ਬਿਉਰੋ ਰਿਪੋਰਟ – 1984 ਸਿੱਖ ਨਸਲਕੁਸ਼ੀ ਦੌਰਾਨ ਦਿੱਲੀ ਦੇ ਪੁਲਬੰਗਸ਼ (1984 RIOTS DELHI PULBANGASH CASE) ਵਿੱਚ ਤਿੰਨ ਸਿੱਖਾਂ (THREEE SIKH MURDER) ਦੇ ਕਤਲ ਦੇ ਮਾਮਲੇ ਵਿੱਚ ਚਾਰਜਸ਼ੀਟ ਫਾਈਲ (CHARGSHEET) ਹੋਣ ਤੋਂ ਬਾਅਦ ਅੱਜ ਰਾਊਜ਼ ਐਵੇਨਿਊ ਕੋਰਟ (ROUSE AVENUE COURT) ਵਿੱਚ ਸੁਣਵਾਈ ਹੋਈ। ਪੀੜ੍ਹਤਾਂ ਦੇ ਵਕੀਲ ਐੱਸ ਐੱਚ ਫੂਲਕਾ (HS PHOOLKA) ਨੇ ਦੱਸਿਆ ਕਿ ਜਗਦੀਸ਼ ਟਾਈਟਲਰ (JAGDISH TYTLER) ਨੂੰ ਚਾਰਜਸ਼ੀਟ ਦੀ ਕਾਪੀ ਦਿੱਤੀ ਗਈ ਅਤੇ ਉਸ ਨੇ ਇਲਜ਼ਾਮਾਂ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ। ਹੁਣ ਇਹ ਕੇਸ ਗਵਾਹੀਆਂ ਲਈ ਜਾਵੇਗਾ, 3 ਅਕਤੂਬਰ ਨੂੰ ਪਹਿਲੀ ਗਵਾਹੀ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਦੀ ਹੋਵੇਗੀ। ਜਿਸ ਦੇ ਪਤੀ ਨੂੰ ਪੁਲਬੰਗਸ਼ ਵਿੱਚ 3 ਸਿੱਖਾਂ ਦੇ ਨਾਲ ਮਾਰਿਆ ਸੀ।
ਵਕੀਲ ਐੱਚ ਐੱਸ ਫੂਲਕਾ ਨੇ ਹੈਰਾਨੀ ਅਤੇ ਨਰਾਜ਼ਗੀ ਜਤਾਈ ਕਿ 40 ਸਾਲ ਪੁਲਬੰਗਸ਼ ਕੇਸ ਦੀ ਸੁਣਵਾਈ ਸ਼ੁਰੂ ਹੋਈ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਈ ਪਾਵਰਫੁੱਲ ਸ਼ਖਸ ਆਪਣੀ ਤਾਕਤ ਦੇ ਨਾਲ ਕੇਸ ਨੂੰ ਆਪਣੇ ਹਿਸਾਬ ਨਾਲ ਮੋੜ ਸਕਦਾ ਹੈ। ਉਨ੍ਹਾਂ ਕਿਹਾ ਹੁਣ ਸਾਨੂੰ ਉਮੀਦ ਹੈ ਕਿ ਜਗਦੀਸ਼ ਟਾਈਟਲਰ ਵੀ ਜਲਦ ਹੀ ਸਲਾਖਾਂ ਦੇ ਪਿੱਛੇ ਹੋਵੇਗਾ ਜਿਵੇਂ ਸੱਜਣ ਕੁਮਾਰ ਹੈ।
ਉੱਧਰ ਬੀਜੇਪੀ ਦੇ ਆਗੂ ਆਰ. ਪੀ ਸਿੰਘ ਨੇ ਕਿਹਾ ਪੁਲਬੰਗਸ਼ ਮਾਮਲੇ ਵਿੱਚ ਸੀਬੀਆਈ ਕੋਲ ਪੂਰੇ ਸਬੂਤ ਹਨ ਅਤੇ ਟਾਈਟਲ ਦਾ ਹਰਸ਼ ਵੀ ਸੱਜਣ ਕੁਮਾਰ ਵਰਗਾ ਹੋਵੇਗਾ ਉਸ ਨੂੰ ਜੇਲ੍ਹ ਜਾਣਾ ਹੋਵੇਗਾ।
ਅਦਾਲਤ ਨੇ ਪੁਲਬੰਗਸ਼ ਗੁਰਦੁਆਰਾ ਹਿੰਸਾ ਅਤੇ ਤਿੰਨ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਜਗਦੀਸ਼ ਟਾਈਟਲਰ ਖ਼ਿਲਾਫ਼ ਆਈਪੀਸੀ ਦੀ ਧਾਰਾ 147, 149, 153ਏ, 188, 109, 295, 380 ਅਤੇ 302 ਤਹਿਤ ਕੇਸ ਦਰਜ ਕੀਤਾ ਸੀ। ਹਾਲਾਂਕਿ ਜਗਦੀਸ਼ ਟਾਈਟਲਰ ਨੂੰ ਪਹਿਲਾਂ ਵੀ ਪੁਲ ਬੰਗਸ਼ ਗੁਰਦੁਆਰਾ ਹਿੰਸਾ ਮਾਮਲੇ ਵਿੱਚ ਤਿੰਨ ਵਾਰ ਕਲੀਨ ਚਿੱਟ ਮਿਲ ਚੁੱਕੀ ਹੈ ਪਰ ਇਸ ਵਾਰ ਅਦਾਲਤ ਨੇ ਸਿੱਖ ਨਸਲਕੁਸ਼ੀ ਦੇ ਮਾਮਲੇ ’ਚ ਸਾਬਕਾ ਸੰਸਦ ਮੈਂਬਰ ’ਤੇ ਦੋਸ਼ ਆਇਦ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਸੀਬੀਆਈ ਨੇ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਚਸ਼ਮਦੀਦ ਗਵਾਹਾਂ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਦੰਗਿਆਂ ਦੌਰਾਨ ਭੀੜ ਨੂੰ ਭੜਕਾਉਂਦੇ ਦੇਖਿਆ ਸੀ।
ਇਸ ਤੋਂ ਪਹਿਲਾਂ ਵੀ ਪਿਛਲੀਆਂ ਸੁਣਵਾਈਆਂ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਟਾਈਟਲਰ ਨੂੰ ਬਚਾਉਣ ਲਈ ਅਦਾਲਤ ਵਿੱਚ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਸਨ। ਇਸ ਤੋਂ ਪਹਿਲਾਂ 19 ਜੁਲਾਈ ਨੂੰ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਮਨੂ ਸ਼ਰਮਾ ਨੇ ਦੂਰਦਰਸ਼ਨ ’ਤੇ ਤੀਨ ਮੂਰਤੀ ਹਾਊਸ, ਜਿੱਥੇ ਇੰਦਰਾ ਗਾਂਧੀ ਦੀ ਲਾਸ਼ ਰੱਖੀ ਹੋਈ ਸੀ, ਦੀ ਸ਼ੂਟਿੰਗ ਦਾ ਵੀਡੀਓ ਰਿਕਾਰਡ ’ਤੇ ਰੱਖਿਆ ਸੀ।
ਮਨੂ ਸ਼ਰਮਾ ਨੇ ਦਲੀਲ ਦਿੱਤੀ ਸੀ ਕਿ ਸੀਬੀਆਈ ਨੇ ਤਿੰਨ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ ਹਨ। ਸੀਬੀਆਈ ਨੇ 2009 ਵਿੱਚ ਸਹਿ ਮੁਲਜ਼ਮ ਸੁਰੇਸ਼ ਕੁਮਾਰ ਪਾਨੇਵਾਲਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਉਸ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਇਹ ਵੀ ਦਲੀਲ ਦਿੱਤੀ ਗਈ ਕਿ 1984 ਤੋਂ 2022-23 ਤੱਕ ਕੋਈ ਗਵਾਹ ਸਾਹਮਣੇ ਨਹੀਂ ਆਇਆ। 40 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਗਵਾਹ ਸਾਹਮਣੇ ਆ ਰਹੇ ਹਨ। ਉਨ੍ਹਾਂ ’ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ?