India

ਨੀਤੀ ਆਯੋਗ ਦੀ ਬੈਠਕ ਦਾ ਮਮਤਾ ਬੈਨਰਜੀ ਨੇ ਕੀਤਾ ਬਾਈਕਾਟ, ਕਿਹਾ- ਮੀਟਿੰਗ ਵਿੱਚ ਬੋਲਣ ਨਹੀਂ ਦਿੱਤਾ ਗਿਆ, ਮਾਈਕ ਬੰਦ ਕਰ ਦਿੱਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੀਤੀ ਆਯੋਗ ਦੀ ਬੈਠਕ ਅੱਧ ਵਿਚਾਲੇ ਛੱਡ ਕੇ ਚਲੀ ਗਈ। ਬਾਹਰ ਆ ਕੇ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮੀਟਿੰਗ ਵਿੱਚ ਬੋਲਣ ਨਹੀਂ ਦਿੱਤਾ ਗਿਆ। ਉਸ ਦਾ ਮਾਈਕ ਬੰਦ ਕਰ ਦਿੱਤਾ। ਮਮਤਾ ਨੇ ਕਿਹਾ- ਮੈਂ ਪੁੱਛਿਆ ਕਿ ਮੈਨੂੰ ਬੋਲਣ ਤੋਂ ਕਿਉਂ ਰੋਕਿਆ ਗਿਆ। ਉਹ ਵਿਤਕਰਾ ਕਿਉਂ ਕਰ ਰਹੇ ਹਨ? ਮਮਤਾ ਨੇ ਕਿਹਾ ਕਿ ਇਹ ਨਾ ਸਿਰਫ਼ ਬੰਗਾਲ ਦਾ ਅਪਮਾਨ ਹੈ, ਸਗੋਂ ਸਾਰੀਆਂ ਖੇਤਰੀ ਪਾਰਟੀਆਂ ਦਾ ਵੀ ਅਪਮਾਨ ਹੈ।

ਦਰਅਸਲ, ਪੀਐਮ ਮੋਦੀ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਹਨ। ਜਿਸ ਵਿੱਚ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਰਾਜਾਂ ਵਿੱਚੋਂ ਸਿਰਫ਼ ਮੁੱਖ ਮੰਤਰੀ ਮਮਤਾ ਨੇ ਹਿੱਸਾ ਲਿਆ ਸੀ। ਉਨ੍ਹਾਂ ਤੋਂ ਇਲਾਵਾ ਅਸਾਮ ਦੇ ਸੀਐਮ ਹਿਮੰਤ ਬਿਸਵਾ ਸ਼ਰਮਾ, ਰਾਜਸਥਾਨ ਦੇ ਸੀਐਮ ਭਜਨ ਲਾਲ ਸ਼ਰਮਾ, ਮੱਧ ਪ੍ਰਦੇਸ਼ ਦੇ ਸੀਐਮ ਮੋਹਨ ਯਾਦਵ, ਆਂਧਰਾ ਪ੍ਰਦੇਸ਼ ਦੇ ਸੀਐਮ ਚੰਦਰਬਾਬੂ ਨਾਇਡੂ ਅਤੇ ਗੋਆ ਦੇ ਸੀਐਮ ਪ੍ਰਮੋਦ ਸਾਵੰਤ ਵੀ ਪਹੁੰਚੇ ਹਨ।

I.N.D.I.A. ਬਲਾਕ ਪਾਰਟੀਆਂ ਨਾਲ ਸਬੰਧਤ 7 ਰਾਜਾਂ ਦੇ ਮੁੱਖ ਮੰਤਰੀਆਂ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਵਿੱਚ ਤਾਮਿਲਨਾਡੂ, ਤੇਲੰਗਾਨਾ, ਕਰਨਾਟਕ, ਹਿਮਾਚਲ ਪ੍ਰਦੇਸ਼, ਪੰਜਾਬ, ਕੇਰਲ ਅਤੇ ਝਾਰਖੰਡ ਦੇ ਮੁੱਖ ਮੰਤਰੀ ਸ਼ਾਮਲ ਹਨ। ਇਸ ਦੇ ਨਾਲ ਹੀ ਐਨਡੀਏ ਦੇ ਮੁੱਖ ਸਹਿਯੋਗੀ ਜੇਡੀਯੂ ਦੇ ਨਿਤੀਸ਼ ਕੁਮਾਰ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਦੀ ਥਾਂ ‘ਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਮੁੱਖ ਸਕੱਤਰ ਬ੍ਰਜੇਸ਼ ਮੇਹਰੋਤਰਾ ਬੈਠਕ ‘ਚ ਪਹੁੰਚੇ ਹਨ।

ਮਮਤਾ ਬੈਨਰਜੀ ਨੇ ਨੀਤੀ ਆਯੋਗ ਨੂੰ ਖ਼ਤਮ ਕਰਨ ਅਤੇ ਯੋਜਨਾ ਕਮਿਸ਼ਨ ਨੂੰ ਮੁੜ ਚਾਲੂ ਕਰਨ ਦੀ ਵਕਾਲਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਥਿੰਕ ਟੈਂਕ ਪੂਰੀ ਤਰ੍ਹਾਂ ਖੋਖਲਾ ਹੋ ਚੁੱਕਾ ਹੈ।