‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਅਗਨੀਪੱਥ ਸਕੀਮ ਦਾ ਐਲਾਨ ਕਰਕੇ ਮੁਲਕ ਨੂੰ ਅੱਗ ਵਿੱਚ ਝੋਕ ਦਿੱਤਾ ਹੈ। ਮੁਲਕ ਦੇ ਨੌਜਵਾਨਾਂ ਨਾਲ ਕੇਂਦਰ ਸਰਕਾਰ ਦਾ ਇਹ ਕੋਝਾ ਮਜ਼ਾਕ ਹੈ। ਉੱਥੇ ਸਰਹੱਦਾਂ ਉੱਤੇ ਦੇਸ਼ ਦੀ ਰਾਖੀ ਕਰਨ ਵਾਲੀ ਫ਼ੌਜ ਦਾ ਅਪਮਾਨ ਵੀ ਹੈ। ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸਲ ਵਿੱਚ ਅਗਨੀਪੱਥ ਦੇ ਨਾਂ ਉੱਤੇ ਭਾਜਪਾ ਆਪਣੀ ਇੱਕ ਵੱਖਰੀ ਫ਼ੌਜ ਤਿਆਰ ਕਰ ਰਹੀ ਹੈ।
ਉਨ੍ਹਾਂ ਨੇ ਅੱਗੇ ਦੋਸ਼ ਲਾਇਆ ਕਿ ਅਗਨੀਪੱਥ ਯੋਜਨਾ ਤਹਿਤ ਭਰਤੀ ਕੀਤੇ ਜਾਣ ਵਾਲੇ ਨੌਜਵਾਨਾਂ ਨੂੰ ਸਰਕਾਰੀ ਖਰਚੇ ਉੱਤੇ ਪੰਜ ਸਾਲਾਂ ਲਈ ਟਰੇਨਿੰਗ ਦੇ ਕੇ ਬਾਅਦ ਵਿੱਚ ਵਿਹਲੇ ਕਰ ਦਿੱਤਾ ਜਾਵੇਗਾ ਜਿਹੜਾ ਕਿ ਇੱਕ ਗਿਣੀ ਮਿੱਥੀ ਯੋਜਨਾ ਦੇ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਗਨੀਪੱਥ ਯੋਜਨਾ ਲਾਹੇਵੰਦ ਹੈ ਤਾਂ ਭਾਜਪਾ ਦੇ ਲੀਡਰ ਆਪਣੇ ਬੱਚਿਆਂ ਨੂੰ ਠੇਕੇ ਉੱਤੇ ਫੌਜ ਵਿੱਚ ਭਰਤੀ ਕਿਉਂ ਨਹੀਂ ਕਰਵਾ ਦਿੰਦੇ। ਉਨ੍ਹਾਂ ਨੇ ਦੁੱਖ ਪ੍ਰਗਟ ਕੀਤਾ ਕਿ ਫੌਜ ਵਿੱਚ ਭਰਤੀ ਹੋਣਾ ਕਿਸੇ ਵੇਲੇ ਫ਼ਖ਼ਰ ਦੀ ਗੱਲ ਮੰਨਿਆ ਜਾ ਰਿਹਾ ਸੀ ਪਰ ਅੱਜ ਇਸੇ ਨੂੰ ਲੈ ਕੇ ਭਾਰਤ ਦਾ ਨੌਜਵਾਨ ਖੁਦਕੁਸ਼ੀ ਕਰ ਰਿਹਾ ਹੈ।
ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਸੰਗਰੂਰ ਵਿੱਚ ਰੱਜੇ ਪੁੱਜੇ ਰਾਜਸੀ ਲੀਡਰਾਂ ਅਤੇ ਇੱਕ ਆਮ ਪਰਿਵਾਰ ਵਿੱਚੋਂ ਨੇਤਾ ਬਣੇ ਭਗਵੰਤ ਸਿੰਘ ਮਾਨ ਦਰਮਿਆਨ ਲੜਾਈ ਹੈ। ਉਨ੍ਹਾਂ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ।