Punjab

ਪੰਜਾਬ ‘ਚ ਵੱਡਾ ਰੇਲ ਹਾਦਸਾ, ਮਾਲਗੱਡੀ ਦਾ ਇੰਜਣ ਪੈਸੇਂਜਰ ਗੱਡੀ ਨਾਲ ਟਕਰਾਇਆ, 2 ਲੋਕੋ ਪਾਇਲਟ ਜ਼ਖਮੀ

ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿਚ ਅੱਜ ਸਵੇਰੇ ਲਗਭਗ 4 ਵਜੇ ਰੇਲ ਹਾਦਸਾ ਵਾਪਰਿਆ ਹੈ। ਇਥੇ 2 ਗੱਡੀਆਂ ਦੀ ਟੱਕਰ ਹੋ ਗਈ। ਇਕ ਮਾਲਗੱਡੀ ਦਾ ਇੰਜਣ ਪਲਟ ਗਿਆ ਤੇ ਪੈਸੇਂਜਰ ਗੱਡੀ ਵੀ ਲਪੇਟ ਵਿਚ ਆਈ। ਹਾਦਸੇ ਵਿਚ 2 ਲੋਕੋ ਪਾਇਲਟ ਜ਼ਖਮੀ ਹੋਏ ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ।

ਜਾਣਕਾਰੀ ਮੁਤਾਬਕ ਹਾਦਸਾ ਮਾਲਗੱਡੀ ਲਈ ਬਣੇ DFCC ਟ੍ਰੈਕ ਦੇ ਨਿਊ ਸਰਹਿੰਦ ਸਟੇਸ਼ਨ ਕੋਲ ਹੋਇਆ। ਇਥੇ ਪਹਿਲਾਂ ਤੋਂ ਕੋਲੇ ਨਾਲ ਲੋਡ 2 ਗੱਡੀਆਂ ਖੜ੍ਹੀਆਂ ਸਨ। ਅੱਜ ਸਵੇਰੇ ਇਕ ਮਾਲਗੱਡੀ ਦਾ ਇੰਜਣ ਖੁੱਲ੍ਹ ਕੇ ਦੂਜੀ ਨਾਲ ਟਕਰਾਇਆ। ਇਸ ਦੇ ਬਾਅਦ ਇੰਜਣ ਪਲਟ ਕੇ ਅੰਬਾਲਾ ਤੋਂ ਜੰਮੂ ਤਵੀ ਵੱਲ ਜਾ ਰਹੀ ਪੈਸੇਂਜਰ ਗੱਡੀ ਵਿਚ ਫਸ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮਾਲਗੱਡੀ ਦੀਆਂ ਬੋਗੀਆਂ ਵੀ ਇਕ ਦੂਜੇ ‘ਤੇ ਚੜ੍ਹ ਗਈਆਂ। ਹਾਲਾਂਕਿ ਪੈਸੇਂਜਰ ਗੱਡੀ ਵਿਚ ਕਿਸੇ ਯਾਤਰੀ ਨੂੰ ਨੁਕਸਾਨ ਦੀ ਸੂਚਨਾ ਨਹੀਂ ਹੈ

ਜਿਵੇਂ ਹੀ ਇੰਜਣ ਦੀ ਪੈਸੇਂਜਰ ਗੱਡੀ ਨਾਲ ਟੱਕਰ ਹੋਈ ਤਾਂ ਇਸ ਵਿਚ ਸਵਾਰ ਸੈਂਕੜੇ ਯਾਤਰੀਆਂ ਵਿਚ ਚੀਖ-ਚਿਹਾੜਾ ਮਚ ਗਿਆ। ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਚ ਡਾ. ਇਰਵਿਨਪ੍ਰੀਤ ਕੌਰ ਨੇ ਦੱਸਿਆ ਕਿ ਰੇਲ ਹਾਦਸੇ ਦੇ ਬਾਅਦ ਦੋ ਲੋਕੋ ਪਾਇਲਟ ਇਥੇ ਲਿਆਂਦੇ ਗਏ ਸਨ। ਉਨ੍ਹਾਂ ਦੀ ਪਛਾਣ ਵਿਕਾਸ ਕੁਮਾਰ ਤੇ ਹਿਮਾਂਸ਼ੂ ਕੁਮਾਰ ਵਾਸੀ ਸਹਾਰਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਵਿਕਾਸ ਨੂੰ ਹੈੱਡ ਇੰਜਰੀ ਹੈ ਤੇ ਹਿਮਾਂਸ਼ੂ ਦੇ ਪਿੱਠ ਵਿਚ ਸੱਟ ਲੱਗੀ ਹੈ। ਦੋਵਾਂ ਨੂੰ ਫਸਟ ਏਡ ਦੇਣ ਦੇ ਬਾਅਦ ਪਟਿਆਲਾ ਰੈਫਰ ਕੀਤਾ ਗਿਆ।

ਦੂਜੇ ਪਾਸੇ ਸਰਹਿੰਦ ਦੇ ਥਾਣਾ ਇੰਚਾਰਜ ਰਤਨਲਾਲ ਨੇ ਦੱਸਿਆ ਕਿ ਪੈਸੇਂਜਰ ਗੱਡੀ ਅੰਬਾਲਾ ਵੱਲ ਜਾ ਰਹੀ ਸੀ। ਜਦੋਂ ਉਹ ਸਰਹਿੰਦ ਸਟੇਸ਼ਨ ‘ਤੇ ਖੜ੍ਹੀ ਸੀ, ਉਦੋਂ ਇਹ ਹਾਦਸਾ ਹੋ ਗਿਆ। ਹੁਣ ਇਹ ਹਾਦਸਾ ਕਿਵੇਂ ਹੋਇਆ, ਇਹ ਜਾਂਚ ਦਾ ਵਿਸ਼ਾ ਹੈ।

ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਅਪ ਲਾਈਨ ਬਿਲਕੁਲ ਠੱਪ ਹੋ ਗਿਆ ਹੈ। ਅੰਬਾਲਾ ਡਵੀਜ਼ਨ ਦੇ ਡੀਆਰਐੱਮ ਸਣੇ ਰੇਲਵੇ, ਜੀਆਰਪੀ ਤੇ ਆਰਪੀਐੱਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਹਨ।