Punjab

“ਮਾਨ ਸਾਬ੍ਹ, ਜ਼ਰਾ ਰਹਿਮ ਕਰੋ ਗਰੀਬਾਂ ‘ਤੇ “

ਦ ਖ਼ਾਲਸ ਬਿਊਰੋ : ਜਲਾਲਾਬਾਦ ਦੇ ਪੁਲਿਸ  ਨੇ ਪੰਜ ਕਿਲੋ ਰੇਤਾ, ਟੋਕਰੀ, ਕਹੀ ਤੇ ਸੌ ਰੁਪਏ ਦੀ ਨਕਦ ਰਾਸ਼ੀ ਨਾਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਦੀ ਸੋਸ਼ਲ ਮੀਡੀਆ ਉਤੇ ਖੂਬ ਚਰਚਾ ਹੋਈ ਸੀ। ਇਸ ਕਾਰਵਾਈ ਉੱਤੇ ਪੰਜਾਬ ਪ੍ਰਦੇਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵਿਟ ਕਰਦਿਆਂ ਕਿਹਾ ਹੈ ਕਿ  ”ਮਾਨ ਸਾਹਿਬ ਰਹਿਮ ਕਰੋ ਗ਼ਰੀਬਾਂ ‘ਤੇ ,5 ਕਿਲੋ ਰੇਤ ਦੀ FIR ਇਕ ਗ਼ਰੀਬ ਕਿਸਾਨ ਤੇ, ਅਤੇ ਪੰਜਾਬ ਭਰ ਵਿਚ ਚੱਲ ਰਹੀ ਕਈ ਸੌ ਕਰੋੜ ਦੀ ਨਜਾਇਜ਼ ਰੇਤ ਚੋਰੀ ਬਾਰੇ ਕੀ ਕਹਿਣਾ ਹੈ, ਨਾਲੇ ਕਿੱਥੇ ਹਨ ਕੇਜਰੀਵਾਲ ਜੀ ਦੇ 20 ਹਜ਼ਾਰ ਕਰੋੜ ਜੋ ਰੇਤੇ ਦੀ ਮਾਈਨਿੰਗ ਤੋਂ ਆਉਣੇ ਸਨ ?

ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ ‘ਚ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ‘ਚ ਪੰਜਾਬ ਪੁਲਿਸ ਦੀ ਕਾਰਵਾਈ ਖ਼ੂਬ ਸੁਰਖੀਆਂ ‘ਚ ਹੈ। ਪੁਲਿਸ ਨੇ ਇੱਕ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਕੋਲੋਂ 5 ਕਿਲੋ ਰੇਤ, ਟੋਕਰੀ, ਕਹੀ ਅਤੇ 100 ਰੁਪਏ ਨਕਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਕਿਸਾਨ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਵੀ ਦਰਜ ਕਰ ਲਿਆ ਸੀ। ਹਾਲਾਂਕਿ ਕਿਸਾਨ ਦਾ ਕਹਿਣਾ ਸੀ ਕਿ ਉਹ ਆਪਣੀ ਜ਼ਮੀਨ ਨੂੰ ਪੱਧਰਾ ਕਰ ਰਿਹਾ ਸੀ।

ਉੱਥੇ ਹੀ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਿੰਡ ਮੋਹਰ ਸਿੰਘ ਵਾਲਾ ਦਾ ਕਿਸਾਨ ਕ੍ਰਿਸ਼ਨ ਸਿੰਘ ਆਪਣੇ ਖੇਤ ਵਿੱਚ ਰੇਤ ਦੀ ਨਾਜਾਇਜ਼ ਖੱਡ ਚਲਾ ਰਿਹਾ ਸੀ। ਜਦੋਂ ਪੁਲਿਸ ਨੇ ਉਥੇ ਛਾਪੇਮਾਰੀ ਕੀਤੀ ਤਾਂ ਰੇਤ ਚੁੱਕਣ ਵਾਲੀ ਟੋਕਰੀ, ਕੱਸੀ ਤੇ 5 ਕਿਲੋ ਰੇਤ ਬਰਾਮਦ ਹੋਈ। ਕ੍ਰਿਸ਼ਨ ਸਿੰਘ ਦੀ ਤਲਾਸ਼ੀ ਲੈਣ ‘ਤੇ 100 ਰੁਪਏ ਦੀ ਨਕਦੀ ਵੀ ਮਿਲੀ। ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਕ੍ਰਿਸ਼ਨ ਸਿੰਘ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਲਿਆ ਸੀ।