ਬਿਊਰੋ ਰਿਪੋਰਟ (ਲੁਧਿਆਣਾ, 15 ਦਸੰਬਰ 2025): ਲੁਧਿਆਣਾ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਕ 8 ਸਾਲ ਦੇ ਮਾਸੂਮ ਬੱਚੇ ਨੂੰ ਪਤੰਗ ਦੇਣ ਦਾ ਲਾਲਚ ਦੇ ਕੇ ਉਸ ਨਾਲ ਕੁਕਰਮ ਕੀਤਾ ਗਿਆ। ਪੀੜਤ ਬੱਚੇ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੋਸ਼ੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਵਜੋਂ ਹੋਈ ਹੈ, ਜਿਸਦੇ ਖਿਲਾਫ਼ ਪੋਕਸੋ (POCSO) ਐਕਟ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਖੂਨ ਦੇਖ ਕੇ ਹੋਇਆ ਦਰਦ ਦਾ ਖੁਲਾਸਾ
ਪੀੜਤ ਬੱਚੇ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਦਾ 8 ਸਾਲਾ ਬੇਟਾ ਜਦੋਂ ਘਰ ਆਇਆ ਤਾਂ ਉਹ ਦਰਦ ਨਾਲ ਭਰਿਆ ਹੋਇਆ ਸੀ। ਉਸਨੇ ਦੱਸਿਆ ਕਿ ਉਸਦੇ ਪਜਾਮੇ ’ਤੇ ਖ਼ੂਨ ਲੱਗਾ ਹੈ ਅਤੇ ਸ਼ੌਚ ਵਾਲੀ ਥਾਂ ’ਤੇ ਤੇਜ਼ ਦਰਦ ਹੋ ਰਿਹਾ ਹੈ।
ਜਦੋਂ ਪਿਤਾ ਨੇ ਬੇਟੇ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੇ ਦੇਖਿਆ ਕਿ ਉਸਦੇ ਅੰਦਰੂਨੀ ਪਜਾਮੇ ’ਤੇ ਸੱਚਮੁੱਚ ਖ਼ੂਨ ਲੱਗਾ ਹੋਇਆ ਸੀ। ਘਬਰਾਏ ਹੋਏ ਪਿਤਾ ਨੇ ਬੇਟੇ ਤੋਂ ਪੂਰੀ ਗੱਲ ਪੁੱਛੀ। ਮਾਸੂਮ ਨੇ ਜੋ ਖ਼ੁਲਾਸਾ ਕੀਤਾ, ਉਸ ਨਾਲ ਪਰਿਵਾਰ ਦੇ ਹੋਸ਼ ਉੱਡ ਗਏ।
ਕਮਰੇ ਵਿੱਚ ਲਿਜਾ ਕੇ ਕੀਤੀ ਦਰਿੰਦਗੀ
ਮਾਸੂਮ ਬੱਚੇ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਦੀ ਦੂਜੀ ਗਲੀ ਵਿੱਚ ਰਹਿਣ ਵਾਲੇ ਅਰਸ਼ ਨਾਮ ਦੇ ਲੜਕੇ ਨੇ ਉਸਨੂੰ ਪਤੰਗ ਦੇਣ ਦਾ ਲਾਲਚ ਦਿੱਤਾ। ਪਤੰਗ ਦੇ ਲਾਲਚ ਵਿੱਚ ਉਹ ਉਸ ਲੜਕੇ ਨਾਲ ਚਲਾ ਗਿਆ। ਬੱਚੇ ਅਨੁਸਾਰ, ਮੁਲਜ਼ਮ ਅਰਸ਼ ਉਸਨੂੰ ਆਪਣੇ ਘਰ ਦੇ ਉੱਪਰ ਬਣੇ ਕਮਰੇ ਵਿੱਚ ਲੈ ਗਿਆ। ਉੱਥੇ ਉਸਨੇ ਜ਼ਬਰਦਸਤੀ ਬੱਚੇ ਨਾਲ ਕੁਕਰਮ ਕੀਤਾ। ਇਸ ਘਟਨਾ ਕਾਰਨ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਦੋਸ਼ੀ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼ (30) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਰਾਮਗੜ੍ਹ, ਫਿਲੌਰ, ਜਲੰਧਰ ਦਾ ਰਹਿਣ ਵਾਲਾ ਹੈ ਪਰ ਵਰਤਮਾਨ ਵਿੱਚ ਲੁਧਿਆਣਾ ਦੇ 175 ਹੈਦਰ ਇਨਕਲੇਵ ਕਲਾਂ ਵਿੱਚ ਰਹਿ ਰਿਹਾ ਸੀ।
ਪੁਲਿਸ ਨੇ ਮੁਲਜ਼ਮ ਅਰਸ਼ਦੀਪ ਸਿੰਘ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ (IPC) ਅਤੇ ਬਾਲ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਐਕਟ (POCSO Act) ਦੀ ਧਾਰਾ 4 ਤਹਿਤ ਕੇਸ ਦਰਜ ਕਰ ਲਿਆ ਹੈ।

