Punjab

ਮਨੀਸ਼ ਤਿਵਾੜੀ ਦੀ ਚੋਣ ਨੂੰ ਹਾਈ ਕੋਰਟ ‘ਚ ਚੁਣੌਤੀ

ਚੰਡੀਗੜ੍ਹ : ਲੋਕ ਸਭਾ ਚੋਣਾਂ ਵਿੱਚ ਚੰਡੀਗੜ੍ਹ ਸੀਟ ਨਾਲ ਜੁੜਿਆ ਵਿਵਾਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਚੰਡੀਗੜ੍ਹ ਸੀਟ ਤੋਂ ਹਾਰੇ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਕਾਂਗਰਸ ਦੇ ਜੇਤੂ ਉਮੀਦਵਾਰ ਮਨੀਸ਼ ਤਿਵਾੜੀ ਦੀ ਜਿੱਤ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਲੋਕ ਪ੍ਰਤੀਨਿਧਤਾ ਐਕਟ-1951 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਉਮੀਦਵਾਰ ਟੰਡਨ ਨੂੰ ਕਾਂਗਰਸ ਦੇ ਮਨੀਸ਼ ਤਿਵਾੜੀ ਨੇ 2,504 ਵੋਟਾਂ ਨਾਲ ਹਰਾਇਆ ਸੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗਠਜੋੜ ’ਚ ਚੋਣ ਲੜੀ ਸੀ।

ਅਪੀਲ ਅਨੁਸਾਰ ਤਿਵਾੜੀ ਦੀ ਸੰਸਦ ਮੈਂਬਰ ਵਜੋਂ ਚੋਣ ਰੱਦ ਕਰਨ ਦੀ ਮੰਗ ਕਰਦਿਆਂ ਟੰਡਨ ਨੇ ਲੋਕ ਪ੍ਰਤੀਨਿਧਤਾ ਐਕਟ, 1951 ਤਹਿਤ ਐਡਵੋਕੇਟ ਚੇਤਨ ਮਿੱਤਲ, ਆਸ਼ੂ ਐਮ. ਪੰਛੀ ਅਤੇ ਸਤਿਅਮ ਟੰਡਨ ਰਾਹੀਂ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਤਿਵਾੜੀ ਅਤੇ ਪਾਰਟੀ ਵਰਕਰ ‘ਕਈ ਤਰ੍ਹਾਂ ਦੀਆਂ ਗਲਤੀਆਂ ਅਤੇ ਬੇਨਿਯਮੀਆਂ ’ਚ ਸ਼ਾਮਲ ਸਨ ਕਿਉਂਕਿ ਭੋਲੇ-ਭਾਲੇ ਅਤੇ ਗਰੀਬ ਵੋਟਰਾਂ ਨੂੰ ਨਿਸ਼ਾਨਾ ਬਣਾਉਣ ਲਈ ਭ੍ਰਿਸ਼ਟ ਕਿਸਮ ਦੇ ਕਈ ਵਾਅਦੇ ਕੀਤੇ ਗਏ ਸਨ।’

ਇਨ੍ਹਾਂ ’ਚੋਂ ਕੁੱਝ ਵਾਅਦਿਆਂ ਦਾ ਹਵਾਲਾ ਦਿੰਦੇ ਹੋਏ ਪਟੀਸ਼ਨ ’ਚ ਕਿਹਾ ਗਿਆ ਹੈ, ‘‘ਗਾਰੰਟੀ ਕਾਰਡ ਭਰਨਾ ਅਤੇ ਵੀਡੀਉ ਪੋਸਟ ਕਰ ਕੇ ਭੋਲੇ-ਭਾਲੇ ਵੋਟਰਾਂ ਨੂੰ ਯਕੀਨ ਦਿਵਾਉਣਾ ਕਿ ਜੇ ਉਹ ਤਿਵਾੜੀ ਨੂੰ ਵੋਟ ਦਿੰਦੇ ਹਨ ਤਾਂ ਉਨ੍ਹਾਂ ਨੂੰ 8,500 ਰੁਪਏ ਪ੍ਰਤੀ ਮਹੀਨਾ ਮਿਲਣਗੇ, ਹਰ ਪੜ੍ਹੇ-ਲਿਖੇ ਨੌਜੁਆਨ ਨੂੰ ਪਹਿਲੀ ਨੌਕਰੀ ਲਈ 1 ਲੱਖ ਰੁਪਏ ਤਨਖਾਹ ਦਿਤੀ ਜਾਵੇਗੀ ਅਤੇ ਕਰਜ਼ਾ ਮੁਆਫੀ ਅਤੇ ਸਵਾਮੀਨਾਥਨ ਫਾਰਮੂਲੇ ਦੇ ਅਧਾਰ ’ਤੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦਿਤੀ ਜਾਵੇਗੀ।’ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਤੈਅ ਕੀਤੀ ਹੈ।