India

ਮਨੀਪੁਰ ਹਿੰਸਾ ਦੇ ਦੋ ਸਾਲ ਮੁਕੰਮਲ ਹੋਣ ’ਤੇ ਅੱਜ ਬੰਦ; ਆਮ ਜਨ ਜੀਵਨ ਪ੍ਰਭਾਵਿਤ

ਅੱਜ ਮਨੀਪੁਰ ਹਿੰਸਾ ਦੇ ਦੋ ਸਾਲ ਪੂਰੇ ਹੋ ਰਹੇ ਹਨ। ਇਸ ਸਮੇਂ ਦੌਰਾਨ 250 ਤੋਂ ਵੱਧ ਮੌਤਾਂ ਹੋਈਆਂ। ਦਰਜ ਕੀਤੀਆਂ ਗਈਆਂ 6 ਹਜ਼ਾਰ ਐਫਆਈਆਰਜ਼ ਵਿੱਚੋਂ, ਲਗਭਗ 2500 ਵਿੱਚ ਕਾਰਵਾਈ ਅੱਗੇ ਨਹੀਂ ਵਧੀ। ਨਾ ਤਾਂ ਸੀਬੀਆਈ ਅਤੇ ਨਾ ਹੀ ਰਾਜ ਸਰਕਾਰ ਉਨ੍ਹਾਂ ਗੰਭੀਰ ਅਪਰਾਧਾਂ ਬਾਰੇ ਕੋਈ ਅਪਡੇਟ ਦੇ ਰਹੀ ਹੈ।

ਸਾਲ 2023 ਦੌਰਾਨ ਦੋ ਭਾਈਚਾਰਿਆਂ ਵਿਚ ਹਿੰਸਾ ਕਾਰਨ ਵੱਡੀ ਗਿਣਤੀ ਲੋਕ ਮਾਰੇ ਗਏ ਸਨ ਤੇ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਜਾਣਾ ਪਿਆ ਸੀ। ਇਸ ਦੇ ਦੋ ਸਾਲ ਮੁਕੰਮਲ ਹੋਣ ’ਤੇ ਤੇ ਮਾਰੇ ਗਏ ਲੋਕਾਂ ਦੀ ਯਾਦ ਵਿਚ ਅੱਜ ਮਨੀਪੁਰ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਕਾਰਨ ਉਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ।

ਇਸ ਮੌਕੇ ਮੈਤਈ ਤੇ ਕੁਕੀ ਭਾਈਚਾਰਿਆਂ ਨੇ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਕਾਰਨ ਅੱਜ ਸਿੱਖਿਆ ਸੰਸਥਾਨ ਬੰਦ ਹਨ ਤੇ ਸੜਕਾਂ ’ਤੇ ਗਿਣਤੀ ਦੇ ਵਾਹਨ ਨਜ਼ਰ ਆ ਰਹੇ ਹਨ। ਦੂਜੇ ਪਾਸੇ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਨਾਜ਼ੁਕ ਥਾਵਾਂ ’ਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਹੋਇਆ ਹੈ ਤਾਂ ਕਿ ਕੋਈ ਗੜਬੜ ਨਾ ਹੋਵੇ।

ਇਸ ਦੌਰਾਨ ਇੰਫਾਲ ਵਿਚ ਅੱਜ ਸ਼ਾਮ ਨੂੰ ਮੋਮਬੱਤੀ ਮਾਰਚ ਕੀਤਾ ਜਾਵੇਗਾ ਤੇ ਇਸ ਹਿੰਸਾ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਹਿੰਸਾ ਵਿਚ 260 ਜਣੇ ਮਾਰੇ ਗਏ ਸਨ ਤੇ 1500 ਦੇ ਕਰੀਬ ਜ਼ਖ਼ਮੀ ਹੋ ਗਏ ਸਨ ਤੇ 70 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪਣੇ ਘਰ ਬਾਰ ਛੱਡਣੇ ਪਏ ਸਨ।