Punjab

ਮਨਾਲੀ PRTC ਬੱਸ ਮਾਮਲੇ ‘ਚ ਨਵਾਂ ਮੋੜ ! ਕੰਡਕਟਰ ਦੇ ਪਰਿਵਾਰ ਨੂੰ ਮਿਲੀ ਨਵੀਂ ਉਮੀਦ ! ਦਾਅਵਾ ਗਲਤ ਸਾਬਿਤ ਹੋਇਆ

ਬਿਊਰੋ ਰਿਪੋਰਟ : ਮਨਾਲੀ ਹਾਦਸੇ ਦਾ ਸ਼ਿਕਾਰ ਹੋਈ PRTC ਦੀ ਬੱਸ ਦੇ ਡਰਾਈਵਰ ਤੋਂ ਬਾਅਦ ਕੰਡਕਟਰ ਦੇ ਮਿਲਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਸੀ । ਪਰ ਹੁਣ ਇਸ ਵਿੱਚ ਨਵਾਂ ਖ਼ੁਲਾਸਾ ਹੋਇਆ ਹੈ । ਕੁੱਲੂ ਦੇ ਕੋਲ ਜਿਸ ਸ਼ਖ਼ਸ ਦੀ ਲਾਸ਼ ਨੂੰ ਕੰਡਕਟਰ ਦੀ ਦੱਸੀ ਜਾ ਰਹੀ ਸੀ ਉਹ ਸ਼ਨਾਖ਼ਤ ਵਿੱਚ ਰਾਜਸਥਾਨ ਦੇ ਵਿਅਕਤੀ ਦੀ ਨਿਕਲੀ ਹੈ । PRTC ਮੁਲਾਜ਼ਮ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਐਸੋਸੀਏਸ਼ਨ ਨੇ ਦੱਸਿਆ ਕਿ ਕੰਡਕਟਰ ਦਾ ਪਰਿਵਾਰ ਹੁਣ ਤਕ ਮਨਾਲੀ ਵਿੱਚ ਹੀ ਹੈ । ਹੁਣ PRTC ਦੀਆਂ ਹੋਰ ਟੀਮਾਂ ਵੀ ਮਨਾਲੀ ਦੇ ਲਈ ਰਵਾਨਾ ਹੋ ਗਈਆਂ ਹਨ ਨਾਲ ਹੀ ਕੰਡਕਟਰ ਦੀ ਤਲਾਸ਼ ਹੋਰ ਤੇਜ਼ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ PRTC ਮੈਨੇਜਮੈਂਟ ਅਤੇ ਮੁਲਾਜ਼ਮ ਐਸੋਸੀਏਸ਼ਨ ਦੇ ਵਿਚਾਲੇ ਫ਼ੈਸਲਾ ਹੋਇਆ ਸੀ ਕਿ ਹਾਦਸੇ ਵਿੱਚ ਮਾਰੇ ਗਏ ਬੱਸ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਿੱਤੇ ਜਾਣਗੇ । ਨਾਲ ਹੀ ਦੋਵਾਂ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ ਤਾਂਕਿ ਪਰਿਵਾਰ ਵਾਲੇ ਆਪਣਾ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕਣ।

ਇਸ ਤਰ੍ਹਾਂ ਬੱਸ ਹਾਦਸੇ ਦਾ ਸ਼ਿਕਾਰ ਹੋਈ

9 ਜੁਲਾਈ ਨੂੰ ਚੰਡੀਗੜ੍ਹ ਡਿਪੂ ਤੋਂ PRTC ਦੀ ਬੱਸ ਦੁਪਹਿਰ ਢਾਈ ਵਜੇ ਰਵਾਨਾ ਹੋਈ ਸੀ ਉਸ ਵੇਲੇ ਬੱਸ ਵਿੱਚ ਕੰਡਕਟਰ ਸਮੇਤ 8 ਸਵਾਰੀਆਂ ਸਨ । ਬੱਸ ਨੂੰ ਸਵੇਰ 3 ਵਜੇ ਮਨਾਲੀ ਪਹੁੰਚਣਾ ਸੀ । ਪਰ ਰਸਤੇ ਵਿੱਚ ਮੌਸਮ ਖ਼ਰਾਬ ਹੋ ਗਿਆ ਤਾਂ ਬੱਸ ਇੱਕ ਢਾਬੇ ਦੇ ਕੋਲ ਰੁਕ ਗਈ। ਦੱਸਿਆ ਜਾ ਰਿਹਾ ਹੈ ਉਸ ਵੇਲੇ ਬੱਸ ਵਿੱਚ ਕੋਈ ਸਵਾਰੀ ਨਹੀਂ ਸੀ । ਡਰਾਈਵਰ ਅਤੇ ਕੰਡਕਟਰ ਬੱਸ ਵਿੱਚ ਅਰਾਮ ਕਰ ਰਹੇ ਸਨ । ਅਚਾਨਕ ਮੀਂਹ ਦਾ ਤੇਜ਼ ਪਾਣੀ ਆਇਆ ਅਤੇ ਬੱਸ ਨੂੰ ਬਹਾ ਕੇ ਲੈ ਗਿਆ । ਜਿਸ ਦੀ ਵਜ੍ਹਾ ਕਰਕੇ ਬੱਸ ਅਤੇ ਡਰਾਈਵਰ ਦਾ ਕੋਈ ਪਤਾ ਨਹੀਂ ਚੱਲ ਰਿਹਾ ਸੀ । 12 ਤਰੀਕ ਨੂੰ PRTC ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਜਿਸ ਵਿੱਚ ਬੱਸ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਦਿੱਤੀ ਗਈ । ਅਗਲੇ ਦਿਨ ਡਰਾਇਵਰ ਸਤਿਗੁਰੂ ਸਿੰਘ ਦੀ ਲਾਸ਼ ਮੰਡੀ ਦੇ ਪੰਡੋਹ ਡੈਮ ਨੇੜਿਓਂ ਮਿਲੀ ਹੈ ਪਰ ਕੰਡਕਟਰ ਦਾ ਹੁਣ ਤੱਕ ਪਤਾ ਨਹੀਂ ਚੱਲਿਆ ਹੈ। ਪਰਿਵਾਰ ਨੇ ਮਨਾਲੀ ਪਹੁੰਚ ਕੇ ਸਤਿਗੁਰੂ ਸਿੰਘ ਦੀ ਲਾਸ਼ ਦੀ ਪਛਾਣ ਕੀਤੀ ਸੀ ।