Punjab

ਮਾਂ ਨੂੰ ਕੱਖਾ ਰੋਲਣ ਵਾਲੇ ਪਰਿਵਾਰ ਨੂੰ ਮਹਿਲਾ ਕਮਿਸ਼ਨ ਵੱਲੋਂ ਸੰਮਨ ਜਾਰੀ

‘ਦ ਖ਼ਾਲਸ ਬਿਊਰੋੋ :- ਕੁੱਝ ਦਿਨ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ ‘ਚ ਮ੍ਰਿਤਕ ਬਜ਼ੁਰਗ ਮਹਿਲਾ ਦੇ ਪਰਿਵਾਰ ਵੱਲੋਂ ਬਦਸਲੂਕੀ ਕਰਨ ਤੇ ਘਰ ਤੋਂ ਬਾਹਰ ਕੱਢ ਦੇਣ ਦਾ ਮਾਮਲ ਮੀਡੀਆ ‘ਚ ਆਉਣ ਮਗਰੋਂ ਹੁਣ ਇਸ ਪਰਿਵਾਰ ਦੇ ਮੈਂਬਰਾਂ ਨੂੰ ਪੰਜਾਬ ਮਹਿਲਾ ਕਮਿਸ਼ਨ ‘ਚ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਗਏ ਸੀ, ਜਿਸ ਤੋਂ ਬਾਅਦ ਅੱਜ ਬਜ਼ੁਰਗ ਮਾਤਾ  ਮਹਿੰਦਰ ਕੌਰ ਦੇ ਦੋ ਪੁੱਤਰ ਤੇ ਦੋ ਧੀਆਂ ਪੰਜਾਬ ਮਹਿਲਾ ਕਮਿਸ਼ਨ ਕੋਲ ਪੇਸ਼ ਹੋਏ।

ਮਹਿਲਾ ਕਮਿਸ਼ਨ ਦੀ ਚੈਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਸੰਬੰਧੀ ਦੱਸਿਆ ਕਿ ਪਰਿਵਾਰਕ ਮੈਂਬਰ ਕਿਸੇ ਵੀ ਸਵਾਲਾਂ ਦੇ ਸਟੀਕ ਜਵਾਬ ਨਹੀਂ ਦੇ ਸਕੇ। ਉਹਨਾਂ ਦੱਸਿਆ ਕਿ ਪਰਿਵਾਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਸਮਾਜ ਲਈ ਇੱਕ ਉਦਾਹਰਨ ਬਣੇ ਅਤੇ ਕੋਈ ਹੋਰ ਅਜਿਹਾ ਨਾ ਕਰੇ। ਇਸ ਦੇ ਨਾਲ ਹੀ  ਸੂਬੇ ਦੇ ਸਾਰੇ ਬਿਰਧ ਆਸ਼ਰਮਾਂ ਦੀ ਰਿਪੋਰਟ ਵੀ ਮੰਗਵਾਈ ਹੈ ਤਾਂ ਜੋ ਉੱਥੇ ਰਹਿੰਦੇ ਬਜ਼ੁਰਗਾਂ ਦੇ ਸਹੀ ਹਲਾਤਾ ਦਾ ਪਤਾ ਲੱਗ ਸਕੇ।

ਜਦੋਂ ਮੀਡੀਆ ਕਰਮੀਆਂ ਨੇ ਪਰਿਵਾਰ ਨਾਲ ਗੱਲ ਕਰਣੀ ਚਾਹੀ ਤਾਂ ਇੱਕ ਪੁੱਤਰ ਨੇ ਕਿਹਾ ਕਿ ਉਹ ਪਿਛਲੇ 30 ਸਾਲਾ ਤੋਂ ਆਪਣੀ ਮਾਂ ਨੂੰ ਨਹੀਂ ਮਿਲਿਆ ਪਰ ਦੂਜੇ ਪੁੱਤਰ ਨੇ ਸਵਾਲਾਂ ‘ਤੇ ਚੁੱਪ ਧਾਰੀ ਰੱਖੀ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਮੁਕਤਸਰ ‘ਚ ਇੱਕ ਬਜ਼ੁਰਗ ਮਹਿਲਾ ਜੋ ਕਿ ਬਿਮਾਰੀ ਦੀ ਹਾਲਤ ‘ਚ ਇੱਕ ਖਾਲੀ ਪਲਾਟ ‘ਚ ਮਾੜੀ ਹਾਲਾਤਾਂ ‘ਚ ਰਹਿ ਰਹੀ ਸੀ ਅਤੇ ਜਿਸ ਦੇ ਸਿਰ ‘ਚ ਕੀੜੇ ਤੱਕ ਪੈ ਚੁੱਕੇ ਸਨ, ਦੀ ਮੀਡੀਆ ‘ਚ ਖ਼ਬਰ ਆਉਣ ਤੋਂ ਬਾਅਦ ਪੁਲਿਸ ਦੀ ਸਹਾਇਤਾ ਨਾਲ ਮਾਤਾ ਨੂੰ ਇਲਾਜ ਲਈ ਲਿਜਾਈਆ ਗਿਆ, ਪਰ ਬਜ਼ੂਰਗ ਮਾਤਾ ਦੀ ਮੌਤ ਹੋ ਗਈ ਸੀ।