‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਨੂੰ ਜਲੰਧਰ ਤੋਂ ਹਰੀ ਝੰਡੀ ਦੇ ਕੇ ਵੋਲਵੋ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ‘ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਵੀ ਮੌਜੂਦ ਹਨ।
ਇਸ ਮੌਕੇ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਹੋਏ ਕਿਹਾ ਕਿ ਪੰਜਾਬ ਵਿਧਾਨ ਸਭਾ ਦੌਰਾਨ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਅੱਜ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਪੂਰਾ ਕਰ ਰਹੀ ਹੈ। ਮਾਨ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚੋਂ ਹੋ ਰਹੀਆਂ ਲੁੱਟਾਂ ਨੂੰ ਬੰਦ ਕਰਾਂਗੇ। ਜਿਨਾਂ ਵਿੱਚੋਂ ਅੱਜ ਬੱਸ ਮਾਫੀਏ ਦੀ ਲੁੱਟ ਬੰਦ ਹੋਣ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ’ਚ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਬੱਸ ਮਾਫੀਆ ਦਾ ਗੱਠਜੋੜ ਤੋੜਿਆ ਹੈ ।
ਉਨ੍ਹਾਂ ਨੇ ਕਿਹਾ ਕਿ ਸਿਰਫ ਕੁਝ ਪਰਿਵਾਰਾਂ ਦੀ ਜੇਬ ਵਿਚ ਜਾਣ ਵਾਲਾ ਪੈਸਾ ਹੁਣ ਸਰਕਾਰੀ ਖਜ਼ਾਨੇ ’ਚ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ‘ਆਪ’ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਚੱਲਦੀ ਪ੍ਰਾਈਵੇਟ ਬੱਸ ਮਾਲਕਾਂ ਦੀ ਇਜਾਰੇਦਾਰੀ ਟੁੱਟੇਗੀ। ਮੁੱਖ ਮੰਤਰੀ ਮਾਨ ਨੇ ਰਵਾਇਤੀ ਪਾਰਟੀਆਂ ‘ਤੇ ਨਿਸ਼ਾਨੇ ਲਾਉਦਿਆਂ ਕਿਹਾ ਕਿ ਜਿਸ ਨੇ ਵੀ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਲੁੱਟਿਆ ਹੈ ਉਸਦਾ ਵੀ ਹਾਲੇ ਹਿਸਾਬ ਲੈਣਾ ਬਾਕੀ ਹੈ। ਮਾਨ ਨੇ ਕਿਹਾ ਕਿ ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਤੱਕ ਦਾ ਸਰਕਾਰੀ ਵੋਲਵੋ ਵਿਚ ਸਫ਼ਰ ਸਿਰਫ 830 ਰੁਪਏ ਵਿਚ ਪਏਗਾ ਜਦੋਂ ਕਿ ਵੱਡੇ ਘਰਾਣੇ ਦੀ ਬੱਸ ਕੰਪਨੀ ਵੱਲੋਂ ਇਹੋ ਕਰਾਇਆ 2500 ਰੁਪਏ ਵਸੂਲ ਕੀਤਾ ਜਾ ਰਿਹਾ ਸੀ। ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਤੱਕ ਦਾ ਸਰਕਾਰੀ ਵੋਲਵੋ ਦਾ ਕਰਾਇਆ 1300 ਰੁਪਏ ਹੋਵੇਗਾ ਜਦੋਂ ਕਿ ਪ੍ਰਾਈਵੇਟ ਦਾ ਕਰਾਇਆ 2500 ਰੁਪਏ ਹੈ।
ਉਨ੍ਹਾਂ ਨੇ ਕਿਹਾ ਕਿ ਏਅਰਕੰਡੀਸ਼ਨ ਵੋਲਵੋ ਦੀਆਂ ਸਰਕਾਰੀ ਬੱਸਾਂ ਵਿੱਚ ਸਹੂਲਤਾਂ ਪ੍ਰਾਈਵੇਟ ਬੱਸਾਂ ਨਾਲੋਂ ਵੱਧ ਹੋਣਗੀਆਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਡੇ ਸਿਆਸੀ ਘਰਾਣੇ ਦੀ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਚੱਲਦੀ ਪ੍ਰਾਈਵੇਟ ਟਰਾਂਸਪੋਰਟ ਨੂੰ ਸਭ ਤੋਂ ਵੱਡਾ ਧੱਕਾ ਲੱਗੇਗਾ ਅਤੇ ਇਸ ਨਾਲ ਸਭ ਤੋਂ ਵੱਧ ਫਾਈਦਾ ਐਨਆਰਆਈ ਨੂੰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਿਆਸੀ ਘਰਾਣਿਆਂ ਦੀ ਪ੍ਰਾਈਵੇਟ ਟਰਾਂਸਪੋਰਟ ਨੇ ਐਨਆਰਆਈ ਪੰਜਾਬੀਆਂ ਨੂੰ ਸਭ ਤੋਂ ਵੱਧ ਲੁੱਟਿਆ ਹੈ ਪਰ ਅੱਜ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਇਸ ਲੁੱਟ ਨੂੰ ਬੰਦ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਸਿਰਫ ਕੁਝ ਪਰਿਵਾਰਾਂ ਦੀ ਜੇਬ ਵਿਚ ਜਾਣ ਵਾਲਾ ਪੈਸਾ ਹੁਣ ਸਰਕਾਰੀ ਖਜ਼ਾਨੇ ’ਚ ਜਾਵੇਗਾ ਜੋ ਕਿ ਆਮ ਲੋਕਾਂ ਦੇ ਲਈ ਵਰਤਿਆ ਜਾਵੇਗਾ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰੈਲੀ ਨੂੰ ਸੰਬੋਧਨ ਕੀਤਾ ਤੇ ਵਿਰੋਧਿਆਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਆਪਣੀਆਂ ਬੱਸਾਂ ਚਲਾਉਂਦੀਆਂ ਸਨ ਲੋਕਾਂ ਦੀਆਂ ਜੇਬਾਂ ਤੋਂ ਲੁੱਟ ਦੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਚ ਇਮਾਨਦਾਰ ਸਰਕਾਰ ਹੈ ਤਾਂ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ। ਕੇਜਰੀਵਾਲ ਨੇ ਕਿਹਾ ਅੱਜ ਮਾਨ ਸਰਕਾਰ ਦੇ ਤਿੰਨ ਮਹੀਨੇ ਪੂਰੇ ਹੋਏ ਨੇ ਤੇ ਤਿੰਨ ਮਹੀਨੇ ਅੰਦਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਈ ਵੱਡੇ ਕੰਮ ਕੀਤੇ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤਿੰਨ ਮਹੀਨਿਆਂ ਦੇ ਅੰਦਰ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਹੈ। ਉਨ੍ਹਾਂ ਕਿਹਾ ਪਹਿਲਾਂ ਅਫ਼ਸਰਾਂ ਤੋਂ ਲੈ ਕੇ CM ਤੱਕ ਹਫ਼ਤਾ ਲਿਆ ਜਾਂਦਾ ਸੀ ਪਰ ਅੱਜ ਪੰਜਾਬ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਕਿ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਉੱਪਰ ਆਪਣੀ ਹੀ ਪਾਰਟੀ ਦੇ ਮੰਤਰੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਗਿਆ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤਿੰਨ ਮਹੀਨੇ ਦੇ ਵਿੱਚ ਪਿਛਲੇ 70 ਸਾਲਾਂ ਨਾਲੋਂ ਜ਼ਿਆਦਾ ਕੰਮ ਕੀਤਾ ਹੈ। ਪਹਿਲਾ ਟਰਾਂਸਫਰ ਪੋਸਟਿੰਗ ‘ਚ ਪੈਸਾ ਚੱਲਦਾ ਸੀ ਪਰ ਹੁਣ ਕੋਈ ਪੈਸਾ ਨਹੀਂ ਲੈਂਦਾ। ਉਨ੍ਹਾਂ ਕਿਹਾ ਕਿ 5500 ਏਕੜ ਸਰਕਾਰੀ ਜਮੀਨਾਂ ‘ਤੇ ਕਬਜੇ ਹਟਾਏ ਹਨ। ਸੂਬੇ ਵਿੱਚ 25 ਹਜਾਰ ਨੌਕਰੀਆਂ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸਿੱਖਿਆ ਮਾਫ਼ਿਆ ਖਤਮ ਕੀਤਾ ਤੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਰੋਧੀ ਕਨੂੰਨ- ਵਿਵਸਥਾ ਤੇ ਸਿਆਸਤ ਕਰ ਰਹੇ ਤੇ ਇਹ ਵੀ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਗੈਂਗਸਟਰ ਪੈਦਾ ਕੀਤੇ ਤੇ ਉਨ੍ਹਾਂ ਨੂੰ ਪਾਲਿਆ। ਉਨ੍ਹਾਂ ਕਿਹਾ ਹੁਣ ਗੈਂਗਸਟਰਾਂ ਨੂੰ ਸ਼ਹਿ ਦੇਣ ਵਾਲਾ ਸਰਕਾਰ ਚ ਕੋਈ ਨਹੀਂ ਹੈ ਤੇ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਵਾਂਗੇ।