ਮਨੀਸ਼ ਸਿਸੋਦੀਆ ਨੇ ਕਿਹਾ,” ਸੁਨੇਹਾ ਆਇਆ ਹੈ ਕਿ ਬੀਜੇਪੀ ਵਿੱਚ ਆ ਜਾਓ ਸਾਰੇ ਕੇਸ ਬੰਦ ਕਰਵਾ ਦੇਵਾਂਗੇ”
ਖਾਲਸ ਬਿਊਰੋ:ਐਕਸਾਇਜ਼ ਘੁਟਾਲੇ ਵਿੱਚ CBI ਰੇਡ ਤੋਂ ਬਾਅਦ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੇਂਦਰ ਅਤੇ ਬੀਜੇਪੀ ਨਾਲ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਨਜ਼ਰ ਆ ਗਏ ਹਨ।ਉਨ੍ਹਾਂ ਨੇ ਐਤਵਾਰ ਜਾਰੀ ਹੋਏ ਨੂੰ ਲੁੱਕਆਊਟ ਨੋਟਿਸ ਨੂੰ ਲੈ ਕੇ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਸੀ।ਹੁਣ ਬੀਜੇਪੀ ‘ਤੇ ਵੱਡਾ ਇਲਜ਼ਾਮ ਲਗਾਇਆ ਹੈ।ਉਨ੍ਹਾਂ ਕਿਹਾ ਹੈ ਕਿ ਬੀਜੇਪੀ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋੜਨ ਦਾ ਆਫਰ ਦਿੱਤੀ ਹੈ ਅਤੇ ਸੁਨੇਹਾ ਭੇਜਿਆ ਹੈ ਕਿ ਸਾਰੇ ED,CBI ਦੇ ਕੇਸ ਬੰਦ ਕਰਵਾ ਦੇਵਾਂਗੇ।ਪਰ ਉਹਨਾਂ ਨੇ ਕਿਹਾ ਕਿ ਮੇਰਾ ਬੀਜੇਪੀ ਨੂੰ ਇੱਕ ਹੀ ਜਵਾਬ ਹੈ ਕਿ ਮੈਂ ਮਹਾਰਾਣਾ ਪ੍ਰਤਾਪ ਦੇ ਵੰਸ਼ ਵਿਚੋਂ ਹਾਂ।ਰਾਜਪੂਤ ਹਾਂ, ਸਿਰ ਕਟਾ ਸਕਦਾ ਹਾਂ ਪਰ ਭ੍ਰਿਸ਼ਟਾਚਾਰੀਆਂ ਦੀਆਂ ਸਾਜਿਸ਼ਾਂ ਖਿਲਾਫ਼ ਸਿਰ ਨਹੀਂ ਝੁੱਕੇਗਾ।ਉਧਰ ਸ਼ਰਾਬ ਘੁਟਾਲੇ ਨੂੰ ਲੈਕੇ ਬੀਜੇਪੀ ਦੇ ਕਾਰਜਕਰਤਾਵਾਂ ਨੇ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਮਨੀਸ਼ ਸਿਸੋਦੀਆ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਗੁਜਰਾਤ ਦੇ ਆਗੂ ਇਸੁਦਾਨ ਗਡਵੀ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਸੀ ਕਿ ਜਿਸ ਤਰ੍ਹਾਂ ਨਾਲ ਮਹਾਰਾਣਾ ਪ੍ਰਤਾਪ ਦੇ ਵੰਸ਼ਜ ਮਨੀਸ਼ ਸਿਸੋਦੀਆ ਨੂੰ ਬੀਜੇਪੀ ਝੂਠੇ ਇਲਜ਼ਾਮ ਵਿੱਚ ਪਰੇਸ਼ਾਨ ਕਰ ਰਹੀ ਹੈ,ਇਸ ਨਾਲ ਗੁਜਰਾਤ ਦੇ ਨੌਜਵਾਨਾਂ ਵਿੱਚ ਰੋਸ ਹੈ।ਜਿਸ ਦਾ ਜਵਾਬ ਉਹ ਚੋਣਾਂ ਦੌਰਾਨ ਦੇਣਗੇ।ਕੁਝ ਦਿਨ ਪਹਿਲਾਂ 5000 ਰਾਜਪੂਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।ਇਸੇ ਵਜ੍ਹਾ ਨਾਲ ਪਾਰਟੀ ਇਸ ਮੁੱਦੇ ਨੂੰ ਜ਼ੋਰਾ-ਸ਼ੋਰਾ ਨਾਲ ਚੁੱਕ ਰਹੀ ਹੈ।ਪਾਰਟੀ ਦੇ ਬੁਲਾਰੇ ਸੰਜੇ ਸਿੰਘ ਨੇ ਵੀ ਸਿਸੋਦੀਆ ਦਾ ਬਚਾਅ ਕਰਦੇ ਹੋਏ ਮਹਾਰਾਣਾ ਪ੍ਰਤਾਪ ਦੀ ਉਦਾਹਰਣ ਦਿੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ‘ਤੇ ਪਲਟਵਾਰ ਕੀਤਾ ਸੀ।
ਸਿਸੋਦੀਆ ਖਿਲਾਫ਼ ਲੁੱਕਆਊਟ ਨੋਟਿਸ ਨਹੀਂ
CBI ਨੇ ਐਤਵਾਰ ਨੂੰ ਸਾਫ਼ ਕੀਤਾ ਕਿ ਲੁੱਕਆਊਟ ਨੋਟਿਸ ਸਿਰਫ਼ 8 ਮੁਲਜ਼ਮਾਂ ਖਿਲਾਫ ਹੈ ।ਮਨੀਸ਼ ਸਿਸੋਦੀਆ ਅਤੇ ਐਕਸਾਇਜ਼ ਵਿਭਾਗ ਦੇ 3 ਅਫਸਰਾਂ ਦਾ ਇਸ ਵਿੱਚ ਨਾਂ ਨਹੀਂ ਹੈ ਤੇ ਨਾ ਹੀ ਉਨ੍ਹਾਂ ਖਿਲਾਫ਼ ਕੋਈ ਵੀ ਸਰਕੁਲਰ ਜਾਰੀ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਆਪਣੇ ਖਿਲਾਫ ਲੁਕਆਊਟ ਨੋਟਿਸ ਜਾਰੀ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜੰਮ ਕੇ ਨਿਸ਼ਾਨਾ ਲਗਾਇਆ ਸੀ।ਉਨ੍ਹਾਂ ਕਿਹਾ ਸੀ ‘ਤੁਹਾਡੀ ਸਾਰੀ ਰੇਡ ਫੇਲ੍ਹ ਹੋ ਗਈ। ਕੁਝ ਨਹੀਂ ਮਿਲਿਆ,ਇੱਕ ਪੈਸੇ ਦੀ ਵੀ ਹੇਰਾਫੇਰੀ ਨਹੀਂ ਮਿਲੀ,ਹੁਣ ਤੁਸੀਂ ਲੁੱਕ ਆਊਟ ਸਰਕੁਲਰ ਜਾਰੀ ਕਰ ਦਿੱਤਾ ਕਿ ਸਿਸੋਦੀਆ ਮਿਲ ਨਹੀਂ ਰਿਹਾ,ਇਹ ਕੀ ਡਰਾਮੇਬਾਜ਼ੀ ਹੈ ਮੋਦੀ ਜੀ ?’
ਇੱਕ ਹੋਰ ਮਾਮਲੇ ਵਿੱਚ ਘਿਰੀ ਆਪ ਦੀ ਦਿੱਲੀ ਸਰਕਾਰ
CBI ਨੇ ਕੇਜਰੀਵਾਲ ਸਰਕਾਰ ਨੂੰ ਇੱਕ ਹੋਰ ਝੱਟਕਾ ਦਿੱਤਾ ਹੈ। ਏਜੰਸੀ ਨੇ 1000 ਲੋ-ਫਲੋਰ ਬੱਸਾਂ ਦੀ ਖਰੀਦ ਨੂੰ ਲੈਕੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਉਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਸ਼ਿਕਾਇਤ ਗ੍ਰਹਿ ਮੰਤਰਾਲੇ ਵੱਲੋਂ ਦਰਜ ਕਰਵਾਈ ਗਈ ਹੈ,ਹਾਲਾਂਕਿ ਦਿੱਲੀ ਸਰਕਾਰ ਨੇ ਬੱਸ ਖਰੀਦ ਵਿੱਚ ਹੋਏ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ ਅਤੇ ਕੇਂਦਰ ਸਰਕਾਰ ‘ਤੇ CBI ਦੇ ਜ਼ਰੀਏ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ।ਸਾਬਕਾ ਉੱਪ ਰਾਜਪਾਲ ਅਨਿਲ ਬੈਜਲ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਬੱਸਾਂ ਦੀ ਖਰੀਦ ਪ੍ਰਕਿਆ ਨੂੰ ਲੈਕੇ ਸਵਾਲ ਚੁੱਕੇ ਸਨ।