‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੁੰਭ ਕਰਣ ਦਾ ਰਿਕਾਰਡ ਸੀ ਇੱਕ ਵਾਰ ਜੇ ਉਹ ਸੌਂ ਗਿਆ ਤਾਂ ਉਹ ਛੇ-ਛੇ ਮਹੀਨੇ ਨਹੀਂ ਸੀ ਬੈੱਡ ਛੱਡਦਾ।ਕਾਰਣ ਕੀ ਸੀ, ਇਹ ਤਾਂ ਕੁੰਭ ਕਰਣ ਹੀ ਜਾਣਦਾ ਹੈ, ਪਰ ਇਸੇ ਵਚਿੱਤਰ ਧਰਤੀ ਉੱਤੇ ਇਸ ਤਰ੍ਹਾਂ ਦੀਆਂ ਆਤਮਾਵਾਂ ਵੀ ਹਨ ਜੋ 24 ਘੰਟਿਆਂ ਵਿੱਚ ਸਿਰਫ 30 ਮਿੰਟ, ਕਹਿਣ ਦਾ ਮਤਲਬ ਸਿਰਫ ਅੱਧਾ ਘੰਟਾ ਹੀ ਅੱਖ ਲਾਉਂਦੀਆਂ ਹਨ। ਹਾਲਾਂਕਿ ਕਿ ਡਾਕਟਰ ਇਹ ਸਲਾਹ ਦਿੰਦੇ ਰਹਿੰਦੇ ਹਨ ਕਿ ਬੰਦੇ ਨੂੰ ਘੱਟੋ-ਘੱਟ 8 ਘੰਟੇ ਨੀਂਦ ਜਰੂਰ ਲੈਣੀ ਚਾਹੀਦੀ ਹੈ।
ਸਿਰਫ ਅੱਧਾ ਘੰਟਾ ਸੌਣ ਵਾਲਾ ਇਹ ਇਨਸਾਨ ਜਪਾਨ ਦਾ ਰਹਿਣ ਵਾਲਾ ਹੈ ਤੇ ਡਾਇਸੁਕੇ ਹੋਰੀ ਨਾਂ ਦਾ ਬੰਦਾ 12 ਸਾਲ ਤੋਂ ਇੰਨੀ ਕੁ ਹੀ ਨੀਂਦ ਲੈ ਰਿਹਾ ਹੈ।ਸੋਸ਼ਲ ਮੀਡੀਆ ਉੱਤੇ ਇਹ ਖਬਰ (Man claims to have slept 30 minutes a night for last 12 years to stay ‘healthy’) ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਬਾਰੇ ਡੇਲੀ ਸਟਾਰ ਵਿੱਚ ਛਪੀ ਰਿਪੋਰਟ ਅਨੁਸਾਰ ਹੋਰੀ ਆਪਣੇ ਆਪ ਨੂੰ ਸਿਰਫ 30 ਮਿੰਟ ਸੌਣ ਲਈ ਪੂਰੀ ਤਰ੍ਹਾਂ ਟਰੇਂਡ ਕਰ ਚੁੱਕੇ ਹਨ। ਹੋਰੀ ਜਪਾਨ ਸ਼ਾਰਟ ਸਲੀਪ ਐਸੋਸੀਏਸ਼ਨ ਦੇ ਚੇਅਰਮੈਨ ਵੀ ਹੈ।ਖੁਦ ਤਾਂ ਇਹ ਬੰਦਾ ਅੱਧਾ ਘੰਟਾ ਸੌਂਦਾ ਹੀ ਹੈ, ਦੂਜਿਆਂ ਨੂੰ ਵੀ ਇਸਦੀ ਸਿਖਲਾਈ ਦੇ ਰਿਹਾ ਹੈ।
ਜਦੋਂ ਇਹ ਗੱਲ ਮੀਡੀਆ ਵਿੱਚ ਆਈ ਤਾਂ ਪਹਿਲਾਂ ਕਿਸੇ ਨੇ ਇਸ ਉੱਤੇ ਵਿਸ਼ਵਾਸ ਨਹੀਂ ਕੀਤਾ। ਕਿਉਂ ਕਿ ਜੇਕਰ ਅਸੀਂ ਰਾਤ ਨੂੰ ਨਾ ਸੌਂ ਸਕੀਏ ਜਾਂ ਘੱਟ ਸੌਂਈਏ ਤਾਂ ਦੂਜੇ ਦਿਨ ਸਾਡੀਆਂ ਅੱਖਾਂ ਨਹੀਂ ਖੁਲ੍ਹਦੀਆਂ, ਪਰ ਇਸ ਬੰਦੇ ਨਾਲ ਇਹੋ ਜਿਹੀ ਕੋਈ ਪਰੇਸ਼ਾਨੀ ਨਹੀਂ ਹੈ।ਹੋਰੀ ਦੀ ਖਬਰ ਦੁਨੀਆਂ ਤੱਕ ਪਹੁੰਚਾਉਣ ਲਈ ਇੱਕ ਲੋਕਲ ਚੈਨਲ ਨੇ ਡਾਇਸੁਕੇ ਨਾਲ ਤਿੰਨ ਦਿਨ ਗੁਜਾਰੇ ਹਨ ਤੇ ਇਹ ਸਾਬਿਤ ਹੋਇਆ ਕਿ ਉਹ ਬਿਲਕੁਲ ਸੱਚ ਹੈ।
ਚੈਨਲ ਨੇ ਕਿਹਾ ਹੈ ਕਿ ਡਾਇਸੁਕੇ ਵਾਂਗ ਉਨ੍ਹਾਂ ਦੇ ਦੋਸਤ ਵੀ ਘੱਟ ਨੀਂਦ ਲੈਂਦੇ ਹਨ।ਡਾਇਸੁਕੇ ਦਾ ਇਸ ਉੱਤੇ ਕਹਿਣਾ ਹੈ ਕਿ ਉਹ ਕੌਫੀ ਬਹੁਤ ਪੀਂਦੇ ਹਨ।