ਬਿਊਰੋ ਰਿਪੋਰਟ : ਬੁਢਾਪਾ ਪੈਨਸ਼ਨ ਸ਼ੁਰੂ ਤੋਂ ਹੀ ਸਵਾਲਾਂ ਵਿੱਚ ਰਹੀ ਹੈ । ਫਰਜ਼ੀ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਦੇ ਖਿਲਾਫ਼ ਹੁਣ ਮਾਨ ਸਰਕਾਰ ਨੇ ਸ਼ਿਕੰਜਾ ਕੱਸ ਦਿੱਤਾ ਅਤੇ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ । ਅਕਾਲੀ ਦਲ ਤੋਂ ਲੈਕੇ ਕਾਂਗਰਸ ਸਰਕਾਰਾਂ ਸਮੇਂ ਵੀ ਬੁਢਾਪਾ ਪੈਨਸ਼ਨਾਂ ਨੂੰ ਲੈਕੇ ਕਈ ਘੁਟਾਲੇ ਹੋਏ ਅਤੇ ਫੜੇ ਵੀ ਗਏ । ਇੱਕ ਵਕਤ ਸੀ ਜਦੋਂ ਪੰਜਾਬ ਵਿੱਚ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ CM ਦੇ ਅਹੁਦੇ ‘ਤੇ ਰਹਿੰਦੇ ਹੋਏ ਇਹ ਤੱਕ ਕਹਿਣਾ ਪੈ ਗਿਆ ਸੀ ‘ਕੀ ਲੱਗ ਦਾ ਹੈ ਸਾਰਾ ਪੰਜਾਬ ਹੀ ਬੁੱਢਾ ਹੋ ਗਿਆ ਹੈ’ । ਕੈਪਟਨ ਸਰਕਾਰ ਨੇ 2020 ਵਿੱਚ ਫਰਜ਼ੀ ਬੁਢਾਪਾ ਪੈਨਸ਼ਨਾਂ ਦੇ 70 ਹਜ਼ਾਰ ਮਾਮਲੇ ਫੜੇ ਸਨ । ਜਿੰਨਾਂ ਵਿੱਚ 162 ਕਰੋੜ ਦਾ ਘੁਟਾਲਾ ਹੋਇਆ ਸੀ । ਪਰ ਹੁਣ ਮਾਨ ਸਰਕਾਰ ਨੇ 3 ਮਹੀਨੇ ਵਾਲਾ ਨਿਯਮ ਲਾਗੂ ਕਰ ਦਿੱਤਾ ਹੈ ।
ਬੁਢਾਪਾ ਪੈਨਸ਼ਨ ‘ਤੇ 3 ਮਹੀਨੇ ਵਾਲਾ ਨਿਯਮ
ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ ਦੇ ਨਿਯਮ ਵਿੱਚ ਸਖਤੀ ਕਰਦੇ ਹੋਏ 3 ਮਹੀਨੇ ਵਾਲਾ ਨਿਯਮ ਲਾਗੂ ਕਰ ਦਿੱਤਾ ਹੈ । ਜੇਕਰ 3 ਮਹੀਨੇ ਤੱਕ ਬੈਂਕ ਵਿਚੋਂ ਪੈਨਸ਼ਨ ਨਹੀਂ ਕਢਵਾਈ ਤਾਂ ਇਹ ਵਾਪਸ ਚਲੀ ਜਾਵੇਗੀ । ਜੇਕਰ ਤੁਸੀਂ ਇਸ ਤੋਂ ਬਚਣਾ ਚਾਉਂਦੇ ਹੋ ਤਾਂ ਤੁਹਾਨੂੰ ਕਾਰਨ ਦੱਸਣਾ ਹੋਵੇਗਾ ਕਿ ਤੁਸੀਂ 3 ਮਹੀਨਿਆਂ ਦੌਰਾਨ ਪੈਨਸ਼ਨ ਕਿਉਂ ਨਹੀਂ ਕਢਵਾਈ । ਜੁਆਇੰਟ ਡਾਇਰੈਕਟਰ ਪੈਨਸ਼ਨ ਚਰਨਜੀਤ ਸਿੰਘ ਮਾਨ ਨੇ ਕਿਹਾ ਕਿ ਹਰ ਮਹੀਨੇ ਰਿਪੋਰਟ ਤਿਆਰ ਹੋਵੇਗੀ ਤਾਂ ਕਿ ਪਤਾ ਚੱਲ ਸਕੇ ਕਿ ਪੈਨਸ਼ਨਰ ਨੇ 3 ਮਹੀਨਿਆਂ ਤੋਂ ਪੈਨਸ਼ਨ ਕਿਉਂ ਨਹੀਂ ਕਢਵਾਈ ਹੈ । ਪੈਨਸ਼ਨਰ ਨੂੰ ਪੈਨਸ਼ਨ ਨਾ ਕਢਵਾਉਣ ਦਾ ਕਾਰਨ ਦੱਸਣਾ ਹੋਵੇਗਾ ।
ਕੈਪਟਨ ਸਰਕਾਰ ਵਿੱਚ ਫਰਜ਼ੀ ਪੈਨਸ਼ਨਰਾਂ ਦਾ ਖੁਲਾਸਾ
2020 ਵਿੱਚ ਕੈਪਟਨ ਸਰਕਾਰ ਵੇਲੇ ਜਦੋਂ ਫਰਜ਼ੀ ਪੈਨਸ਼ਨਰਾਂ ਦਾ ਖੁਲਾਸਾ ਹੋਇਆ ਸੀ ਤਾਂ ਉਸ ਵਿੱਚ ਉਮਰ ਨੂੰ ਲੈਕੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ । ਕਈ ਲੋਕਾਂ ਨੇ ਫਰਜ਼ੀ ਦਸਤਾਵੇਜ਼ ਅਤੇ ਸਰਟੀਫਿਕੇਟ ਬਣਾ ਕੇ ਆਪਣੀ ਉਮਰ ਵੱਧ ਵਿਖਾਈ ਸੀ ਅਤੇ ਬੁਢਾਪਾ ਪੈਨਸ਼ਨ ਲੈ ਰਹੇ ਸਨ । ਜਿਸ ਨਾਲ ਪੰਜਾਬ ਦੇ ਖਜ਼ਾਨੇ ਵਿੱਚ 162 ਕਰੋੜ ਦੀ ਲੁੱਟ ਹੋਈ ਸੀ । ਉਸ ਵੇਲੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਨੇ ਖੁਲਾਸਾ ਕੀਤਾ ਸੀ ਕਿ 30 ਤੋਂ 40 ਸਾਲ ਦੀ ਉਮਰ ਦੇ ਲੋਕਾਂ ਨੇ ਆਪਣੇ ਆਪ ਨੂੰ 65 ਸਾਲ ਦਾ ਦੱਸ ਦੇ ਹੋਏ ਫਰਜ਼ੀ ਪੈਨਸ਼ਨ ਲੈ ਰਹੇ ਸਨ । ਸੰਗਰੂਰ,ਬਠਿੰਡਾ,ਅੰਮ੍ਰਿਤਸਰ,ਮੁਕਤਸਰ,ਮਾਨਸਾ ਇਹ ਉਹ ਜ਼ਿਲ੍ਹੇ ਸਨ ਜਿੱਥੇ ਸਭ ਤੋਂ ਵੱਧ ਫਰਜ਼ੀ ਪੈਨਸ਼ਨ ਦੇ ਮਾਮਲੇ ਸਾਹਮਣੇ ਆਏ ਸਨ ।