Punjab

ਮਾਲਵਿੰਦਰ ਕੰਗ ਨੇ ਪਾਰਲੀਮੈਂਟ ‘ਚ ਦਿੱਤਾ ਭਾਸ਼ਣ, ਵਾਹਘਾ ਬਾਰਡਰ ਖੋਲ੍ਹਣ ਦੀ ਕੀਤੀ ਮੰਗ

ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ (Malwinder Singh Kang) ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਗੈਰ ਸੰਵਿਧਾਨਿਕ ਅਤੇ ਸੰਘੀ ਢਾਂਚੇ ਦੇ ਖਿਲਾਫ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਸੰਘੀ ਢਾਂਚੇ ਦਾ ਗਲਾ ਘੁੱਟਣ ਵਾਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਲਈ ਐਮਐਸਪੀ, ਚੰਡੀਗੜ੍ਹ, ਅਗਨੀਵੀਰ, ਵਾਹਘਾ ਬਾਰਡਰ ਖੋਲ੍ਹਣ ਅਤੇ ਪੰਜਾਬ ਲਈ ਸਪੈਸ਼ਲ ਪੈਕਜ ਦਾ ਮੁੱਦਾ ਚੁੱਕਿਆ ਹੈ।

ਕੰਗ ਨੇ ਕਿਹਾ ਕਿ ਦੇਸ਼ ਦਾ ਕਿਸਾਨ ਐਮਐਸਪੀ ਲਈ ਸੰਘਰਸ਼ ਕਰ ਰਿਹਾ ਹੈ ਪਰ ਉਸ ਨੂੰ ਅਜੇ ਤੱਕ ਐਮ ਐਸ ਪੀ ਦਾ ਹੱਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਸਾਨਾਂ ਲਈ ਐਮ ਐਸ ਪੀ ਦੇ ਹੱਕ ‘ਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਹੋਰ ਕਿੱਤਿਆਂ ਵਿੱਚ ਹਰ ਵਰਗ ਨੂੰ ਉਸ ਦਾ ਹੱਕ ਮਿਲਦਾ ਹੈ ਪਰ ਕਿਸਾਨਾਂ ਨੂੰ ਨਹੀਂ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬਾ ਜੋ ਦੇਸ਼ ਦਾ ਟਿੱਡ ਭਰਦਾ ਹੈ, ਉਸ ਦਾ ਬਜਟ ਵਿੱਚ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ। ਕੰਗ ਨੂੰ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਕੰਗ ਨੇ ਕਿਹਾ ਕਿ ਨਰਿੰਦਰ ਮੋੋਦੀ ਨੇ ਬਤੌਰ ਗੁਜਰਾਤ ਦੇ ਮੁੱਖ ਮੰਤਰੀ ਐਮਐਸਪੀ ਅਤੇ ਸਵਾਮੀਨਾਥਨ ਰਿਪੋਰਟ ਦੇ ਸਮਰਥਕ ਸਨ ਪਰ ਹੁਣ ਇਸ ਨੂੰ ਲਾਗੂ ਕਰਨ ਤੋਂ ਭੱਜ ਰਹੇ ਹਨ।

ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਕੋਲ ਰੁਜਗਾਰ ਦੀ ਭਾਰੀ ਕਮੀ ਹੈ। ਉਨ੍ਹਾਂ ਕੇਦਰ ਸਰਕਾਰ ‘ਤੇ ਵਰਦਿਆਂ ਕਿਹਾ ਕਿ ਅਗਨੀਵੀਰ ਸਕੀਮ ਰਾਹੀਂ ਨੌਜਵਾਨਾਂ ਨੂੰ ਬੇਰੁਜਗਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਹਾਲੀ ‘ਚ ਅਗਨੀਵੀਰ ਵੱਲੋਂ ਕੀਤੀ ਚੋਰੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਸ ਨੇ ਗ੍ਰਿਫਤਾਰੀ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦਾ ਫੌਜ ਵਿੱਚ ਕੋਈ ਭਵਿੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੀ ਇਸ ਤੋਂ ਘਬਰਾ ਕੇ ਅਗਨੀਵੀਰਾਂ ਲਈ ਖ਼ਾਸ ਪੈਕਜ ਲਿਆ ਰਹੀ ਹੈ।

ਉਨ੍ਹਾਂ ਨੇ ਵਾਹਘਾ ਬਾਰਡਰ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਦੀ ਤਰੱਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਂਧਰਾ ਪ੍ਰਦੇਸ਼ ਨੂੰ ਉਸ ਦੀ ਰਾਜਧਾਨੀ ਬਣਾਉਣ ਲਈ ਕਰੋੜਾਂ ਦਾ ਪੈਕਜ ਦੇ ਸਕਦੀ ਹੈ ਤਾਂ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਹੜ੍ਹਾਂ ਨੂੰ ਲੈ ਕੇ ਪੰਜਾਬ ਦਾ 1680 ਕਰੋੜ ਦਾ ਨੁਕਸਾਨ ਹੋਇਆ ਹੈ ਜਿਸ ਲਈ ਪੰਜਾਬ ਨੂੰ ਸਪੈਸ਼ਲ ਪੈਕਜ ਦਿੱਤਾ ਜਾਵੇ।

ਇਹ ਵੀ ਪੜ੍ਹੋ –   ‘ਸੁਖਬੀਰ ਬਾਦਲ ਦੀ ਮੁਆਫ਼ੀ ਵਾਲਾ ਲਿਫਾਫਾ ਜਨਤਕ ਹੋਵੇ’! ‘ਸਿੱਖ ਪੰਥ ‘ਚ ਚਰਚਾ ਹੋ ਸਕੇ, ਫੈਸਲਾ ਪੰਥ ਦੇ ਆਸ਼ੇ ਮੁਤਾਬਕ ਹੋਵੇ’!