India

ਦੇਸ਼ ਦੇ ਸਾਬਕਾ PM ਦੀ ਪੰਜਾਬ ਵਾਸੀਆਂ ਲਈ ਖ਼ਾਸ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅੱਜ ਇੱਕ ਲਾਈਵ ਵੀਡੀਓ ਸਟ੍ਰੀਮਿੰਗ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਕੱਸਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਨੂੰ ਚੁਣਨ ਦੀ ਅਪੀਲ ਕੀਤੀ। ਮੋਦੀ ‘ਤੇ ਨਿਸ਼ਾਨਾ ਕੱਸਦਿਆਂ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਰਾਸ਼ਟਰਵਾਦ ਫਰਜ਼ੀ ਹੈ। ਜੋ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ‘ਤੇ ਚੱਲਦਾ ਹੈ। ਡਾ: ਸਿੰਘ ਨੇ ਚੀਨ ਦੇ ਮੁੱਦੇ ‘ਤੇ ਵੀ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇੱਕ ਸਾਲ ਤੋਂ ਚੀਨੀ ਫੌਜ ਭਾਰਤ ਦੀ ਪਵਿੱਤਰ ਧਰਤੀ ‘ਤੇ ਬੈਠੀ ਹੈ। ਇਸ ਸਰਕਾਰ ਨੂੰ ਸੰਵਿਧਾਨ ‘ਤੇ ਭਰੋਸਾ ਨਹੀਂ ਹੈ। ਸੰਵਿਧਾਨਕ ਸੰਸਥਾਵਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਰਕਾਰ ਦੇਸ਼ ਦੇ ਅੰਦਰ ਹੀ ਨਹੀਂ, ਵਿਦੇਸ਼ ਨੀਤੀ ਦੇ ਮੋਰਚੇ ‘ਤੇ ਵੀ ਫੇਲ ਹੋ ਚੁੱਕੀ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚੋਣ ਮਾਹੌਲ ਵਿੱਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦਾ ਸਹੀ ਢੰਗ ਨਾਲ ਮੁਕਾਬਲਾ ਕਰਨਾ ਮਹੱਤਵਪੂਰਨ ਹੈ। ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਅਤੇ ਬੇਰੁਜ਼ਗਾਰੀ ਨੂੰ ਸਿਰਫ਼ ਕਾਂਗਰਸ ਹੀ ਦੂਰ ਕਰ ਸਕਦੀ ਹੈ। ਪੰਜਾਬ ਦੇ ਵੋਟਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਇੱਕ ਨਾਜ਼ੁਕ ਮੋੜ ‘ਤੇ ਖੜ੍ਹਾ ਹੈ। ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਗੋਆ ਅਤੇ ਮਨੀਪੁਰ ਦੇ ਭੈਣਾਂ-ਭਰਾਵਾਂ ਨਾਲ ਦੇਸ਼ ਅਤੇ ਸੂਬੇ ਦੀ ਸਥਿਤੀ ਬਾਰੇ ਵਿਚਾਰ ਕਰਨ ਦੀ ਮੇਰੀ ਬਹੁਤ ਇੱਛਾ ਸੀ, ਪਰ ਡਾਕਟਰਾਂ ਦੀ ਸਲਾਹ ਕਾਰਨ ਮੈਂ ਇਸ ਤਰ੍ਹਾਂ ਸੰਬੋਧਨ ਕਰ ਰਿਹਾ ਹਾਂ।

ਉਨ੍ਹਾਂ ਨੇ ਕਿਹਾ ਕਿ ”ਦੂਜੇ ਪਾਸੇ ਸਾਡੇ ਅੱਜ ਦੇ ਹਾਕਮ, ਸਾਢੇ ਸੱਤ ਸਾਲ ਸਰਕਾਰ ਚਲਾਉਣ ਦੇ ਬਾਅਦ ਵੀ ਆਪਣੀਆਂ ਗਲਤੀਆਂ ਨੂੰ ਮੰਨ ਕੇ ਸੁਧਾਰ ਕਰਨ ਦੀ ਬਜਾਏ, ਲੋਕਾਂ ਦੀਆਂ ਸਮੱਸਿਆਵਾਂ ਲਈ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲਾ ਨਹਿਰੂ ਨੂੰ ਜ਼ਿੰਮੇਦਾਰ ਠਹਿਰਾਉਣ ‘ਚ ਲੱਗੇ ਹਨ। ਮੈਂ ਸਪੱਸ਼ਟ ਤੌਰ ‘ਤੇ ਮੰਨਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇੱਕ ਖਾਸ ਮਹੱਤਤਾ ਹੁੰਦੀ ਹੈ ਅਤੇ ਇਤਿਹਾਸ ‘ਤੇ ਦੋਸ਼ ਲਗਾ ਕੇ ਆਪਣੇ ਗੁਨਾਹ ਘੱਟ ਨਹੀਂ ਹੋ ਸਕਦੇ।”