Punjab

ਮਾਨ ਸਰਕਾਰ ਦਾ ਸੋਲਰ ਪਾਵਰ ਸਮਝੌਤਾ , CM ਮਾਨ ਨੇ ਕਿਹਾ “ਇਹ ਸਭ ਤੋਂ ਵੱਡਾ ਸਮਝੌਤਾ ਹੈ”

Mann Govt's Solar Power Agreement, CM Mann Says "This Is Biggest Agreement"

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਅਹਿਮ ਜਾਣਕਾਰੀ ਪੰਜਾਬ ਵਾਸੀਆਂ ਦੇ ਨਾਲ ਸਾਂਝੀ ਕੀਤੀ ਹੈ। ਸੀਐੱਮ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ਸਤਲੁਜ ਜਲ ਬਿਜਲੀ ਨਿਗਮ ਨਾਲ ਸਮਝੌਤਾ ਕੀਤਾ ਗਿਆ ਹੈ। ਇਹ ਸਮਝੌਤਾ ਇੱਕ ਹਜ਼ਾਰ ਮੈਗਾਵਾਟ ਦਾ ਹੈ। ਮਾਨ ਨੇ ਦਾਅਵਾ ਕੀਤਾ ਕਿ ਇਸ ਸਮਝੌਤੇ ਨਾਲ 431 ਕਰੋੜ ਰੁਪਏ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ 2.53 ਪੈਸੇ ਪ੍ਰਤੀ ਯੂਨਿਟ ਸਮਝੌਤਾ ਹੋਇਆ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਕੰਪਨੀ ਵੱਲੋਂ ਹੁਸ਼ਿਆਰਪੁਰ ਦੀਆਂ 200 ਯੂਨਿਟਾਂ ਲਈ 2.75 ਰੁਪਏ ਪ੍ਰਤੀ ਯੂਨਿਟ ਦੀ ਪੇਸ਼ਕਸ਼ ਕੀਤੀ ਗਈ ਸੀ। ਪਹਿਲੀ ਵਾਰ, ਕਾਊਂਟਰ ਬਿਡਿੰਗ ਲਈ ਸਵਿਸ ਚੈਲੇਂਜ ਵਿਧੀ ਲਾਗੂ ਕੀਤੀ ਗਈ ਹੈ। ਕੰਪਨੀ ਨੇ ਪਹਿਲਾਂ 2.59 ਰੁਪਏ ਪ੍ਰਤੀ ਯੂਨਿਟ ਬੋਲੀ ਲਗਾਈ ਸੀ, ਪਰ ਪੀਐਸਪੀਸੀਐਲ ਨੇ ਇਸ ਵਿੱਚ 6 ਪੈਸੇ ਦੀ ਕਟੌਤੀ ਕੀਤੀ।ਉਨ੍ਹਾਂ ਕਿਹਾ ਕਿ 1000 ਮੈਗਾਵਾਟ ਦੇ ਸੂਰਜੀ ਊਰਜਾ ਪਲਾਂਟ ‘ਤੇ ਇੱਕ ਪੈਸੇ ਦੀ ਬਚਤ ਕਰਕੇ 25 ਸਾਲਾਂ ਵਿੱਚ 64 ਕਰੋੜ 60 ਲੱਖ ਰੁਪਏ ਦੀ ਰਕਮ ਬਣਦੀ ਹੈ। ਜਦੋਂ ਕਿ ਜੇਕਰ ਸੂਬਾ ਸਰਕਾਰ ਛੇ ਪੈਸੇ ਘਟਾ ਦੇਵੇ ਤਾਂ 25 ਸਾਲਾਂ ਵਿੱਚ 387 ਕਰੋੜ ਰੁਪਏ ਦੀ ਬਚਤ ਹੋਵੇਗੀ।

ਮਾਨ ਨੇ ਦੱਸਿਆ ਕਿ ਕੁੱਲ 83 ਲੱਖ ਯੂਨਿਟ ਰੋਜ਼ਾਨਾ 202 ਰੁਪਏ 53 ਪੈਸੇ ਦੇ ਹਿਸਾਬ ਨਾਲ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਸਸਤੀ ਦਰ ’ਤੇ ਬਿਜਲੀ ਮਿਲਣ ਨਾਲ ਸਪਲਾਈ ’ਚ ਆਸਾਨੀ ਹੋਵੇਗੀ। ਪੀਐਸਪੀਸੀਐਲ ਨੇ ਖੇਤੀਬਾੜੀ ਸੈਕਟਰ ਵਿੱਚ ਟਿਊਬਵੈਲਾਂ ਨੂੰ ਵਧੇਰੇ ਬਿਜਲੀ ਪ੍ਰਦਾਨ ਕਰਨ ਲਈ ਭਾਰਤ ਅਤੇ ਪੰਜਾਬ ਪ੍ਰੋਜੈਕਟਾਂ ਲਈ 2500 ਮੈਗਾਵਾਟ ਦੇ ਸੋਲਰ ਪਲਾਂਟਾਂ ਲਈ ਹੋਰ ਟੈਂਡਰ ਵੀ ਜਾਰੀ ਕੀਤੇ ਹਨ।

ਮਾਨ ਨੇ ਅਪਰੈਲ 2007 ਤੋਂ ਮਾਰਚ 2017 ਤੱਕ ਅਕਾਲੀ ਸਰਕਾਰ ਵਿੱਚ ਹੋਏ ਬਿਜਲੀ ਸਮਝੌਤੇ ਨੂੰ ਦਿਖਾਉਂਦੇ ਹੋਏ ਕਿਹਾ ਕਿ ਇਸ ਦਾ ਰੇਟ 8.74 ਰੁਪਏ ਪ੍ਰਤੀ ਮੈਗਾਵਾਟ ਹੈ। ਕਿਤੇ ਇਹ 8.52 ਰੁਪਏ ਪ੍ਰਤੀ ਯੂਨਿਟ ਅਤੇ ਕਿਤੇ 7.67 ਰੁਪਏ ਪ੍ਰਤੀ ਯੂਨਿਟ ਹੈ। ਉਨ੍ਹਾਂ ਵੱਖ-ਵੱਖ ਕੰਪਨੀਆਂ ਦੇ ਨਾਂ ਵੀ ਦੱਸੇ। ਸਿਰਫ਼ ਇੱਕ ਥਾਂ ‘ਤੇ 4.82 ਰੁਪਏ ਪ੍ਰਤੀ ਯੂਨਿਟ ਅਤੇ 4.73 ਰੁਪਏ ਪ੍ਰਤੀ ਯੂਨਿਟ ਦਾ ਠੇਕਾ ਦੱਸਿਆ ਗਿਆ ਸੀ।

ਮਾਨ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਦਸ ਸਾਲਾ ਸਮਝੌਤੇ ਤਹਿਤ 951 ਮੈਗਾਵਾਟ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 2017 ਤੋਂ 2022 ਤੱਕ ਨਵਿਆਉਣ ਵਾਲੇ 700 ਮੈਗਾਵਾਟ ਬਿਜਲੀ ਸਮਝੌਤੇ ਨੂੰ ਵੀ ਮਹਿੰਗਾ ਕਰਾਰ ਦਿੱਤਾ ਗਿਆ। ਇਸ ਦੇ ਨਾਲ ਹੀ ਹੁਣ ਕੀਤੇ ਗਏ 2500 ਮੈਗਾਵਾਟ ਬਿਜਲੀ ਸਮਝੌਤੇ ਦੀ ਕੀਮਤ ਸਿਰਫ 2.33 ਰੁਪਏ ਤੋਂ 2.75 ਰੁਪਏ ਪ੍ਰਤੀ ਯੂਨਿਟ ਦੱਸੀ ਗਈ ਸੀ। ਉਨ੍ਹਾਂ ਕਿਹਾ ਕਿ ਹੋਰ ਰਾਜਾਂ ਨਾਲ ਸਸਤੇ ਸਮਝੌਤੇ ਕੀਤੇ ਗਏ ਹਨ। ਕੀਮਤ ਇਸ ਸਮਾਂ ਸੀਮਾ ਵਿੱਚ ਵੱਧ ਜਾਂ ਘੱਟ ਨਹੀਂ ਵਧੇਗੀ।

ਮਾਨ ਨੇ ਕਿਹਾ ਕਿ ਸੋਲਰ ਬਿਜਲੀ ਸਮਝੋਤੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਇੰਡਸਟਰੀ ਨੂੰ ਸਸਤੀ ਬਿਜਲੀ ਦੇਣ ‘ਚ ਕੰਮ ਰਹੀ ਹੈ। ਮਾਨ ਨੇ ਕਿਹਾ ਕਿ ਟਿਊਬਵੈੱਲਾਂ ਲਈ ਬਿਜਲੀ ਦੀ ਖਪਤ ਵੀ ਇਸੇ ਪ੍ਰੋਜੈਕਟ ਤੋਂ ਨਿਕਲੇਗੀ। ਮਾਨ ਨੇ ਕਿਹਾ ਕਿ ਇਸ ਸਮਝੋਤੇ ਵਿੱਚ 25 ਸਾਲਾਂ ਦੌਰਾਨ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਲ ਸਰੋਤ , ਸਿੰਚਾਈ ਅਤੇ ਨਹਿਰੀ ਵਿਭਾਗ ਨੂੰ ਇੱਕ ਕਰ ਰਹੇ ਹਾਂ।

ਮਾਨ ਨੇ ਕਿਹਾ ਕਿ ਸਰਕਾਰ ਜੋ ਵੀ ਸਕੀਮ ਲੋਕਾਂ ਲਈ ਲੈ ਕੇ ਆਉਂਦੀ ਹੈ ਉਸ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਾਰਦਰਸ਼ੀ ਦੀ ਰਾਜਨਿਤੀ ਕਰਦੀ ਹੈ ਅਤੇ ਹਰ ਸਕੀਮ ਲੋਕਾ ਤੱਕ ਪਹੁੰਚਾ ਰਹੀ ਹੈ। ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵਿੱਚ ਗੁਪਤ ਸਮਝੋਤੇ ਹੁੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਨੂੰ ਬੀਕਾਨੇਰ ਦੇ ਭੁਜ ਤੋਂ ਬਿਜਲੀ ਮਿਲੇਗੀ। ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵਿੱਚ ਗੁਪਤ ਫ਼ੈਸਲੇ ਹੁੰਦੇ ਸੀ।

ਹੜ੍ਹਾਂ ‘ਤੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹੈ। ਮਾਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਹਿਮਾਚਲ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਦਾ ਪਾਣੀ ਪੰਜਾਬ ਵੱਲ ਨੂੰ ਆਉਂਦਾ ਹੈ। ਭਾਖੜਾ ਡੈਮ ਦੀ ਸਥਿਤੀ ਬਾਰੇ ਦੱਸਦਿਆਂ ਮਾਨ ਨੇ ਕਿਹਾ ਕਿ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ ਜੋ ਕਿ ਹੁਣ 1676 ਫੁੱਟ ‘ਤੇ ਹੈ ਜੋ ਕਿ 4 ਫੁੱਟ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। 80 ਹਜ਼ਾਰ ਕਿਊਸਕ ਪਾਣੀ ਇਸ ਵਿੱਚੋਂ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਦਾ ਖਤਰੇ ਦਾ ਨਿਸ਼ਾਨ 1390 ਫੁੱਟ ਹੈ ਜੋ ਕਿ ਹੁਣ 1396 ‘ਤੇ ਚੱਲ ਰਿਹਾ ਹੈ।

ਮਲੇਸ਼ੀਆ ਵਿੱਚ ਫਸੀ ਕੁੜੀ ਬਾਰੇ ਮਾਨ ਨੇ ਕਿਹਾ ਕਿ ਇੱਕ ਦੋ ਦਿਨ ਵਿੱਚ ਉਸ ਕੁੜੀ ਨੂੰ ਭਾਰਤ ਲਿਆਂਦਾ ਜਾਵੇਗਾ। ਰਾਜਪਾਲ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਜੇਕਰ ਰਾਜਪਾਲ ਉਨ੍ਹਾਂ ਨੂੰ ਕੁਝ ਬੋਲਦੇ ਹਨ ਤਾਂ ਕੁਝ ਨਹੀਂ ਹੁੰਦਾ, ਇਹ ਸਾਡੇ ਬਜ਼ੁਰਗ ਹਨ, ਕੁਝ ਵੀ ਕਹਿ ਸਕਦੇ ਹਨ। ਦਰਅਸਲ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜ ਭਵਨ ਦੇ ਬਾਹਰ ਪਈਆਂ ਤੋਪਾਂ ਤੋਂ ਡਰ ਲੱਗਦਾ ਹੈ। ਸ੍ਰੀ ਪੁਰੋਹਿਤ ਨੇ 77ਵੇਂ ਆਜ਼ਾਦੀ ਦਿਹਾੜੇ ਦੀ ਸ਼ਾਮ ਰਾਜ ਭਵਨ ਵਿੱਚ ਰੱਖੇ ‘ਐਟ ਹੋਮ’ ਸਮਾਗਮ ’ਚ ਭਗਵੰਤ ਮਾਨ ਦੀ ਗੈਰਹਾਜ਼ਰੀ ’ਤੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਸਨ।