The Khalas Tv Blog Punjab “ਰਾਜਨੀਤੀ ਹੀ ਕਰਨੀ ਹੈ ਤਾਂ ਰਾਜਪਾਲ ਨੂੰ ਸਿੱਧਾ ਰਾਜਨੀਤੀ ਵਿੱਚ ਆ ਜਾਣਾ ਚਾਹੀਦਾ ਹੈ,”ਮਾਲਵਿੰਦਰ ਸਿੰਘ ਕੰਗ ਦੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਦੋ ਟੁੱਕ
Punjab

“ਰਾਜਨੀਤੀ ਹੀ ਕਰਨੀ ਹੈ ਤਾਂ ਰਾਜਪਾਲ ਨੂੰ ਸਿੱਧਾ ਰਾਜਨੀਤੀ ਵਿੱਚ ਆ ਜਾਣਾ ਚਾਹੀਦਾ ਹੈ,”ਮਾਲਵਿੰਦਰ ਸਿੰਘ ਕੰਗ ਦੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਦੋ ਟੁੱਕ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਨੂੰ ਲਿਖੀ ਗਈ ਚਿੱਠੀ ਤੋਂ ਬਾਅਦ ਆਪ ਨੇ  ਭਾਜਪਾ ਤੇ ਪੰਜਾਬ ਦੇ ਰਾਜਪਾਲ ਨੂੰ ਸਵਾਲ ਕੀਤਾ ਹੈ ਕਿ ਦੇਸ਼ ਦੇ ਜਿਹਨਾਂ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ,ਉਥੇ ਹੀ ਸਰਕਾਰ ਦੇ ਕੰਮਾਂ ਵਿੱਚ ਰਾਜਪਾਲ ਦੀ ਦਖਲਅੰਦਾਜ਼ੀ ਕਿਉਂ ਹੈ?

ਚੰਡੀਗੜ੍ਹ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇਹ ਵੀ ਸਵਾਲ ਕੀਤਾ ਹੈ ਕਿ ਪੰਜਾਬ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਜੇਕਰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਮਿਲ ਰਹੀ ਹੈ ਤਾਂ ਇਸ ਵਿੱਚ ਗਲਤ ਕੀ ਹੈ ? ਸਿੰਗਾਪੁਰ ਪੂਰੇ ਵਿਸ਼ਵ ਵਿੱਚ ਸਿੱਖਿਆ ਦੇ ਖੇਤਰ ਵਿੱਚ ਮੰਨਿਆ ਹੋਇਆ ਕੇਂਦਰ ਹੈ ਤੇ ਜੇਕਰ ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਉਥੇ ਕੁਝ ਵਧੀਆ ਸਿੱਖਣ ਲਈ ਭੇਜਿਆ ਹੈ ਤਾਂ ਕਿ ਗੁਨਾਹ ਕਰ ਦਿੱਤਾ ਹੈ ? ਇਹ ਕਿਸੇ ਵੀ ਤਰਾਂ ਨਾਲ ਅਸੰਵਿਧਾਨਕ ਨਹੀਂ ਹੈ।

ਦਿੱਲੀ ਦੀ ਉਦਾਹਰਣ ਦਿੰਦੇ ਹੋਏ ਕੰਗ ਨੇ ਦੱਸਿਆ ਹੈ ਕਿ ਉਥ ਆਮ ਘਰਾਂ ਦੇ ਬੱਚੇ ਵੱਡੇ ਵੱਡੇ ਇਮਤਿਹਾਨਾਂ ਵਿੱਚ ਪਾਸ ਹੋ ਰਹੇ ਹਨ ਤਾਂ ਕਿ ਪੰਜਾਬ ਦੇ ਬੱਚਿਆਂ ਨੂੰ ਇਹ ਹੱਕ ਨਹੀਂ ਮਿਲਣਾ ਚਾਹੀਦਾ?ਉਹਨਾਂ ਸਵਾਲ ਚੁੱਕਿਆ ਹੈ ਕਿ ਕਿਹੜੇ ਸੂਬੇ ਦਾ ਰਾਜਪਾਲ ਇਸ ਤਰਾਂ ਨਾਲ ਸਰਕਾਰ ਦੇ ਕੰਮਾਂ ਵਿੱਚ ਦਖਲ ਦਿੰਦਾ ਹੈ ?

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਹੋਣ ‘ਤੇ ਰਾਜਪਾਲ ਵੱਲੋਂ ਕੀਤੇ ਗਏ ਸਵਾਲ ‘ਤੇ ਵੀ ਕੰਗ ਨੇ ਜਵਾਬ ਦਿੱਤਾ ਹੈ ਕਿ ਇੱਕ ਖੇਤੀਬਾੜੀ ਮਾਹਿਰ ਨੂੰ ਜੇਕਰ ਵੀਸੀ ਨਿਯੁਕਤ ਕਰ ਦਿੱਤਾ ਗਿਆ ਹੈ ਤਾਂ ਇਸ ਵਿੱਚ ਰਾਜਪਾਲ ਸਾਹਿਬ ਨੂੰ ਕਿਉਂ ਇਤਰਾਜ਼ ਹੈ? ਇਸ ਮਾਮਲੇ ਵਿੱਚ ਰਾਜਪਾਲ ਨੂੰ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਪਵੇਗਾ।

ਸਿੱਧੇ ਤੇ ਸਾਫ ਸ਼ਬਦਾਂ ਵਿੱਚ ਰਾਜਪਾਲ ਨੂੰ ਸੰਬੋਧਨ ਕਰਦੇ ਹੋਏ ਕੰਗ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਇਸ ਤਰਾਂ ਰਾਜਨੀਤੀ ਹੀ ਕਰਨੀ ਹੈ ਤਾਂ ਉਹਨਾਂ ਨੂੰ ਸਿੱਧਾ ਰਾਜਨੀਤੀ ਵਿੱਚ ਆ ਜਾਣਾ ਚਾਹੀਦਾ ਹੈ।ਇਸ ਤਰਾਂ ਪਰਦੇ ਪਿਛੇ ਤੋਂ ਬੇਲੋੜਾ ਦਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕੁਲਦੀਪ ਚਾਹਲ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤੇ ਜਾਣ ‘ਤੇ ਵੀ ਕੰਗ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਿਰਫ ਉਸ ‘ਤੇ ਲੱਗੇ ਇਲਜ਼ਾਮਾਂ ਦੇ ਕਾਰਨ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਚਹਿਲ ‘ਤੇ ਵੀ ਹਾਲੇ ਦੋਸ਼ ਸਾਬਤ ਨਹੀਂ ਹੋਏ ਹਨ। ਇਸ ਤੋਂ ਇਲਾਵਾ ਰਾਜਪਾਲ ਕੋਲ ਅਜਿਹੀ ਸ਼ਕਤੀ ਨਹੀਂ ਹੈ ਕਿ ਉਹ ਕਿਸੇ ਨੂੰ ਵੀ ਦੋਸ਼ੀ ਠਹਿਰਾ ਦੇਣ। ਖੁੱਦ ਮੋਦੀ ਸਰਕਾਰ ਦੀ ਕੈਬਨਿਟ ਵਿੱਚ ਉਹ ਵਿਅਕਤੀ ਬੈਠੇ ਹਨ ,ਜਿਹਨਾਂ ਦੇ ਬੱਚਿਆਂ ਨੇ ਕਿਸਾਨਾਂ ਦਾ ਸ਼ਰੇਆਮ ਕਤਲ ਕੀਤਾ ਹੈ । ਉਹਨਾਂ ਨੂੰ ਹਾਲੇ ਤੱਕ ਕਿਉਂ ਨਹੀਂ ਕੱਢਿਆ ਗਿਆ ਹੈ?

ਮੁੱਖ ਮੰਤਰੀ ਮਾਨ ਵੱਲੋਂ ਕੀਤੇ ਗਏ ਟਵੀਟ ‘ਤੇ ਰਾਜਪਾਲ ਵੱਲੋਂ ਇਤਰਾਜ਼ ਕੀਤੇ ਜਾਣ ਤੇ ਕੰਗ ਨੇ ਕਿਹਾ ਹੈ ਕਿ ਉਹਨਾਂ ਖੁੱਦ ਮੀਡੀਆ ਚਿੱਠੀ ਭੇਜੀ ਸੀ,ਉਹ ਕੀ ਸੀ ਫਿਰ? ਕਿ ਉਹ ਸਿੱਧੇ-ਸਿੱਧੇ ਮੁੱਖ ਮੰਤਰੀ ਨਾਲ ਗੱਲਬਾਤ ਨਹੀਂ ਕਰ ਸਕਦੇ ਸੀ? ਦਿੱਲੀ ਦੀ ਉਦਾਹਰਣ ਦਿੰਦੇ ਹੋਏ ਕੰਗ ਨੇ ਕਿਹਾ ਹੈ ਕਿ ਜਿਥੇ ਜਿਥੇ ਵੀ ਭਾਜਪਾ ਦੀ ਸਰਕਾਰ ਨਹੀਂ ਹੈ,ਉਥੇ ਉਥੇ ਹੀ ਇਹ ਤਾਨਾਸ਼ਾਹੀ ਰਵਈਆ ਅਪਨਾਇਆ ਜਾ ਰਿਹਾ ਹੈ । ਦਿੱਲੀ ਐਮਸੀਡੀ ਚੋਣਾਂ ਵਿੱਚ ਆਪ ਨੇ ਜਿੱਤ ਹਾਸਲ ਕੀਤੀ ਹੈ ਪਰ ਮੇਅਰ ਦੀ ਚੋਣ 3 ਵਾਰ ਟਾਲ ਦਿੱਤੀ ਗਈ ਹੈ। ਕੰਗ ਨੇ ਕਿਹਾ ਹੈ ਕਿ ਜੇ ਕਰ ਭਾਜਪਾ ਨੂੰ ਕਿਸੇ ਸੂਬੇ ਵਿੱਚ ਬਹੁਮਤ ਨਹੀਂ ਮਿਲਦਾ ਹੈ ਤਾਂ ਆਪਣੇ ਗਵਰਨਰ ਦੀਆਂ ਤਾਕਤਾਂ ਦਾ ਦੁਰਉਪਯੋਗ ਕਰ ਕੇ ਚੁਣੀਆਂ ਗਈਆਂ ਸਰਕਾਰਾਂ ਦੇ ਕੰਮ ਵਿੱਚ ਬੇਲੋੜਾ ਦਖਲ ਦਿੱਤਾ ਜਾਂਦਾ ਹੈ।

ਕੰਗ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ ਤੇ ਉਹ ਸੰਵਿਧਾਨ ਦੀ ਕਦਰ ਕਰਨਾ ਜਾਣਦੇ ਹਨ। ਜੇਕਰ ਗਵਰਨਰਾਂ ਨੇ ਹੀ ਦੇਸ਼ ਚਲਾਉਣਾ ਸੀ ਤਾਂ ਇਸ ਨੂੰ ਆਜ਼ਾਦ ਕਰਵਾਉਣ ਦੀ ਕੀ ਲੋੜ ਸੀ ? ਇਸ ਤਰਾਂ ਦਾ ਦਖਲ ਸੰਵਿਧਾਨ ਦੇ ਖਿਲਾਫ ਹੈ।

ਅਡਾਨੀ ਮਾਮਲੇ ‘ਚ ਬੋਲਦਿਆਂ ਕੰਗ ਨੇ ਕਿਹਾ ਹੈ ਕਿ ਇਸ ਨੇ ਦੇਸ਼ ਦਾ ਸਤਿਆਨਾਸ ਕੀਤਾ ਹੈ ,ਜਿਸ ਦੇ ਖਿਲਾਫ ਆਪ ਨੇ ਵੱਡਾ ਪ੍ਰਦਰਸ਼ਨ ਕੀਤਾ ਹੈ । ਜਿਸ ‘ਤੇ ਰਾਜਪਾਲ ਦੀ ਪੁਲਿਸ ਨੇ ਗੈਰ ਸੰਵਿਧਾਨਕ ਤਰੀਕੇ ਨਾਲ ਲਾਠੀਚਾਰਜ ਕੀਤਾ ਹੈ ।

ਆਪ ਦੇ ਇੱਕ ਹੋਰ ਆਗੂ ਸੰਨੀ ਆਹਲੂਵਾਲੀਆ ਨੇ ਵੀ ਇਸ ਸੰਬੰਧ ਵਿੱਚ ਬੋਲਦਿਆਂ ਕਿਹਾ ਹੈ ਕਿ ਅਡਾਨੀ ਨੂੰ ਕੇਂਦਰ ਸਰਕਾਰ ਦੀ ਸ਼ਹਿ ਮਿਲੀ ਹੈ ,ਜਿਸ ਕਾਰਨ ਉਸ ਦੀ ਜਾਇਦਾਦ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਹਿਡਨਬਰਗ ਦੀ ਇਸ ਰਿਪੋਰਟ ਦੇ ਖੁਲਾਸੇ ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਇਸ ਦੀ ਚਰਚਾ ਹੋਈ ਪਰ ਮੋਦੀ ਸਾਹਿਬ ਨੇ ਇਸ ਸੰਬੰਧ ਵਿੱਚ ਕੁੱਝ ਨਹੀਂ ਬੋਲਿਆ ਹੈ,ਸਗੋਂ ਅਡਾਨੀ ਨੂੰ ਸੁਰੱਖਿਆ ਦੇਣ ਵਿੱਚ ਲੱਗੇ ਹੋਏ ਹਨ। ਇਸੇ ਕਾਰਨ ਆਪ ਨੇ ਭਾਜਪਾ ਤੋਂ ਜੁਆਬ ਲੈਣ ਲਈ ਰੋਸ ਪ੍ਰਦਰਸ਼ਨ ਕੀਤਾ ਤਾਂ ਰਾਜਪਾਲ ਦੀ ਪੁਲਿਸ ਨੇ ਬੇਰਹਿਮੀ ਨਾਲ ਲਾਠੀਚਾਰਜ ਕਰਕੇ ਰੋਸ ਪ੍ਰਦਰਸ਼ਨ ਵਿੱਚ  ਸ਼ਾਮਲ ਮਹਿਲਾਵਾਂ ਸਣੇ 22 ਵਰਕਰਾਂ ਦੇ ਵੀ ਸੱਟਾਂ ਮਾਰੀਆਂ ਹਨ ਤੇ ਉਲਟਾ ਕਈਆਂ ਤੇ ਗਲਤ ਕੇਸ ਵੀ ਦਰਜ ਕੀਤੇ ਗਏ ਹਨ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਰਾਜਪਾਲ ਆਪ ਸਰਕਾਰ ਦੀ ਕਾਮਯਾਬੀ ਨੂੰ ਦੇਖ ਕੇ ਪ੍ਰੇਸ਼ਾਨ ਹਨ।

Exit mobile version