ਸਤਲੁਜ ਦਰਿਆ ਦੇ ਬੰਨ੍ਹ ਟੁੱਟਣ ਦੇ ਖਤਰੇ ਨੂੰ ਵੇਖਦਿਆਂ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਸੇਵਾ ਲਈ ਅਪੀਲ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਐਕਸ਼ਨ ਲਿਆ।
ਮੁੱਖ ਮੰਤਰੀ ਨੇ ਸੰਤ ਸੀਚੇਵਾਲ ਨਾਲ ਫੋਨ ’ਤੇ ਗੱਲਬਾਤ ਕਰਕੇ ਸਤਲੁਜ ਦੇ ਓਵਰਫਲੋ ਦੇ ਖਤਰੇ ਨੂੰ ਰੋਕਣ ਲਈ ਬੰਨ੍ਹ ਨੂੰ ਮਜਬੂਤ ਕਰਨ ਦਾ ਪ੍ਰਬੰਧ ਕੀਤਾ। ਸੰਤ ਸੀਚੇਵਾਲ ਨੇ ਮੁੰਡੀ ਸ਼ਹਿਰੀਆਂ ਨੇੜੇ ਬੰਨ੍ਹ ਨੂੰ ਮਜਬੂਤ ਕਰਨ ਲਈ 10 ਹਜ਼ਾਰ ਰੇਤ ਦੀਆਂ ਬੋਰੀਆਂ ਮੰਗੀਆਂ ਸਨ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਤੁਰੰਤ ਭੇਜਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਐਕਸ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਲਾਕੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।
ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨਾਲ ਫੋਨ ਰਾਹੀਂ ਗੱਲਬਾਤ ਹੋਈ। ਮੁੰਡੀ ਸ਼ਹਿਰੀਆਂ ਦੇ ਨਾਲ ਸਤਲੁਜ ਦਰਿਆ ਦੇ ਓਵਰਫਲੋ ਹੋਣ ਦੇ ਖਤਰੇ ਨੂੰ ਦੇਖਦੇ ਹੋਏ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਰੇਤ ਦੀਆਂ 10 ਹਜ਼ਾਰ ਬੋਰੀਆਂ ਦੀ ਮੰਗ ਕੀਤੀ ਹੈ। ਜਿਸ ਨੂੰ ਤੁਰੰਤ ਪ੍ਰਭਾਵ ਨਾਲ ਭੇਜ ਦਿੱਤਾ ਗਿਆ ਹੈ।…
— Bhagwant Mann (@BhagwantMann) September 14, 2025
ਸੰਤ ਸੀਚੇਵਾਲ ਨੇ ਵੀਡੀਓ ਜਾਰੀ ਕਰਕੇ ਦੱਸਿਆ ਕਿ ਮਡਾਲਾ ਸਨਾ ਵਿੱਚ ਪਿਛਲੀ ਵਾਰ ਬੰਨ੍ਹ ਟੁੱਟਣ ਨਾਲ ਵੱਡਾ ਨੁਕਸਾਨ ਹੋਇਆ ਸੀ। ਹਾਲਾਂਕਿ ਸਤਲੁਜ ਵਿੱਚ ਪਾਣੀ ਦਾ ਵਹਾਅ ਅਜੇ 45 ਹਜ਼ਾਰ ਕਿਊਸਿਕ ਹੈ, ਪਰ ਬੰਨ੍ਹ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਪਹੁੰਚ ਕੇ ਬੋਰੀਆਂ ਨਾਲ ਬੰਨ੍ਹ ਨੂੰ ਮਜਬੂਤ ਕਰਨ ਵਿੱਚ ਸਹਿਯੋਗ ਦੇਣ।
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸੇਵਾਦਾਰ ਇਸ ਕੰਮ ਵਿੱਚ ਜੁਟੇ ਹੋਏ ਹਨ, ਪਰ ਨੌਜਵਾਨਾਂ ਦੀ ਸਹਾਇਤਾ ਨਾਲ ਖਤਰੇ ਨੂੰ ਟਾਲਿਆ ਜਾ ਸਕਦਾ ਹੈ। ਸੰਤ ਸੀਚੇਵਾਲ ਦੀ ਅਪੀਲ ਅਤੇ ਮੁੱਖ ਮੰਤਰੀ ਦੇ ਤੁਰੰਤ ਐਕਸ਼ਨ ਨਾਲ ਇਲਾਕੇ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਜਾਰੀ ਹੈ, ਤਾਂਕਿ ਪੰਜਾਬ ਵਾਸੀਆਂ ’ਤੇ ਮੰਡਰਾ ਰਿਹਾ ਖਤਰਾ ਟਲ ਸਕੇ।