ਨਾਲ ਪਿਛਲੀਆਂ ਸਰਕਾਰਾਂ ‘ਤੇ ਵਰਦੇ ਰਹੇ ਤੇ ਕੋਈ ਕੰਮ ਨਾ ਕਰਨ ਦਾ ਇਲਜ਼ਾਮ ਵੀ ਲਗਾਇਆ।

Exit mobile version