Punjab

ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਕੇ ਪਿਤਾ ਨੇ 3 ਸਾਲ ਦੇ ਬੱਚੇ ਨੂੰ ਰੇਲਵੇ ਟਰੈਕ ’ਤੇ ਸੁੱਟਿਆ

ਬਿਊਰੋ ਰਿਪੋਰਟ (ਲੁਧਿਆਣਾ, 12 ਦਸੰਬਰ 2025): ਲੁਧਿਆਣਾ ਵਿੱਚ ਪਤਨੀ ਦੇ ਚਰਿੱਤਰ ਉੱਤੇ ਸ਼ੱਕ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੇ ਸਾਢੇ ਤਿੰਨ ਸਾਲ ਦੇ ਮਾਸੂਮ ਬੇਟੇ ਨੂੰ ਰੇਲਵੇ ਟਰੈਕ ਉੱਤੇ ਸੁੱਟ ਦਿੱਤਾ। ਇਹ ਦਿਲ ਦਹਿਲਾਉਣ ਵਾਲੀ ਘਟਨਾ 12 ਦਸੰਬਰ ਦੀ ਰਾਤ 8:48 ਵਜੇ ਜਗਰਾਓਂ ਪੁਲ ਹੇਠਾਂ ਵਾਪਰੀ।

ਜਦੋਂ ਦੋਸ਼ੀ ਨੇ ਬੱਚੇ ਨੂੰ ਟਰੈਕ ’ਤੇ ਸੁੱਟਿਆ, ਉਸੇ ਸਮੇਂ ਉੱਥੋਂ ਇੱਕ ਮਾਲਗੱਡੀ ਲੰਘ ਰਹੀ ਸੀ। ਮਾਲਗੱਡੀ ਦੇ ਲੋਕੋ ਪਾਇਲਟ ਨੇ ਤੁਰੰਤ ਬ੍ਰੇਕ ਲਾ ਦਿੱਤੀ, ਪਰ ਇੰਜਣ ਸਮੇਤ ਦੋ ਬੋਗੀਆਂ ਬੱਚੇ ਦੇ ਉੱਪਰੋਂ ਲੰਘ ਗਈਆਂ। ਖੁਸ਼ਕਿਸਮਤੀ ਨਾਲ, ਬੱਚਾ ਪਟੜੀਆਂ ਦੇ ਵਿਚਕਾਰ ਚੁੱਪਚਾਪ ਲੇਟਿਆ ਰਿਹਾ ਅਤੇ ਬਿਲਕੁਲ ਸੁਰੱਖਿਅਤ ਬਚ ਗਿਆ।

ਲੋਕੋ ਪਾਇਲਟ ਨੇ ਦੱਸਿਆ ਕਿ ਜਦੋਂ ਗੱਡੀ ਆਦਮੀ ਕੋਲ ਪਹੁੰਚੀ ਤਾਂ ਉਸਨੇ ਅਚਾਨਕ ਬੱਚੇ ਨੂੰ ਟਰੈਕ ’ਤੇ ਸੁੱਟ ਦਿੱਤਾ। ਮੈਂ ਐਮਰਜੈਂਸੀ ਬ੍ਰੇਕ ਲਗਾ ਕੇ ਗੱਡੀ ਰੋਕੀ। ਬੱਚੇ ਨੂੰ ਸੁਰੱਖਿਅਤ ਦੇਖ ਕੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਅਤੇ ਦੋਸ਼ੀ ਪਿਤਾ ਨੂੰ ਮੌਕੇ ’ਤੇ ਹੀ ਫੜ ਲਿਆ।

ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

ਥਾਣਾ ਜੀ.ਆਰ.ਪੀ. ਦੇ ਐੱਸ.ਆਈ. ਬੀਰਬਲ ਨਾਹਰ ਨੇ ਦੱਸਿਆ ਕਿ ਦੋਸ਼ੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ਦੇ ਸ਼ਿਮਲਾਪੁਰੀ ਵਿੱਚ ਇੱਕ ਹੌਜ਼ਰੀ ਫੈਕਟਰੀ ਵਿੱਚ ਕੰਮ ਕਰਦਾ ਸੀ।

ਮੁਲਜ਼ਮ ਦੀਆਂ ਤਿੰਨ ਬੇਟੀਆਂ ਅਤੇ ਇੱਕ ਬੇਟਾ ਹੈ, ਪਰ ਉਹ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਅਤੇ ਸੋਚਦਾ ਸੀ ਕਿ ਇਹ ਬੇਟਾ ਉਸਦਾ ਨਹੀਂ ਹੈ।

ਸ਼ੁੱਕਰਵਾਰ ਸ਼ਾਮ ਤੋਂ ਹੀ ਉਹ ਆਪਣੇ ਬੇਟੇ ਨੂੰ ਲੈ ਕੇ ਘਰੋਂ ਨਿਕਲ ਗਿਆ ਸੀ। ਨਸ਼ੇ ਦੀ ਹਾਲਤ ਵਿੱਚ ਉਹ ਸਿਟੀ ਰੇਲਵੇ ਸਟੇਸ਼ਨ ਆਇਆ ਅਤੇ ਮਾਲਗੱਡੀ ਆਉਂਦੇ ਹੀ ਬੱਚੇ ਨੂੰ ਟਰੈਕ ’ਤੇ ਸੁੱਟ ਦਿੱਤਾ।

ਜੀ.ਆਰ.ਪੀ. ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਦਾ 14 ਦਿਨ ਦਾ ਰਿਮਾਂਡ ਲਿਆ ਗਿਆ ਹੈ। ਬੱਚੇ ਨੂੰ ਸੁਰੱਖਿਅਤ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।