Lok Sabha Election 2024 Punjab

ਅਕਾਲੀ ਦਲ ਨੂੰ ਵੱਡਾ ਝਟਕਾ! ਮਨਜੀਤ ਸਿੰਘ ਨੇ ਛੱਡਿਆ ਸਾਥ, ਅੰਮ੍ਰਿਤਪਾਲ ਸਿੰਘ ਦੀ ਹਮਾਇਤ ਦਾ ਕੀਤਾ ਐਲਾਨ

ਬਿਉਰੋ ਰਿਪੋਟਰ – ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਝੇ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। SGPC ਮੈਂਬਰ ਭਾਈ ਮਨਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇਂਬਰ ਬਣੇ ਰਹਿਣਗੇ ਪਰ ਅਦਾਲੀ ਦਲ ਤੋਂ ਅਸਤੀਫ਼ਾ ਦੇ ਰਹੇ ਹਨ।

ਉਨ੍ਹਾਂ ਨੇ ਆਪਣੇ ਫੇਸਬੂਕ ਪੇਜ ਉੱਤੇ ਪੋਸਟ ਲਿਖ ਕੇ ਐਲਾਨ ਕੀਤਾ ਹੈ – “ਮੇਰਾ ਬਾਦਲ ਪਰਿਵਾਰ ਤੋਂ ਅਸਤੀਫ਼ਾ। ਭਾਈ ਅਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ ਅਤੇ ਭਾਈ ਜਸਕਰਨ ਸਿੰਘ ਕਾਹਨਸਿੰਘਵਾਲਾ ਦੀ ਹਿਮਾਇਤ ਦਾ ਐਲਾਨ।”

ਮਨਜੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਅਸਤੀਫ਼ੇ ਵਿੱਚ ਜਿਹੜੇ ਸ਼ਬਦ ਲਿਖਿਆ ਹੈ ਕਿ ‘ਮੇਰਾ ਬਾਦਲ ਪਰਿਵਾਰ ਤੋਂ ਅਸਤੀਫ਼ਾ’ ਵੱਡਾ ਬਿਆਨ ਹੈ। ਇਸ ਦੇ ਜ਼ਰੀਏ ਉਹ ਸਿੱਧਾ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਲਗਾ ਰਹੇ ਹਨ। ਯਾਨੀ ਉਹ ਕਹਿਣਾ ਚਾਹੁੰਦੇ ਹਨ ਇੱਕ ਪਰਿਵਾਰ ਦੀ ਵਜ੍ਹਾ ਕਰਕੇ ਅਕਾਲੀ ਦਲ ਦੀ ਹੋਂਦ ਖ਼ਤਮ ਹੋ ਚੁੱਕੀ ਹੈ।

ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਭਾਈ ਮਨਜੀਤ ਸਿੰਘ ਬਾਗ਼ੀ ਤੇਵਰ ਵਿਖਾ ਚੁੱਕੇ ਹਨ। ਡੇਢ ਸਾਲ ਪਹਿਲਾਂ ਜਦੋਂ ਬੀਬੀ ਜਗੀਰ ਕੌਰ ਨੇ ਬਗ਼ਾਵਤ ਕਰਕੇ SGPC ਦੇ ਪ੍ਰਧਾਨ ਦੀ ਚੋਣ ਲੜੀ ਸੀ ਤਾਂ ਵੀ ਭਾਈ ਮਨਜੀਤ ਸਿੰਘ ਨੇ ਬਗ਼ਾਵਤ ਕੀਤੀ ਸੀ ਪਰ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਮਨਾ ਲਿਆ ਸੀ।

ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਜਿਸ ਤਰ੍ਹਾਂ ਨਾਲ ਅੰਮ੍ਰਿਤਪਾਲ ਸਿੰਘ ’ਤੇ ਸਿੱਧਾ ਹਮਲਾ ਕਰ ਰਹੇ ਹਨ ਉਸ ਨਾਲ ਕਿਧਰੇ ਨਾ ਕਿਧਰੇ ਅਕਾਲੀ ਦਲ ਦੇ ਪੰਥਕ ਹਲਕਿਆਂ ਵਿੱਚ ਨਰਾਜ਼ਗੀ ਹੈ। ਖਡੂਰ ਸਾਹਿਬ ਪੰਥਕ ਸੀਟ ਹੋਣ ਦੀ ਵਜ੍ਹਾ ਕਰਕੇ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਨਾਲ ਸਭ ਤੋਂ ਵੱਧ ਨੁਕਸਾਨ ਅਕਾਲੀ ਦਲ ਨੂੰ ਹੋ ਰਿਹਾ ਹੈ, ਪਰ ਅੰਮ੍ਰਿਤਪਾਲ ਸਿੰਘ ਦਾ ਨਾਂ RSS ਨਾਲ ਜੋੜਨਾ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਬੰਦੀ ਸਿੰਘ ਮੰਨਣ ਤੋਂ ਇਨਕਾਰ ਕਰਨ ਦਾ ਬਿਆਨ ਵੀ ਪਾਰਟੀ ਨੂੰ ਕਿਧਰੇ ਨਾਲ ਕਿਧਰੇ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਇਹ ਨੁਕਸਾਨ ਪਾਰਟੀ ਦੇ ਟਕਸਾਲੀਆਂ ਵੱਲੋਂ ਅਸਤੀਫ਼ੇ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ।

ਖਡੂਰ ਸਾਹਿਬ ਸੀਟ ’ਤੇ ਅਕਾਲੀ ਦਲ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਸ਼ਨਿੱਚਰਵਾਰ ਨੂੰ ਆਪਣੇ ਜੀਜੇ ਅਤੇ ਪੱਟੀ ਤੋਂ ਤਿੰਨ ਵਾਰ ਦੇ ਵਿਧਾਇਕ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ। ਉਨ੍ਹਾਂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਇਲਜ਼ਾਮ ਸੀ। ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿਚਾਲੇ ਖਿੱਚੋਤਾਣ ਪਿਛਲੀਆਂ ਵਿਧਾਨਸਭਾ ਚੋਣਾਂ ਤੋਂ ਚੱਲ ਰਹੀ ਹੈ।