‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਭਗਵੰਤ ਮਾਨ ਦੇ ਬੀਜੇਪੀ ਤੋਂ ਆਈ ਆਫਰ ਵਾਲੇ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ ਸਭ ਕੁੱਝ ਕਰਕੇ ਵੇਖ ਲਿਆ ਹੈ ਕਿ ਉਸਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ, ਉਸਨੇ ਲੋਕਾਂ ਤੋਂ ਨਾਅਵੇ ਵੀ ਮਰਵਾ ਲਏ ਪਰ ਕੇਜਰੀਵਾਲ ਉਸਦੀ ਗੱਲ ਹੀ ਨਹੀਂ ਸੁਣਦਾ। ਹੁਣ ਉਸਨੇ ਲਾਸਟ ਕਾਰਡ ਖੇਡਿਆ ਹੈ ਕਿ ਮੈਂ ਇਹ ਕਹਾਂਗਾ ਕਿ ਬੀਜੇਪੀ ਮੈਨੂੰ ਸ਼ਾਮਿਲ ਕਰਨਾ ਚਾਹੁੰਦੀ ਹੈ ਤਾਂ ਇਸੇ ਬਹਾਨੇ ਕੇਜਰੀਵਾਲ ‘ਤੇ ਦਬਾਅ ਬਣ ਜਾਵੇਗਾ ਅਤੇ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦੇਣਗੇ।
ਸਿਰਸਾ ਨੇ ਕਿਹਾ ਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਦੇ ਵੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਣਾ ਭਾਵੇਂ ਉਹ ਇਹ ਵੀ ਕਹਿ ਦੇਵੇ ਕਿ ਬਾਇਡਨ ਵੱਲੋਂ ਉਸਨੂੰ ਆਫਰ ਆਈ ਹੈ। ਸਿਰਸਾ ਨੇ ਮਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਤੁਸੀਂ ਬਾਕੀ ਪਾਰਟੀਆਂ ਨਾਲ ਨਾ ਵਿਗਾੜੋ ਕਿਉਂਕਿ ਪਤਾ ਨਹੀਂ ਤੁਹਾਨੂੰ ਕੱਲ੍ਹ ਨੂੰ ਕਿਹੜੀ ਪਾਰਟੀ ਵਿੱਚ ਜਾਣਾ ਪੈ ਜਾਵੇ ਪਰ ਇਸ ਪਾਰਟੀ ਵਿੱਚ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਜਾਵੇਗਾ।
ਜੇ ਭਗਵੰਤ ਮਾਨ ਨੂੰ ਚਾਰ ਦਿਨ ਪਹਿਲਾਂ ਬੀਜੇਪੀ ਦਾ ਫੋਨ ਆਇਆ ਸੀ ਤਾਂ ਉਸ ਦਿਨ ਹੀ ਦੱਸਦਾ। ਇਸਦਾ ਮਤਲਬ ਤਾਂ ਇਹ ਹੋਇਆ ਕਿ ਭਗਵੰਤ ਮਾਨ ਚਾਰ ਦਿਨ ਬੇਈਮਾਨ ਰਿਹਾ ਹੈ। ਮਾਨ ਇਹ ਜਵਾਬ ਦੇਵੇ ਕਿ ਉਹ ਚਾਰ ਦਿਨ ਚੁੱਪ ਕਿਉਂ ਰਿਹਾ ਹੈ।