Punjab

ਮਨੀਸ਼ਾ ਗੁਲਾਟੀ ਨੇ ਮੁੜ ਖੋਲ੍ਹਿਆ ਠੰਡੇ ਬਸਤੇ ‘ਚ ਪਿਆ ਚੰਨੀ ਖਿਲਾਫ ਮਾਮਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ 3 ਸਾਲ ਪੁਰਾਣੇ #METOO ਕੇਸ ਸਬੰਧੀ ਅੱਜ ਕਿਹਾ ਹੈ ਕਿ ‘ਸਰਕਾਰ ਅੱਜ ਸ਼ਾਮ ਤੱਕ ਜਾਂ ਫਿਰ ਕੱਲ੍ਹ ਇਸ ਮਾਮਲੇ ਸਬੰਧੀ ਜਵਾਬ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੀ ਫੋਨ ‘ਤੇ ਗੱਲ ਹੋਈ ਹੈ ਅਤੇ ਕੈਪਟਨ ਨੇ ਉਨ੍ਹਾਂ ਨੂੰ ਮਾਮਲੇ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਚੰਨੀ ਉਨ੍ਹਾਂ ਨੂੰ ਨਹੀਂ ਦੱਸਣਗੇ ਕਿ ਮੈਂ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਕੇਸ ਨੂੰ ਲੈ ਕੇ ਮੇਰੇ ‘ਤੇ ਕੋਈ ਦਬਾਅ ਨਹੀਂ ਹੈ।

ਕੀ ਹੈ ਮਾਮਲਾ ?

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਨੂੰ 2018 ਦੇ ਇੱਕ ਮਾਮਲੇ ਵਿੱਚ ਘੇਰਿਆ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਖਿਲਾਫ 2018 ਵਿੱਚ ਇੱਕ ਔਰਤ ਆਈਏਐੱਸ ਨੇ ਗਲਤ ਮੈਸਜ ਭੇਜਣ ਦਾ ਮਾਮਲਾ ਉਜਾਗਰ ਕੀਤਾ ਸੀ। ਇਸ ਮਾਮਲੇ ਦੀਆਂ ਅਖਬਾਰਾਂ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਅਤੇ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹਿ ਕੇ ਪੂਰਾ ਇਨਸਾਫ ਕਰਨ ਦੀ ਗੱਲ ਕਹੀ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਵੀ ਚੁੱਕਿਆ ਸੀ ਮਾਮਲਾ

ਚੇਅਰਪਰਸਨ ਗੁਲਾਟੀ ਨੇ ਕਿਹਾ ਕਿ ਜਿਸ ਸਮੇਂ ਇਹ ਮਾਮਲਾ ਮੀਡੀਆ ਵਿੱਚ ਆਇਆ ਤਾਂ ਖੁਦ ਚੰਨੀ ਨੇ ਕਿਹਾ ਕਿ ਇਹ ਗਲਤ ਮੈਸੇਜ ਗਲਤੀ ਨਾਲ ਉਸ ਔਰਤ ਅਧਿਕਾਰੀ ਦੇ ਫੋਨ ‘ਤੇ ਚਲੇ ਗਏ ਹਨ। ਇਸ ਤੇ ਉਨ੍ਹਾਂ ਨੇ ਮੁਆਫੀ ਮੰਗ ਲਈ ਹੈ ਅਤੇ ਮਾਮਲਾ ਰਫਾ-ਦਫਾ ਕਰਨ ਦੀ ਗੱਲ ਕਹੀ ਹੈ। ਹਾਲਾਂਕਿ, ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧੀ ਪਾਰਟੀ ਦੀ ਹੈਸੀਅਤ ਨਾਲ ਇਹ ਮਾਮਲਾ ਚੁੱਕਿਆ ਸੀ ਅਤੇ ਕਈ ਮੰਤਰੀਆਂ ‘ਤੇ ਚੰਨੀ ਨੂੰ ਬਚਾਉਣ ਦੇ ਇਲਜਾਮ ਵੀ ਲੱਗੇ ਸਨ।

ਗੁਲਾਟੀ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਨਿੱਜੀ ਤੌਰ ‘ਤੇ ਵੀ ਇਸ ਮਾਮਲੇ ਵਿੱਚ ਕਈ ਆਈਏਐੱਸ ਅਧਿਕਾਰੀਆਂ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਕਮਿਸ਼ਨ ਨੇ ਜਾਣਬੁੱਝ ਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧੇ ਰੂਪ ਵਿੱਚ ਕਮਿਸ਼ਨ ਦੇ ਕਾਰਜਾਂ ਉੱਪਰ ਸਵਾਲ ਹੈ ਕਿ ਅਸੀਂ ਇਸ ਮਾਮਲੇ ਵਿੱਚ ਇਨਸਾਫ ਨਹੀਂ ਕੀਤਾ। ਇਹ ਗੱਲ ਉਨ੍ਹਾਂ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।