Punjab

ਜੇਲ੍ਹ ’ਚ ਬੰਦ ਮਾਲਵਿੰਦਰ ਸਿੰਘ ਮਾਲੀ ਨੇ ਜੇਲ੍ਹ ਪ੍ਰਸ਼ਾਸਨ ’ਤੇ ਲਾਏ ਗੰਭੀਰ ਇਲਜ਼ਾਮ! ਜਤਾਇਆ ਵੱਡਾ ਖ਼ਦਸ਼ਾ

ਪਟਿਆਲਾ: ਪਿਛਲੇ ਦਿਨੀਂ ਮੁਹਾਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਦਿਆਰਥੀ ਆਗੂ ਤੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ ਜੇਲ੍ਹ ਪ੍ਰਸ਼ਾਸਨ ਉੱਤੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਿਸੇ ਦੂਰ-ਦੁਰਾਡੇ ਦੀ ਜੇਲ੍ਹ ਵਿੱਚ ਭੇਜਣ ਦਾ ਖ਼ਦਸ਼ਾ ਜਤਾਇਆ ਹੈ। ਇਸ ਸਮੇਂ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹਨ।

ਸੈਂਟਰਲ ਜੇਲ੍ਹ ਪਟਿਆਲਾ ਵਿੱਚ ਜੁਡੀਸ਼ਲ ਹਿਰਾਸਤ ਦੌਰਾਨ ਮਾਲਵਿੰਦਰ ਸਿੰਘ ਮਾਲੀ ਨੇ ਉਨ੍ਹਾਂ ਦੇ ਛੋਟੇ ਭਰਾ ਰਣਜੀਤ ਸਿੰਘ ਗਰੇਵਾਲ ਨੂੰ ਫੋਨ ’ਤੇ ਕੀਤੀ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਦਾ ਅਪਰੇਸ਼ਨ ਹੋਣਾ ਸੀ, ਪਰ ਤਿੰਨ ਦਿਨ ਪਹਿਲਾਂ ਜੇਲ੍ਹ ਵਿੱਚ ਆਈਆਂ ਰਿਪੋਰਟਾਂ ਨੂੰ ਉਨ੍ਹਾਂ ਨੂੰ ਨਹੀਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਮੁਲਾਕਾਤ ਕਰਨ ਆਏ ਉਨ੍ਹਾਂ ਦੇ ਛੋਟੇ ਭਰਾ ਰਣਜੀਤ ਸਿੰਘ ਗਰੇਵਾਲ ਨੂੰ 3 ਘੰਟਿਆਂ ਦੀ ਖੱਜਲ-ਖੁਆਰੀ ਤੋਂ ਬਾਅਦ ਉਨ੍ਹਾਂ ਨਾਲ ਮਿਲਵਾਇਆ ਗਿਆ।

ਇਸ ਸਬੰਧੀ ਮਾਲਵਿੰਦਰ ਸਿੰਘ ਹੁਰਾਂ ਦੱਸਿਆ ਕਿ ਹੁਣ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਿਸੇ ਦੂਰ ਦੁਰਾਡੇ ਦੀ ਜੇਲ੍ਹ ਵਿੱਚ ਭੇਜਣ ਦੀਆਂ ਤਰਕੀਬਾਂ ਘੜੀਆਂ ਜਾ ਰਹੀਆਂ ਹਨ, ਤਾਂ ਕਿ ਉਸ ਨੂੰ ਵੱਧ ਤੋਂ ਵੱਧ ਪ੍ਰੇਸ਼ਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਇਲਾਜ਼ ਖੁਣੋਂ ਉਨ੍ਹਾਂ ਦੀ ਸਿਹਤ ਦਾ ਕੋਈ ਨੁਕਸਾਨ ਹੋਇਆ ਤਾਂ ਜੇਲ੍ਹ ਪ੍ਰਸ਼ਾਸਨ ਇਸ ਦਾ ਜ਼ਿੰਮੇਵਾਰ ਹੋਵੇਗਾ।

ਉਨ੍ਹਾਂ ਵੱਖ ਵੱਖ ਜਥੇਬੰਦੀਆਂ, ਸੰਸਥਾਵਾਂ ਅਤੇ ਬੁਧੀਜੀਵੀਆਂ ਵੱਲੋਂ ਉਠਾਈ ਆਵਾਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮੁਲਾਕਾਤ ਕਰਨ ਲਈ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇੱਥੇ ਖੱਜਲ-ਖੁਆਰ ਹੀ ਹੋਣਗੇ।