The Khalas Tv Blog Punjab ਨੌਜਵਾਨਾਂ ‘ਤੇ ਮਿਹਰਬਾਨ ਹੋਈ ਮਾਨ ਸਰਕਾਰ, 293 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
Punjab

ਨੌਜਵਾਨਾਂ ‘ਤੇ ਮਿਹਰਬਾਨ ਹੋਈ ਮਾਨ ਸਰਕਾਰ, 293 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ : ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ‘ਤੇ ਮਿਹਰਬਾਨ ਹੋ ਰਹੀ ਹੈ। ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ। ਅੱਜ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਅੱਜ 293 ਨੌਜਵਾਨਾਂ ਨੂੰ ਸਿਹਤ ਵਿਭਾਗ ਵੱਲੋਂ ਰੁਜ਼ਗਾਰ ਦਿੱਤਾ ਗਿਆ।

ਮਾਨ ਨੇ ਦੱਸਿਆ ਕਿ ਹੁਣ ਤੱਕ ਉਹ 44974 ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪ ਚੁੱਕੇ ਹਨ। ਪਰ ਅੱਜ ਵੀ ਵਿਰੋਧੀ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਅੱਜ ਵੀ ਉਹ ਇਸ ‘ਤੇ ਵਿਸ਼ਵਾਸ ਨਹੀਂ ਕਰ ਸਕਦੇ ਅਤੇ ਉਸ ਦੀ ਆਲੋਚਨਾ ਕਰਨ ਵਿਚ ਲੱਗੇ ਹੋਏ ਹਨ।

ਵਿਰੋਧੀਆਂ ‘ਤੇ ਤੰਜ ਕੱਸਦਿਆਂ ਮਾਨ ਨੇ ਕਿਹਾ ਕਿ ਪਹਿਲਾਂ ਬਹੁਤ ਸਾਰੇ ਮਹਿਕਮਿਆਂ ਵਲੋਂ ਧਰਨੇ ਲਾਏ ਜਾਂਦੇ ਰਹੇ ਹਨ। ਟੈਂਕੀਆਂ ਉੱਤੇ ਚੜਦੇ ਸੀ ਅਤੇ ਲੀਡਰ ਨਜ਼ਾਰੇ ਲੈਂਦੇ ਸੀ। ਉਨ੍ਹਾਂ ਨੇ ਆਮ ਜਨਤਾ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੇ ਕਦੇ ਬੇਰੁਜ਼ਗਾਰੀ ਜਾਂ ਗਰੀਬੀ ਨਹੀਂ ਦੇਖੀ। ਉਨ੍ਹਾਂ ਨੂੰ ਜੰਮਦਿਆਂ ਨੂੰ ਹੀ ਸੋਨੇ ਦੇ ਚਮਚੇ ਅਤੇ ਹੂਟਰਾਂ ਦੀਆਂ ਗੱਡੀਆਂ ਮਿਲ ਗਈਆਂ ਅਤੇ ਫਿਰ ਉੱਚੇ ਅਹੁਦੇ ਵਾਲੀਆਂ ਕੁਰਸੀਆਂ ਮਿਲ ਗਈਆਂ। ਆਉਂਦੇ ਹੀ ਡਿਪਟੀ ਸੀਐਮ ਬਣ ਗਏ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਆਮ ਘਰਾਂ ‘ਚੋਂ ਆਏ ਹਾਂ। ਉਨ੍ਹਾਂ ਕਿਹਾ ਕਿ ਨੌਕਰੀ ਮਿਲਣ ਦੀ ਜੋ ਖ਼ੁਸ਼ੀ ਹੈ, ਉਸ ਦੀ ਕਿਸੇ ਕਰੰਸੀ ‘ਚ ਕੋਈ ਕੀਮਤ ਨਹੀਂ ਹੈ। ਸਰਕਾਰਾਂ ਦਾ ਕੰਮ ਸਹੂਲਤਾਂ ਦੇਣਾ ਹੁੰਦਾ ਹੈ, ਨਾ ਕਿ ਲੋਕਾਂ ਨੂੰ ਤੰਗ ਕਰਨਾ ਹੁੰਦਾ ਹੈ। ਪਹਿਲਾਂ ਵਾਲੀਆਂ ਸਰਕਾਰਾਂ ਤਾਂ ਖਜ਼ਾਨੇ ਤੱਕ ਪੈਸਾ ਹੀ ਨਹੀਂ ਪੁੱਜਣ ਦਿੰਦਿਆਂ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 16 ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ। ਜਿਸ ਤੋਂ ਬਾਅਦ ਪੰਜਾਬੀਆਂ ਦੀ ਰੋਜ਼ਾਨਾ 61 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਦੇ ਨਾਂ ’ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। 25-25 ਸਾਲਾਂ ਦੇ ਠੇਕੇ ਕੀਤੇ ਗਏ ਹਨ।

ਮਾਨ ਨੇ ਕਿਹਾ ਕਿ ਸਿਹਤ ਵਿਭਾਗ ਇਕ ਅਹਿਮ ਵਿਭਾਗ ਹੈ। ਮੁਹੱਲਾ ਕਲੀਨਿਕਾਂ ਵਿੱਚ 2 ਕਰੋੜ ਮਰੀਜ਼ ਇਲਾਜ ਕਰਵਾ ਚੁੱਕੇ ਹਨ। ਜਿਸ ਦਾ ਡਾਟਾ ਉਨ੍ਹਾਂ ਦੇ ਸਿਹਤ ਵਿਭਾਗ ਕੋਲ ਹੈ। ਇਸ ਦਾ ਸਮੇਂ-ਸਮੇਂ ‘ਤੇ ਮੁਲਾਂਕਣ ਕੀਤਾ ਜਾਂਦਾ ਹੈ। ਜਿਸ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਖੇਤਰ ਵਿੱਚ ਕਿਹੜੀ ਬਿਮਾਰੀ ਵੱਧ ਰਹੀ ਹੈ। ਤਾਂ ਜੋ ਅਸੀਂ ਉਸ ਖੇਤਰ ਵਿੱਚ ਉਸ ਬਿਮਾਰੀ ਨੂੰ ਕਾਬੂ ਕਰਨ ਲਈ ਢੁਕਵੇਂ ਕਦਮ ਚੁੱਕ ਸਕੀਏ।

ਪੰਜਾਬ ਵਿੱਚ ਹੁਣ ਤੱਕ 829 ਮੁਹੱਲਾ ਕਲੀਨਿਕ ਚੱਲ ਰਹੇ ਹਨ। 30 ਹੋਰ ਮਹੱਲਾ ਕਲੀਨਿਕ ਜਲਦੀ ਹੀ ਸ਼ੁਰੂ ਕੀਤੇ ਜਾਣਗੇ।

Exit mobile version