Punjab

ਜਲੰਧਰ ’ਚ ਵੱਡਾ ਹਾਦਸਾ! ਰੇਲ ਗੱਡੀ ਦੀ ਛੱਤ ’ਤੇ ਜ਼ਿੰਦਾ ਸੜ ਗਿਆ ਬੰਦਾ, 80 ਫ਼ੀਸਦੀ ਸਰੀਰ ਝੁਲਸਿਆ

ਬਿਊਰੋ ਰਿਪੋਰਟ (ਜਲੰਧਰ, 6 ਨਵੰਬਰ 2025): ਜਲੰਧਰ ਦੇ ਫਿਲੌਰ ਰੇਲਵੇ ਸਟੇਸ਼ਨ ’ਤੇ ਇੱਕ ਵਿਅਕਤੀ ਟ੍ਰੇਨ ਦੀ ਛੱਤ ’ਤੇ ਚੜ੍ਹ ਗਿਆ ਅਤੇ ਹਾਈਟੈਂਸ਼ਨ ਤਾਰਾਂ ਦੀ ਚਪੇਟ ’ਚ ਆਉਣ ਕਾਰਨ ਜਿਉਂਦਾ ਸੜ ਗਿਆ। ਹਾਲਾਂਕਿ ਉਸ ਵਿਅਕਤੀ ਦੀ ਪਹਿਚਾਣ ਹਜੇ ਨਹੀਂ ਹੋ ਸਕੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ ਮੌਕੇ ’ਤੇ ਪਹੁੰਚ ਗਈ।

ਇਹ ਹਾਦਸਾ ਸਵੇਰੇ ਲਗਭਗ ਪੌਣੇ 10 ਵਜੇ ਵਾਪਰਿਆ, ਜਦੋਂ ਲੋਹੀਆਂ ਤੋਂ ਲੁਧਿਆਣਾ ਜਾਣ ਵਾਲੀ ਟ੍ਰੇਨ ਫਿਲੌਰ ਦੇ ਪਲੇਟਫਾਰਮ ਨੰਬਰ 3 ’ਤੇ ਰੁਕੀ। ਇਸ ਦੌਰਾਨ ਉਹ ਵਿਅਕਤੀ ਅਚਾਨਕ ਟ੍ਰੇਨ ਦੇ ਕੋਚ ਉੱਪਰ ਚੜ੍ਹ ਗਿਆ ਅਤੇ ਉੱਪਰ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਛੂਹ ਬੈਠਾ। ਤਾਰਾਂ ਛੂਹਦੇ ਹੀ ਉਸਦੇ ਕੱਪੜਿਆਂ ਨੇ ਅੱਗ ਫੜ ਲਈ।

ਸਟੇਸ਼ਨ ’ਤੇ ਮੌਜੂਦ ਲੋਕਾਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਸ਼ੋਰ ਵੀ ਮਚਾਇਆ, ਪਰ ਇਸ ਤੋਂ ਪਹਿਲਾਂ ਹੀ ਉਸਨੂੰ ਕਰੰਟ ਲੱਗ ਗਿਆ। ਕਰੰਟ ਦੇ ਝਟਕੇ ਨਾਲ ਉਹ ਡੱਬੇ ਉੱਪਰ ਹੀ ਡਿੱਗ ਗਿਆ ਅਤੇ ਸਾਰੀ ਦੇਹ ’ਤੇ ਅੱਗ ਲੱਗ ਗਈ।

ਹਾਦਸੇ ਦੇ ਚਸ਼ਮਦੀਦ ਰਾਜਕੁਮਾਰ ਨੰਗਲ ਨੇ ਦੱਸਿਆ ਕਿ ਵਿਅਕਤੀ 80 ਪ੍ਰਤੀਸ਼ਤ ਤੋਂ ਵੱਧ ਸੜ ਗਿਆ ਹੈ। ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਲਾਈਨ ਕੱਟ ਕੇ ਉਸਨੂੰ ਹੇਠਾਂ ਉਤਾਰ ਕੇ ਫਿਲੌਰ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੱਸੀ ਹੈ।

GRP ਚੌਕੀ ਇੰਚਾਰਜ ਹਰਮੇਸ਼ ਸਿੰਘ ਨੇ ਦੱਸਿਆ ਕਿ ਰੇਲਵੇ ਦੀਆਂ ਤਾਰਾਂ ’ਚ ਲਗਭਗ 25 ਹਜ਼ਾਰ ਵੋਲਟ ਦਾ ਕਰੰਟ ਹੁੰਦਾ ਹੈ। ਜਿਵੇਂ ਹੀ ਉਸਨੇ ਤਾਰ ਨੂੰ ਹੱਥ ਲਾਇਆ, ਝਟਕਾ ਲੱਗਣ ਨਾਲ ਸਾਰੀ ਦੇਹ ਅੱਗ ਨਾਲ ਸੜ ਗਈ। ਪੁਲਿਸ ਨੇ ਤੁਰੰਤ ਬਿਜਲੀ ਲਾਈਨ ਬੰਦ ਕਰਵਾ ਕੇ ਉਸਨੂੰ ਹੇਠਾਂ ਉਤਾਰਿਆ ਅਤੇ ਹਸਪਤਾਲ ਭੇਜਿਆ।

ਫਿਲੌਰ ਸਿਵਲ ਹਸਪਤਾਲ ’ਚ ਫਰਸਟ ਏਡ ਦੇਣ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਜਲੰਧਰ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ। ਐਂਬੂਲੈਂਸ ਰਾਹੀਂ ਉਸਨੂੰ ਜਲੰਧਰ ਭੇਜਿਆ ਜਾ ਰਿਹਾ ਹੈ।