‘ਦ ਖ਼ਾਲਸ ਬਿਊਰੋ :- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਿੱਖਾਂ ‘ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਿਸਾਨ ਆਗੂ ਗੁਣੀ ਪ੍ਰਕਾਸ਼ ‘ਤੇ ਗੁੱਸਾ ਆ ਗਿਆ ਹੈ। ਸਿਰਸਾ ਨੇ ਕਿਹਾ ਕਿ ਗੁਣੀ ਪ੍ਰਕਾਸ਼ ਨੇ ਇੱਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਬਿਆਨ ਦਿੱਤਾ ਹੈ, ਜਿਸ ਨਾਲ ਹਿੰਦੂ-ਸਿੱਖਾਂ ਵਿਚਾਲੇ ਫੁੱਟ ਪਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਗੁਣੀ ਪ੍ਰਕਾਸ਼ ਦੀ ਅਜਿਹੀ ਬਿਆਨਬਾਜ਼ੀ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਣੀ ਪ੍ਰਕਾਸ਼ ਨੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਖਿਲਾਫ਼ ਘਟੀਆ ਨਸਲੀ ਟਿੱਪਣੀ ਕੀਤੀ ਹੈ। ਸਿਰਸਾ ਨੇ ਗੁਣੀ ਪ੍ਰਕਾਸ਼ ਦੇ ਖ਼ਿਲਾਫ਼ ਪਰਚਾ ਦਰਜ ਕਰਵਾਉਣ ਅਤੇ ਉਸਨੂੰ ਜੇਲ੍ਹ ਵਿੱਚ ਡੱਕਣ ਦੀ ਚਿਤਾਵਨੀ ਦਿੱਤੀ ਹੈ। ਗੁਣੀ ਪ੍ਰਕਾਸ਼ ਨੇ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੂੰ ਲੈ ਕੇ ਇੱਕ ਵਿਵਾਦਤ ਟਿੱਪਣੀ ਕੀਤੀ ਸੀ।