ਬਿਉਰੋ ਰਿਪੋਰਟ – ਰਵਨੀਤ ਬਿੱਟੂ (RAVNEET SINGH BITTU) ਅਤੇ ਹੋਰ ਬੀਜੇਪੀ ਆਗੂਆਂ ਵੱਲੋਂ ਰਾਹੁਲ ਗਾਂਧੀ (RAHUL GANDHI) ਖਿਲਾਫ਼ ਹੇਟ ਸਪੀਚ (HATE SPEECH) ਬੋਲਣ ’ਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ (MALIKA ARJUN KHARGA) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narendra Modi) ਨੂੰ ਚਿੱਠੀ ਲਿਖੀ ਹੈ ਜਿਸ ’ਤੇ ਬਿੱਟੂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਖੜਕੇ ਨੇ ਕਿਹਾ ਸੀ ਬੀਜੇਪੀ ਦੇ ਆਗੂਆਂ ਨੇ ਰਾਹੁਲ ਗਾਂਧੀ ਖਿਲਾਫ਼ ਬੇਹੱਦ ਇਤਰਾਜ਼ਯੋਗ ਅਤੇ ਹਿੰਸਕ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ। ਤੁਹਾਨੂੰ ਅਪੀਲ ਹੈ ਕਿ ਤੁਸੀਂ ਆਪਣੇ ਆਗੂਆਂ ’ਤੇ ਲਗਾਮ ਲਗਾਉ।
ਖੜਗੇ ਵੱਲੋਂ ਰਾਹੁਲ ਗਾਂਧੀ ਨੂੰ ਲਿਖੇ ਗਏ ਪੱਤਰ ਦੇ ਜਵਾਬ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਪਲਟਵਾਰ ਕਰਦੇ ਹੋਏ ਖੜਗੇ ਨੂੰ ਪੁੱਛਿਆ ਕੀ ਤੁਸੀਂ ਰਾਹੁਲ ਗਾਂਧੀ ਦੇ ਸਿੱਖਾਂ ’ਤੇ ਦਿੱਤੇ ਗਏ ਬਿਆਨ ਤੋਂ ਸਹਿਮਤ ਹੋ? ਬਿੱਟੂ ਨੇ ਕਿਹਾ ਰਾਹੁਲ ਗਾਂਧੀ ਦੇ ਪੱਗ ਵਾਲੇ ਬਿਆਨ ’ਤੇ ਕਾਂਗਰਸ ਦੇ ਸਿੱਖ ਐੱਮਪੀਜ਼ ਨੂੰ ਅੱਗੇ ਆਕੇ ਨਿੰਦਾ ਕਰਨੀ ਚਾਹੀਦੀ ਸੀ।
ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੇ ਇਲਜ਼ਾਮ ਲਗਾਇਆ ਕਿ ਅੱਜ ਮੇਰੇ ਘਰ ਗੁੰਡੇ ਭੇਜੇ ਸਨ, ਉਹ ਗੁੰਡੇ ਮੇਰੇ ਘਰ ਨੂੰ ਅੱਗ ਲਗਾਉਣ ਜਾਂ ਫਿਰ ਭੰਨ-ਤੋੜ ਕਰਨਾ ਚਾਹੁੰਦੇ ਸਨ। ਬਿੱਟੂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਰਾਹੁਲ ਗਾਂਧੀ ਜਿੰਨੇ ਮਰਜ਼ੀ ਗੁੰਡੇ ਮੇਰੇ ’ਤੇ ਹਮਲਾ ਕਰਨ, ਮੇਰੀ ਜ਼ਬਾਨ ਬੰਦ ਕਰਵਾਉਣ ਲਈ ਭੇਜਣ ਪਰ ਮੈਂ ਡਰਨ ਵਾਲਾ ਨਹੀਂ ਹਾਂ।
ਇਸ ਤੋਂ ਪਹਿਲਾਂ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਨੰਬਰ -1 ਅੱਤਵਾਦੀ ਦੱਸਦੇ ਹੋਏ,ਉਨ੍ਹਾਂ ਨੂੰ ਫੜਨ ਵਾਲੇ ਨੂੰ ਇਨਾਮ ਦੇਣ ਦਾ ਦਾਅਵਾ ਕੀਤਾ ਸੀ। ਬਿੱਟੂ ਨੇ ਕਿਹਾ ਸੀ ਕਿ ਰਾਹੁਲ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਸਿਰਫ਼ ਇੰਨਾਂ ਹੀ ਨਹੀਂ, ਬਿੱਟੂ ਦਰਬਾਰ ਸਾਹਿਬ ਦੇ ਹਮਲੇ ਅਤੇ ਦਿੱਲੀ ਨਕਸਲਕੁਸ਼ੀ ਲਈ ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਚੰਡੀਗੜ੍ਹ ਪੰਜਾਬ ਨੂੰ ਨਾ ਮਿਲਣ ਲਈ ਵੀ ਗਾਂਧੀ ਪਰਿਵਾਰ ਨੂੰ ਕੋਸਿਆ।
ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਬੀਜੇਪੀ ਦੇ ਆਗੂ ਤਰਵਿੰਦਰ ਸਿੰਘ ਮਾਰਵਾ ਨੇ 11 ਸਤੰਬਰ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਦੇ ਦੌਰਾਨ ਰਾਹੁਲ ਗਾਂਧੀ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਰਾਹੁਲ ਗਾਂਧੀ ਜ਼ਬਾਨ ਬੰਦ ਰੱਖਣ ਨਹੀਂ ਤਾਂ ਉਨ੍ਹਾਂ ਦਾ ਹਰਸ਼ ਵੀ ਦਾਦੀ ਵਰਗਾ ਹੋਵੇਗਾ।