India

ਮਮਤਾ ਬੈਨਰਜੀ ਦੇ ਜਿੱਤ ਵੱਲ ਵਧਦੇ ਕਦਮ, ਇਹ ਸਨ ਚੋਣ ਮਨੋਰਥ ਪੱਤਰ ਵਿੱਚ ‘ਦੀਦੀ ਦੇ ਵਾਅਦੇ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਵਾਪਸ ਤਕਰੀਬਨ ਤੈਅ ਹੋ ਚੁੱਕੀ ਹੈ। ਮਮਤਾ ਬੈਨਰਜੀ ਲੋਕਾਂ ਦੇ ਬਹੁਤ ਨੇੜੇ ਰਹਿ ਕੇ ਕੰਮ ਕਰਨ ਵਾਲੀ ਉਮੀਦਵਾਰ ਮੰਨੀ ਜਾਂਦੀ ਹੈ। ਜੇਕਰ ਮਮਤਾ ਬੈਨਰਜੀ ਵੱਲੋਂ ਵੋਟਾਂ ਤੋਂ ਪਹਿਲਾ ਜਾਰੀ ਕੀਤੇ ਚੋਣ ਮਨੋਰਥ ਪੱਤਰ ‘ਤੇ ਝਾਤ ਮਾਰੀਏ ਤਾਂ ਰਾਸ਼ਨ, ਰੁਜ਼ਗਾਰ ਤੇ ਭੱਤਿਆਂ ਨੂੰ ਲੈ ਕੇ ਕਈ ਵਾਅਦੇ ਕੀਤੇ ਗਏ ਹਨ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ ਸੀ ਕਿ ਬੰਗਾਲ 100 ਦਿਨਾਂ ਦੇ ਕੰਮ ‘ਚ ਦੇਸ਼ ‘ਚ ਪਹਿਲੇ ਨੰਬਰ ‘ਤੇ ਹੈ। ਪੂਰੀ ਦੁਨੀਆ ਨੇ ਟੀਐਮਸੀ ਸਰਕਾਰ ਵੱਲੋਂ ਕੀਤੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਸੀ 47 ਲੱਖ ਪਰਿਵਾਰਾਂ ਤੱਕ ਪਾਣੀ ਪਹੁੰਚਾਇਆ ਗਿਆ ਹੈ। ਰਾਜ ਵਿੱਚ ਡੇਢ ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਸਰਕਾਰ ਬਣਨ ‘ਤੇ ਅਸੀਂ ਬੇਰੁਜ਼ਗਾਰੀ ਨੂੰ ਘਟਾਇਆ ਜਾਵੇਗਾ। ਇਸੇ ਤਰ੍ਹਾਂ ਇਕ ਸਾਲ ‘ਚ ਪੰਜ ਲੱਖ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾਣਗੇ ਤੇ ਸੂਬੇ ਵਿੱਚ 10 ਲੱਖ ਐਮਐਸਐਮਈ ਯੂਨਿਟ ਸਥਾਪਤ ਕੀਤੇ ਜਾਣਗੇ।

ਇਹ ਕੀਤੇ ਸਨ ਮਮਤਾ ਬੈਨਰਜੀ ਨੇ ਮੁੱਖ ਐਲਾਨ…

– ਕਿਸਾਨਾਂ ਲਈ ਸਾਲਾਨਾ ਵਿੱਤੀ ਸਹਾਇਤਾ 6,000 ਰੁਪਏ ਤੋਂ ਵਧਾ ਕੇ 10,000 ਰੁਪਏ ਕੀਤੀ ਜਾਵੇਗੀ।

– ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 10 ਲੱਖ ਰੁਪਏ ਦੀ ਖਰਚ ਸੀਮਾ ਵਾਲਾ ਇੱਕ ਕ੍ਰੈਡਿਟ ਕਾਰਡ ਦਿੱਤਾ ਜਾਵੇਗਾ। ਇਸ ਲਈ ਸਿਰਫ ਚਾਰ ਪ੍ਰਤੀਸ਼ਤ ਵਿਆਜ ਦਾ ਭੁਗਤਾਨ ਕਰਨਾ ਹੋਵੇਗਾ।

– ਬੰਗਾਲ ਵਿੱਚ, ਆਮ ਸ਼੍ਰੇਣੀ ਲਈ ਘੱਟੋ ਘੱਟ ਸਲਾਨਾ ਆਮਦਨੀ 6,000 ਰੁਪਏ ਅਤੇ ਪੱਛੜੇ ਭਾਈਚਾਰਿਆਂ ਲਈ 12,000 ਰੁਪਏ ਯਕੀਨੀ ਬਣਾਵਾਂਗੇ।

– ਬੰਗਾਲ ਆਵਾਸ ਯੋਜਨਾ 25 ਲੱਖ ਮਕਾਨ ਬਣਾਉਣ ‘ਚ ਸਹਾਇਤਾ ਕਰੇਗੀ।

– ਪਹਾੜੀ ਇਲਾਕਿਆਂ ‘ਚ ਵਿਕਾਸ ਦੇ ਕੰਮ ਨੂੰ ਵਧਾਉਣ ਲਈ ਇਕ ਪਹਾੜ ਵਿਕਾਸ ਬੋਰਡ ਬਣਾਇਆ ਜਾਵੇਗਾ।

ਕੋਰੋਨਾ ਵੈਸਕੀਨ ਮੁਫਤ ਦੇਣ ਦਾ ਕੀਤਾ ਸੀ ਐਲਾਨ

ਮਮਤਾ ਬੈਨਰਜੀ ਨੇ ਝਾਰਗ੍ਰਾਮ ਦੀ ਇਕ ਰੈਲੀ ਵਿੱਚ ਐਲਾਨ ਕੀਤਾ ਸੀ ਕਿ ਸੱਤਾ ਵਿੱਚ ਵਾਪਸੀ ਦੌਰਾਨ ਬੰਗਾਲ ਵਿੱਚ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਮੁਫ਼ਤ ਲਗਾਈ ਜਾਵੇਗੀ। ਟੀਐਮਸੀ ਮੁੱਖੀ ਮਮਤਾ ਬੈਨਰਜੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਚੋਣਾਂ ਦੌਰਾਨ ਸੱਤਾ ਵਿੱਚ ਆਉਣ ਲਈ ਬਿਹਾਰ ਦੇ ਲੋਕਾਂ ਨਾਲ ਮੁਫ਼ਤ ਟੀਕਾਕਰਨ ਦਾ ਵਾਅਦਾ ਕੀਤਾ ਸੀ। ਪਰ ਕੀ ਉਹਨਾਂ ਨੇ ਟੀਕੇ ਉਪਲੱਬਧ ਕਰਵਾਏ ਹਨ? ਨਹੀਂ, ਉਹਨਾਂ ਨੇ ਝੂਠ ਬੋਲਿਆ ਸੀ।