‘ਦ ਖ਼ਾਲਸ ਬਿਊਰੋ :- 14 ਜਨਵਰੀ 2020 ਨੂੰ ਪੰਜਾਬੀ ਲੋਕ ਗਾਇਕ ਸਿੱਧੂ ਮੂਸੇਵਾਲਾ ਤੇ ਉਸਦੇ ਸਾਥੀ ਗਾਇਕ ਮਨਕੀਰਤ ਔਲਖ ਵੱਲੋਂ ਨਜਾਇਜ਼ ਹਥਿਆਰਾਂ ਦੀ ਵਰਤੋਂ ਕਰਨ ਤੇ ਅਪਰਾਧਾਂ ਨੂੰ ਉਤਸ਼ਾਹਿਤ ਕਰਨ ਵਾਲੀ ਵੀਡੀਓ ਯੂ-ਟਿਊਬ ‘ਤੇ ਅਪਲੋਡ ਕੀਤੀ ਗਈ ਸੀ। ਜਿਸ ‘ਚ ਇਨ੍ਹਾਂ ਦੋਵਾਂ ਗਾਇਕਾਂ ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸ਼ਰੇਆਮ ਹਥਿਆਰਾ ਦੀ ਵਰਤੋਂ ਕੀਤੀ ਗਈ ਸੀ। ਇਸ ਮਾਮਲੇ ‘ਤੇ RTI ਐਕਟੀਵਿਸਟ ਕੁਲਦੀਪ ਸਿੰਘ ਖਹਿਰਾ ਵੱਲੋਂ ਦੋਵਾਂ ਗਾਇਕਾਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਤੇ ਇਸ ਨਾਲ ਹੀ ਮਾਨਸਾ ਪੁਲਿਸ ਵੱਲੋਂ ਵੀ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਜਿਸ ‘ਚ ਕੁੱਝ ਦਿਨ ਪਹਿਲਾਂ ਹੀ ਸਿੱਧੂ ਦੀ ਜ਼ਮਾਨਤ ਹੋ ਚੁੱਕੀ ਹੈ, ਜਦਕਿ ਮਨਕੀਰਤ ਔਲਖ ਨੂੰ ਮਾਨਸਾ ਦੇ ਸਦਰ ਥਾਣੇ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਲਾਕਡਾਉਨ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਵੱਲੋਂ ਸਿੱਧੂ ਦੇ ਹੀ ਘਰ ਪੱਖੀਆਂ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ। ਜਿਸ ‘ਚ ਇਨ੍ਹਾਂ ਦੋਵਾਂ ਗਾਇਕਾਂ ਸਣੇ ਸਾਥੀ ਕਲਾਂਕਾਰਾਂ ਵੱਲੋਂ ਹਥਿਆਰਾ ਨੂੰ ਪ੍ਰਮੋਟ ਕਰਨ ‘ਤੇ ਵੀਡੀਓ ਸ਼ੂਟ ਕੀਤਾ ਗਿਆ ਸੀ। ਜਿਸ ‘ਤੇ ਹਾਈਕੋਰਟ ਦੇ ਨਿਰਦੇਸ਼ਾਂ ਹੇਠ ਮਾਨਸਾ ਪੁਲਿਸ ਨੇ ਦੋਵਾਂ ਗਾਇਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਅੱਜ SHO ਅੰਗਰੇਜ਼ ਸਿੰਘ ਵੱਲੋਂ ਮਨਕੀਰਤ ਔਲਖ ਦੀ ਜ਼ਮਾਨਤ ਦੇਣ ਦੀ ਪੁਸ਼ਟੀ ਕੀਤੀ ਗਈ ਹੈ।