Punjab

ਮਾਲੀ ਵੱਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲੇ ਲਗਾਤਾਰ ਜਾਰੀ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਲਗਾਤਾਰ ਹਮਲੇ ਜਾਰੀ ਹਨ। ਅੱਜ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਪਾ ਕੇ ਕੈਪਟਨ ‘ਤੇ ਨਿੱਜੀ ਹਮਲਾ ਵੀ ਬੋਲਿਆ ਹੈ। ਨਾਲ ਹੀ ਇਹ ਵੀ ਕਹਿ ਦਿੱਤਾ ਕਿ ਕਾਂਗਰਸ ਸਰਕਾਰ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ‘ਤੇ ਚੱਲਦੀ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ਰਾਹੀਂ ਕੁੱਝ ਫੋਟੋ ਸਾਂਝੀਆਂ ਕਰਦਿਆਂ ਕੈਪਟਨ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਲੈ ਕੇ ਸਖਤ ਟਿੱਪਣੀਆਂ ਕੀਤੀਆਂ ਹਨ। ਇਸਦੇ ਨਾਲ ਇਹ ਵੀ ਕਿਹਾ ਹੈ ਕਿ ਕੈਪਟਨ ਨੇ ਸਿੱਧੂ ਦੇ ਸਲਾਹਕਾਰਾਂ ਨਾਲ ਸਿਆਸੀ ਲੜਾਈ ਵਿੱਢ ਕੇ ਸਾਬਤ ਕਰ ਦਿੱਤਾ ਹੈ ਕਿ ਹੁਣ ਉਨ੍ਹਾਂ ਦੀ ਸਿਆਸੀ ਔਕਾਤ ਇੰਨੀ ਹੀ ਰਹਿ ਗਈ ਹੈ। ਉਨ੍ਹਾਂ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ, “ਕੈਪਟਨ ਦਾ ਕੌਮੀ ਸੁਰੱਖਿਆ, ਪੰਜਾਬ ਪ੍ਰਸ਼ਾਸਕ ਤੇ ਆਰਥਿਕ ਸਲਾਹਕਾਰ ਕੌਣ ???? ਸੋਚੋ ਤੇ ਬੋਲੋ !!

ਮਾਲੀ ਨੇ ਲਿਖਿਆ ਕਿ, ਕੈਪਟਨ ਸਾਹਿਬ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨਾਲ ਸਿਆਸੀ ਲੜਾਈ ਵਿੱਢ ਕੇ ਸਾਬਤ ਕਰ ਦਿੱਤਾ ਹੈ ਕਿ ਹੁਣ ਤੁਹਾਡੀ ਸਿਆਸੀ ਔਕਾਤ ਇੰਨੀ ਹੀ ਰਹਿ ਗਈ ਹੈ। ਤੁਹਾਡੇ ਕੌਮੀ ਸੁਰੱਖਿਆ ਤੇ ਪੰਜਾਬ ਪ੍ਰਸ਼ਾਸਨ ਦੇ ਸਲਾਹਕਾਰ ਬੀਬੀ ਅਰੂਸਾ ਆਲਮ ਜੀ ਹਨ। ਮੈਂ ਪਹਿਲਾਂ ਇਹੀ ਸਮਝਦਾ ਸੀ ਕਿ ਇਹ ਤੁਹਾਡਾ ਨਿੱਜੀ ਮਸਲਾ ਹੈ ਤੇ ਮੈਂ ਕਦੇ ਇਹ ਸੁਆਲ ਹੀ ਨਹੀਂ ਉਠਾਇਆ ਸੀ। ਪਰ ਹੁਣ ਤੁਸੀਂ ਨਵਜੋਤ ਸਿੱਧੂ ਦੇ ਨਿੱਜੀ ਸਲਾਹਕਾਰਾਂ ਦਾ ਮੁੱਦਾ ਕਾਂਗਰਸ ਪਾਰਟੀ ਦੀ ਸਿਆਸਤ ਤੇ ਦੇਸ਼ ਦੀ ਕੌਮੀ ਸੁਰੱਖਿਆ ਨਾਲ ਜੋੜ ਲਿਆ ਹੈ ਕਿ ਕੁੱਝ ਵੀ ਨਿੱਜੀ ਨਹੀਂ ਹੁੰਦਾ। ਸੋ, ਇਸ ਕਰਕੇ ਮੈਨੂੰ ਇਹ ਪੋਸਟ ਪਾਊਣ ਲਈ ਤੁਸੀਂ ਮਜ਼ਬੂਰ ਕਰ ਦਿੱਤਾ ਹੈ।

ਆਹ ਤਸਵੀਰਾਂ ਕੀ ਸੰਕੇਤ ਦੇ ਰਹੀਆਂ ਹਨ ? ਤੁਸੀਂ ਬੀਬੀ ਅਰੂਸਾ ਆਲਮ ਕਦੋਂ ਪੰਜਾਬ ਕਾਂਗਰਸ ਵਿੱਚ ਸ਼ਾਮਿਲ ਕੀਤੀ ਹੈ? ਪੰਜਾਬ ਦੇ ਡੀਜੀਪੀ ਤੇ ਮੁੱਖ ਸਕੱਤਰ ਪਾਕਿਸਤਾਨੀ ਨਾਗਰਿਕ ਬੀਬੀ ਅਰੂਸਾ ਆਲਮ ਦਾ ਅਸ਼ੀਰਵਾਦ ਕਿਉਂ ਲੈ ਰਹੇ ਨੇ? ਪਾਕਿਸਤਾਨੀ ਨਾਗਰਿਕ ਬੀਬੀ ਅਰੂਸਾ ਆਲਮ ਬਾਰੇ ਸੁਣਿਆ ਹੈ ਕਿ ਉਹ ਡਿਫੈਂਸ ਮਾਮਲਿਆਂ ਦੇ ਮਾਹਰ ਪੱਤਰਕਾਰ ਹਨ ਤੇ ਉਹਨਾ ਦਾ ਨਰਿੰਦਰ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਗੂੜਾ ਸੰਬੰਧ ਹੈ ਤੇ ਇਸੇ ਕਰਕੇ ਉਨ੍ਹਾਂ ਨੂੰ ਭਾਰਤ ਦੇ ਵੀਜ਼ੇ ਅਤੇ ਤੁਹਾਡੇ ਸਿਸਵਾਂ ਫ਼ਾਰਮ ਵਿੱਚ ਲਗਾਤਾਰ ਰਹਿਣ ਵਿੱਚ ਕੋਈ ਮੁਸ਼ਕਿਲ ਨਹੀਂ ਹੈ।

ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਕਰਤਾਰਪੁਰ ਲਾਂਘੇ ਵੇਲੇ ਸਿੱਧੂ ਖਿਲਾਫ਼ ਤੁਹਾਡਾ ਡੱਟ ਕੇ ਸਾਥ ਦੇਣ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਅਰੂਸਾ ਦੇ ਭਾਰਤ ਲਈ ਵੀਜ਼ੇ ਸੰਬੰਧੀ ਉਸਦੀ ਬਹੁਤ ਮਦਦਗਾਰ ਰਹੀ ਹੈ। ਭਾਰਤ ਸਰਕਾਰ ਦੇ ਪਾਕਿਸਤਾਨ ਦੇ ਨਾਗਰਿਕਾਂ ਨੂੰ ਭਾਰਤ ਦਾ ਵੀਜ਼ਾ ਦੇਣ ਦੇ ਨਿਯਮ ਹਨ। ਉਨ੍ਹਾਂ ਨੂੰ ਵੀਜ਼ਾ ਠੋਸ ਮਕਸਦ ਤੇ ਤਹਿ-ਸ਼ੁਦਾ ਥਾਂਵਾਂ ਤੱਕ ਜਾਣ ਲਈ ਅਤੇ ਨਿਸਚਿਤ ਸਮੇਂ ਅਤੇ ਸੀਮਾ ਲਈ ਹੀ ਦਿੱਤਾ ਜਾਂਦਾ ਹੈ। ਪਰ ਬੀਬੀ ਅਰੂਸਾ ਆਲਮ ਨੂੰ ਭਾਰਤ ਅੰਦਰ ਆਉਣ, ਵਿਚਰਨ ਤੇ ਰਹਿਣ ਲਈ ਐਨੀ ਖੁੱਲ੍ਹ ਕਿਹੜੇ ਨਿਯਮਾਂ ਅਨੁਸਾਰ ਦਿੱਤੀ ਜਾਂਦੀ ਰਹੀ ਹੈ? ਮੋਦੀ ਸਰਕਾਰ ਕੋਲ ਇਸਦਾ ਕੋਈ ਜਬਾਬ ਹੈ?

ਕੈਪਟਨ ਸਾਹਿਬ ਤੁਹਾਡੇ ਆਰਥਕ ਸਲਾਹਕਾਰ ਭਰਤਇੰਦਰ ਚਾਹਲ ਬਾਰੇ ਤਾਂ ਮੈਨੂੰ ਇੰਨੀ ਜਾਣਕਾਰੀ ਹੈ ਕਿ ਤੁਸੀਂ ਉਹ ਸੁਣ ਕੇ ਖ਼ੁਦ ਵੀ ਹੈਰਾਨ ਰਹਿ ਜਾਵੋਗੇ। ਜਦੋਂ ਮੈਂ ਤੁਹਾਡੇ ਇਸ ਮੀਡੀਏ ਸਲਾਹਕਾਰ ਨਾਲ ਲੋਕ ਸੰਪਰਕ ਅਫਸਰ ਸੀ ਤਾਂ ਇਸਨੇ ਹਿਮਾਚਲ ਅੰਦਰ ਇੱਕ ਅਜਿਹੀ ਕੋਠੀ ਬਣਾਈ ਸੀ, ਜਿਸਦਾ ਸਾਰਾ ਸਮਾਨ ਵਿਦੇਸ਼ ਤੋਂ ਮੰਗਵਾਇਆ ਸੀ। ਜਦੋਂ ਇਸ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ ਤਾਂ ਇਸ ਕੋਠੀ ਦਾ ਜ਼ਿਕਰ ਵੀ ਆਇਆ ਸੀ ਅਤੇ ਰੌਲਾ ਵੀ ਪਿਆ ਸੀ ਕਿ ਇਹ ਕੋਠੀ ਹਿਮਾਚਲ ਦੇ ਕਿਸੇ ਵੱਡੇ ਅਫਸਰ ਦੇ ਬੇਟੇ ਦੇ ਨਾਮ ’ਤੇ ਬੇਨਾਮੀ ਜਾਇਦਾਦ ਚਹਿਲ ਸਾਹਿਬ ਦੀ ਹੀ ਹੈ। ਹੁਣ ਵੀ ਚਰਚਾ ਹੈ ਕਿ ਹੁਣ ਪੰਜਾਬ ਪ੍ਰਸ਼ਾਸਨ ਵਿੱਚ ਸਾਰੀਆਂ ਤਬਦੀਲੀਆਂ ਮੋਦੀ ਤੇ ਸੁਖਬੀਰ ਬਾਦਲ ਦੀ ਚਾਹਤ ਅਨੁਸਾਰ ਹੀ ਹੋ ਰਹੀਆਂ ਹਨ ਤੇ ਤੁਹਾਡੇ ਤਾਂ ਦਸਤਖ਼ਤ ਹੀ ਹੋ ਰਹੇ ਹਨ, ਸੱਚਾਈ ਕੀ ਹੈ? ਇਹ ਤੁਸੀਂ ਜਾਣੋ।

… ਹਾਲੇ ਐਨਾ ਹੀ !!”