India International Khalas Tv Special Punjab

ਖ਼ਾਸ ਰਿਪੋਰਟ-ਕੀ ਸਿਰਫ ਰੁਜ਼ਗਾਰ ਹੈ ਪੰਜਾਬੀ ਨੌਜਵਾਨਾਂ ਦਾ ਦੂਜੇ ਮੁਲਕਾਂ ਵੱਲ ਭੱਜਣ ਦਾ ‘ਵੱਡਾ ਕਾਰਣ’

ਜਗਜੀਵਨ ਮੀਤ
ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ ਜਾਣਾ ਕੋਈ ਨਵੀਂ ਖੇਡ ਜਾਂ ਗੱਲ ਨਹੀਂ ਹੈ। ਇਹ ਅਕਸਰ ਕਿਹਾ ਜਾਂਦਾ ਹੈ ਕਿ ਆਪਣੇ ਦੇਸ਼ ਵਿਚ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਨਹੀਂ ਮਿਲ ਰਹੇ ਜਾਂ ਘੱਟ ਮਿਲ ਰਹੇ ਹਨ, ਜਿਸ ਕਾਰਨ ਇਹ ਪੰਜਾਬੋਂ ਬਾਹਰ ਪੈਰ ਜਮਾਂ ਰਹੇ ਹਨ। ਪਰ ਕੀ ਸਿਰਫ ਰੁਜਗਾਰ ਹੀ ਹੈ ਕਿ ਨੌਜਵਾਨ ਵਿਦੇਸ਼ ਜਾ ਰਹੇ ਹਨ ਤੇ ਉਨ੍ਹਾਂ ਨੌਜਵਾਨਾਂ ਦਾ ਕੀ ਬਣਦਾ ਹੈ ਜਿਹੜੇ ਅੱਧ ਕਰੋੜਾਂ ਰੁਪਏ ਖਰਚ ਕੇ ਬੇਗਾਨੇ ਮੁਲਕ ਲਈ ਜਹਾਜ ਨਹੀਂ ਫੜ੍ਹ ਪਾਉਂਦੇ। ਹੁਣ ਸਮਾਂ ਰਵਾਇਤੀ ਕਾਰਨਾਂ ਨੂੰ ਛੱਡ ਨਵੇਂ ਸਵਾਲ ਹੱਲ ਕਰਨ ਦਾ ਹੈ, ਜਿੱਥੇ ਸਰਕਾਰਾਂ ਵੀ ਜਵਾਬਦੇਹ ਹਨ।ਕਿਤੇ ਇਹ ਤਾਂ ਨਹੀਂ ਕਿ ਨੌਜਵਾਨ ਸਿਰਫ ਸਰਕਾਰੀ ਰੁਜਗਾਰ ਨੂੰ ਹੀ ਨੌਕਰੀ ਮੰਨਦੇ ਹੋਣ।

ਸਰਹੱਦੀ ਰਾਜਾਂ ਦੀ ਗੱਲ ਕਰੀਏ ਤਾਂ ਇੱਥੇ ਕਦੀ ਕੋਈ ਵੱਡਾ ਉਦਯੋਗ ਨਹੀਂ ਲੱਗਾ ਤੇ ਜੋ ਕੁਝ ਛੋਟੇ ਤੇ ਮੱਧਵਰਗੀ ਉਦਯੋਗ ਲੱਗੇ ਵੀ ਹੋਏ ਸਨ, ਉਹ ਵੀ ਸਮੇਂ-ਸਮੇਂ ਦੀਆਂ ਦੋਸ਼ਪੂਰਨ ਉਦਯੋਗ ਨੀਤੀਆਂ ਦੀ ਭੇਂਟ ਚੜ੍ਹ ਗਏ ਹਨ।ਇਕੱਲੇ ਦੋਆਬੇ ਖੇਤਰ ’ਚੋਂ ਹੀ ਜ਼ਿਆਦਾਤਰ ਲੋਕ ਵਿਦੇਸ਼ਾਂ ਨੂੰ ਤੁਰ ਗਏ ਹਨ, ਪਰ ਅੱਜ ਹਰ ਕੋਨੇ ’ਚ ਬੱਚਿਆਂ ਦੀ ਵਿਦੇਸ਼ਾਂ ਵੱਲ ਨੱਠ ਭੱਜ ਲੱਗੀ ਹੋਈ ਹੈ। ਹਾਲਾਤ ਇਹ ਹਨ ਕਿ ਪਿੰਡਾਂ, ਸ਼ਹਿਰਾਂ, ਗਲੀਆਂ ਤੇ ਮੁਹੱਲਿਆਂ ’ਚ ਹਰ ਤੀਜੇ ਘਰ ’ਚ ਬੱਚੇ ਵਿਦੇਸ਼ਾਂ ’ਚ ਗਏ ਹੋਏ ਹਨ ਤੇ ਘਰ ’ਚ ਸਿਰਫ਼ ਬਿਰਧ ਜਾਂ ਦੂਜੇ ਸੂਬਿਆਂ ਤੋਂ ਰੁਜਗਾਰ ਖਾਤਰ ਲੋਕ ਆਏ ਹੋਏ ਨਜ਼ਰ ਆਉਂਦੇ ਹਨ। ਗੱਲ ਇੱਥੇ ਹੀ ਨਹੀਂ ਰੁਕ ਰਹੀ, ਗ਼ਰੀਬ ਜਾਂ ਮੱਧ ਵਰਗ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਦੌੜਭੱਜ ਕਰਦੇ ਵੇਖੇ ਜਾ ਰਹੇ ਹਨ। ਜਮੀਨਾਂ ਗਹਿਣੇ ਰੱਖੀਆਂ ਜਾ ਰਹੀਆਂ ਹਨ, ਏਜੰਟਾਂ ਨੇ ਲੁੱਟ ਮਚਾ ਰੱਖੀ ਹੋਈ ਹੈ। ਲੱਖਾਂ ਰੁਪਏ ਕਰਜਾ ਲੈ ਕੇ ਨੌਜਵਾਨ ਵਿਦੇਸ਼ਾਂ ਵਿਚ ਜਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਹਨ ਤੇ ਮਾਪੇ ਸਾਰੀ ਉਮਰ ਬੱਚਿਆਂ ਖਾਤਰ ਚੁੱਕਿਆ ਕਰਜਾ ਲਾਹੁਣ ਲਈ ਬੋਝ ਲੈ ਕੇ ਬੈਠੇ ਹਨ।

ਵਿਦੇਸ਼ ਜਾਣ ਦਾ ਸਿਰਫ ਕਾਰਣ ਹੁਣ ਰੁਜਗਾਰ ਨਹੀਂ ਰਹਿ ਗਿਆ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਭਾਵ ਕਿ ਪਿੰਡਾਂ ’ਚ ਖੇਤੀ ਹੀ ਰੁਜ਼ਗਾਰ ਦਾ ਮੁੱਖ ਸਾਧਨ ਹੈ ਪਰ ਅਜੋਕੇ ਖੇਤੀ ਧੰਦਿਆਂ ’ਚ ਅਨੇਕਾਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸਰਕਾਰਾਂ ਸਿਰਫ ਸਿਆਸੀ ਹੱਲ ਕਰ ਰਹੀਆਂ ਹਨ। ਅਲਪ ਰੁਜ਼ਗਾਰ, ਖੇਤੀ ਦੇ ਕੰਮ ਦਾ ਮੌਸਮੀ ਸੁਭਾਅ, ਸਹਿਯੋਗੀ ਧੰਦਿਆਂ ਦੀ ਘਾਟ, ਖੇਤੀ ਉਪਜਾਂ ਦਾ ਦੋਸ਼ਪੂਰਨ ਮੰਡੀਕਰਨ, ਖੇਤੀ ਉਪਜਾਂ ਦੀ ਦੂਜੇ ਸੂਬਿਆਂ ਤੇ ਵਿਦੇਸ਼ਾਂ ’ਚ ਘੱਟ ਮੰਗ ਤੇ ਖੇਤੀ ਸਬੰਧੀ ਸਨਅਤਾਂ ਦੀ ਘਾਟ ਅਜਿਹੇ ਕੁਝ ਕਾਰਨ ਹਨ, ਜਿਨ੍ਹਾਂ ਸਦਕਾ ਕਿਸਾਨਾਂ ਦੀ ਆਮਦਨ ’ਚ ਖੜੋਤ ਆਈ ਹੈ ਤੇ ਕਿਸਾਨੀ ਨਾਲ ਸਬੰਧਿਤ ਬੱਚੇ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹੋਏ ਹਨ। ਕਿਸੇ ਵੀ ਰਾਜ ’ਚ ਰੁਜ਼ਗਾਰ ਦਾ ਦੂਜਾ ਵੱਡਾ ਸਾਧਨ ਉਦਯੋਗ ਹੁੰਦੇ ਹਨ ਪਰ ਪੰਜਾਬ ਅੰਦਰ ਉਦਯੋਗਾਂ ਦੀ ਹਾਲਤ ਅੱਤ ਮਾੜੀ ਹੈ।

ਵਿਦੇਸ਼ਾਂ ਵੱਲ ਪੰਜਾਬੀਆਂ ਦਾ ਪ੍ਰਵਾਸ ਇੱਕ ਵੱਡਾ ਦੁਖਾਂਤ ਹੈ। ਹਰੇਕ ਪੰਜਾਬੀ ਬੰਦਾ ਆਪਣੀ ਆਰਥਿਕਤਾ ਦੀ ਮਜ਼ਬੂਤੀ ਦੇ ਲਈ ਤੇ ਰੁਜ਼ਗਾਰ ਲਈ ਵਿਦੇਸ਼ਾਂ ਵੱਲ ਝਾਕ ਰਿਹਾ ਹੈ।ਇਹ ਗਲੋਬਲਾਈਜੇਸ਼ਨ ਦਾ ਵਰਤਾਰਾ ਹੈ, ਜਿਸ ਤਹਿਤ ਉਹ ਪੂੰਜੀ ਤੇ ਮੰਡੀ ਦੇ ਹੁਕਮ ਦਾ ਗੁਲਾਮ ਬਣਨ ਲਈ ਤਿਆਰ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਸਨਅਤੀਕਰਨ ਤਕਰੀਬਨ ਉੱਜੜਨ ਕੰਢੇ ਹੈ।ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਰਹਿ ਗਿਆ, ਪੜ੍ਹੇ-ਲਿਖਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਜਿਸ ਕਰਕੇ ਪੰਜਾਬੀ ਵਿਦੇਸ਼ ਦੇ ਜਾਣ ਦੇ ਚੱਕਰ ਵਿੱਚ ਆਪਣੇ ਘਰ ਬਾਰ ਅਤੇ ਜ਼ਮੀਨ ਵੇਚ ਕੇ ਬਾਹਰ ਜਾਣਾ ਚਾਹੁੰਦਾ ਹੈ। ਮਾਂ ਬਾਪ ਵੀ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਵੇ ਤੇ ਉੱਥੇ ਹੀ ਸੈਟਲ ਹੋ ਜਾਵੇ, ਕਿਉਂਕਿ ਇੱਥੇ ਉਨ੍ਹਾਂ ਨੂੰ ਆਪਣੇ ਬੱਚੇ ਦਾ ਭਵਿੱਖ ਨਹੀਂ ਦਿਖਾਈ ਦੇ ਰਿਹਾ।

ਹਾਲਾਂਕਿ ਪੰਜਾਬ ਦੇ ਨੌਜਵਾਨ ਨੂੰ ਅਹਿਸਾਸ ਹੈ ਕਿ ਵਿਦੇਸ਼ਾਂ ਵਿੱਚ ਨਸਲੀ ਵਿਤਕਰਾ ਹੈ, ਜਾਹਲੀ ਕਾਗਜ਼ਾਂ ਕਰਕੇ ਜੇਲ੍ਹਾਂ ਵਿੱਚ ਸੜਨਾ ਪੈਂਦਾ ਹੈ, ਪਰ ਫਿਰ ਵੀ ਪੱਛਮੀ ਦੇਸ਼ਾਂ ਵਿਚ ਪੁੱਜਣ ਲਈ ਉਹ ਹਰੇਕ ਜਾਇਜ਼ ਨਾਜਾਇਜ਼ ਤਰੀਕੇ ਦੀ ਵਰਤੋਂ ਕਰ ਰਹੇ ਹਨ।ਇਸ ਪ੍ਰਵਾਸ ਕਾਰਨ ਪੰਜਾਬ ਵਿਚ ਠੱਗ ਟ੍ਰੈਵਲ ਏਜੰਟ ਵੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ, ਜੋ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ‘ਤੇ ਲੱਖਾਂ ਰੁਪਏ ਠੱਗ ਰਹੇ ਹਨ।

ਇੱਥੇ ਇਕ ਜਿਕਰ ਕਰ ਦਈਏ ਕਿ ਜਲੰਧਰ ਕੋਲ ਇੱਕ ਧਾਰਮਿਕ ਅਸਥਾਨ ਹੈ, ਜਿੱਥੇ ਲੋਕ ਚੜ੍ਹਾਵੇ ਦੇ ਰੂਪ ਵਿੱਚ ਜਹਾਜ਼ ਦੇ ਰੂਪ ਵਿੱਚ ਖਿਡੌਣਾ ਚੜ੍ਹਾਉਂਦੇ ਹਨ ਤੇ ਵਿਦੇਸ਼ ਜਾਣ ਦੀ ਮੰਨਤ ਮੰਗਦੇ ਹਨ ਅਤੇ ਅਰਦਾਸਾਂ ਕਰਦੇ ਹਨ। ਉਂਝ ਵੀ ਦੁਆਬੇ ਦੇ ਲੋਕ ਵਿਦੇਸ਼ਾਂ ਪ੍ਰਤੀ ਆਪਣੀ ਚਾਹਤ ਲਈ ਮਸ਼ਹੂਰ ਹਨ ਅਤੇ ਉਸ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਪਰ ਹੁਣ ਪੂਰੇ ਪੰਜਾਬ ਵਿੱਚ ਵਿਦੇਸ਼ਾਂ ਵੱਲ ਪ੍ਰਵਾਸ ਕਰਨ ਲਈ ਪੰਜਾਬੀ ਯੂਥ ਸਰਗਰਮ ਹੈ।ਇੱਥੋਂ ਇਹ ਅੰਦਾਜਾ ਲਾ ਸਕਦੇ ਹਾਂ ਕਿ ਪੰਜਾਬੀਆਂ ਵਿਚ ਵਿਦੇਸ਼ ਜਾਣ ਦੀ ਇੱਛਾ ਕਿੰਨੀ ਪ੍ਰਬਲ ਹੈ।

ਭਾਰਤ ਵਿੱਚ ਦੇਸ਼-ਵਿਦੇਸ਼ ਵਿੱਚ ਸਾਲ 1966 ਦੌਰਾਨ ਐੱਨਆਰਆਈ ਐਕਟ ਲਾਗੂ ਹੋਇਆ ਸੀ, ਜਿਸ ਤਹਿਤ ਵਿਦੇਸ਼ੀ ਭਾਰਤ ਆ ਸਕਦੇ ਸਨ, ਉੱਥੇ ਭਾਰਤੀਆਂ ਨੂੰ ਵੀ ਵਿਦੇਸ਼ ਜਾਣ ਦਾ ਮੌਕਾ ਮਿਲਿਆ ਸੀ।ਇਹ ਐਕਟ ਵਿਦੇਸ਼ੀ ਮੁਦਰਾ ਹਾਸਲ ਕਰਨ ਦਾ ਵੀ ਸਰਲ ਮਾਧਿਅਮ ਮੰਨਿਆ ਗਿਆ ਸੀ, ਪਰ 15-20 ਸਾਲਾਂ ਦੌਰਾਨ ਇਸ ਐਕਟ ਦੀ ਆੜ ਵਿੱਚ ਗ਼ੈਰ ਕਾਨੂੰਨੀ ਕਾਰੋਬਾਰ ਬੜੀ ਤੇਜ਼ੀ ਨਾਲ ਵਧ ਫੁੱਲ ਰਿਹਾ ਹੈ।ਜਾਅਲੀ ਟਰੈਵਲ ਏਜੰਟ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਪੰਜਾਬੀਆਂ ਨੂੰ ਆਪਣੀਆਂ ਹਵਾਈ ਗੱਲਾਂ ਵਿੱਚ ਫਸਾ ਕੇ ਉਨ੍ਹਾਂ ਦੇ ਘਰ ਦਾ ਉਜਾੜਾ ਕਰ ਦਿੰਦੇ ਹਨ। ਅੱਜ ਤੱਕ ਨਾ ਜਾਣੇ ਕਿੰਨਿਆਂ ਦੇ ਨਾਲ ਅਜਿਹਾ ਧੋਖਾ ਹੋ ਚੁੱਕਾ ਹੈ। ਪੰਜਾਬ ਦੇ ਅਖ਼ਬਾਰ ਦੇ ਪੰਨੇ ਇੰਨੀਆਂ ਠੱਗੀਆਂ ਨਾਲ ਭਰੇ ਪਏ ਹਨ ਕਿ ਕਿਸੇ ਨਾ ਕਿਸੇ ਏਜੰਟ ਨੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਵਿਅਕਤੀ ਨਾਲ ਠੱਗੀ ਮਾਰ ਲਈ ਅਤੇ ਵਿਦੇਸ਼ ਨਾ ਭੇਜਿਆ ਜਾਂ ਫਿਰ ਕਿਸੇ ਹੋਰ ਕੰਟਰੀ ਵਿੱਚ ਫਸਾ ਦਿੱਤਾ, ਜਿੱਥੇ ਉਹ ਜੇਲ੍ਹ ਵਿੱਚ ਹੈ। ਪਰ ਲੋਕ ਫਿਰ ਵੀ ਇਸ ਤੋਂ ਸਬਕ ਨਹੀਂ ਸਿੱਖਦੇ।

ਵਿਦੇਸ਼ਾਂ ‘ਚ ਜਾਣ ਲਈ ਜਾਅਲੀ ਵਿਆਹ, ਕਬੂਤਰਬਾਜ਼ੀ ਦਾ ਬੋਲਬਾਲਾ ਹੈ।ਐਨਆਰਆਈਜ਼ ਨਾਜਾਇਜ਼ ਤੌਰ ‘ਤੇ ਭਾਰਤੀਆਂ ਨੂੰ ਵਿਦੇਸ਼ ਲਿਜਾਣ ਲਈ ਪੇਪਰ ਮੈਰਿਜ ਤੇ ਹੋਰ ਕਾਰਵਾਈਆਂ ਦਾ ਸਹਾਰਾ ਲੈਂਦੇ ਹਨ।ਇਸ ਦੇ ਬਦਲੇ ਮੋਟੀ ਰਕਮ ਵਸੂਲ ਕਰਦੇ ਹਨ।ਕਬੂਤਰਬਾਜ਼ੀ ਦੀ ਗੱਲ ਕਰੀਏ, ਤਾਂ ਪਿਛਲੇ 15 ਸਾਲਾਂ ਦੌਰਾਨ ਕਬੂਤਰਬਾਜ਼ੀ ਦੇ ਮਾਮਲਿਆਂ ‘ਚ ਹੈਰਾਨੀਜਨਕ ਵਾਧਾ ਹੋਇਆ ਹੈ।ਕਬੂਤਰਬਾਜ਼ੀ ਵਿਚ ਕਈ ਵੱਡੀਆਂ ਸੰਸਥਾਵਾਂ ਤੇ ਗਾਇਕ ਵੀ ਸ਼ਾਮਲ ਰਹੇ ਹਨ।ਵਿਦੇਸ਼ ਜਾਣ ਦਾ ਕਰੇਜ਼ ਕੁਝ ਇਸ ਤਰ੍ਹਾਂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ ਲੋਕਾਂ ਨੇ ਰਿਸ਼ਤਿਆਂ ਨੂੰ ਵੀ ‘ਤਾਰ-ਤਾਰ’ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਹਰ ਰੋਜ਼ ਅਜਿਹੇ ਕਈ ਤਰ੍ਹਾਂ ਦੇ ਮਾਮਲੇ ਪ੍ਰਕਾਸ਼ ਵਿੱਚ ਆਉਂਦੇ ਹਨ, ਜਿਸ ਨਾਲ ਮਨੁੱਖਤਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਪਰ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ।

ਕਈ ਮਾਮਲਿਆਂ ਵਿੱਚ ਭਰਾ-ਭੈਣ ਵਿਆਹ ਕਰਵਾ ਕੇ ਵਿਦੇਸ਼ ਜਾਂਦੇ ਫੜੇ ਗਏ, ਤਾਂ ਕੁਝ ਮਾਮਲਿਆਂ ਵਿੱਚ ਐੱਨਆਰਆਈ ਮਾਮਾ ਵਿਆਹ ਕਰਕੇ ਭਾਣਜੀ ਨੂੰ ਵਿਦੇਸ਼ ਲੈ ਗਿਆ।ਵਿਆਹ ਕਰਾਉਣਾ ਇੱਕ ਕਾਰੋਬਾਰ ਹੋ ਗਿਆ ਹੈ ਤੇ ਔਰਤਾਂ ਵਿੱਚ ਵੀ ਵਿਦੇਸ਼ਾਂ ਵਿੱਚ ਵਸਣ ਦੀ ਇੱਛਾ ਵਧੀ ਹੈ, ਵਿਆਹ ਦੇ ਇਸ਼ਤਿਹਾਰਾਂ ਰਾਹੀਂ ਔਰਤਾਂ ਨਾਲ ਧੋਖੇ ਹੋ ਰਹੇ ਹਨ।ਅਕਸਰ ਅਜਿਹੇ ਰਿਸ਼ਤਿਆਂ ਵਿੱਚ ਕਾਫੀ ਛਾਣਬੀਣ ਨਹੀਂ ਹੁੰਦੀ।ਸਾਰਾ ਮਾਮਲਾ ਪੈਸੇ, ਵਿਦੇਸ਼ ਵਿੱਚ ਜ਼ਿਆਦਾ ਤਨਖ਼ਾਹ ਵਾਲੀ ਨੌਕਰੀ ਤੇ ਐੱਨਆਰਆਈ ਲਾੜੇ ਦੀ ਖਾਹਿਸ਼ ਨਾਲ ਜੁੜਿਆ ਹੁੰਦਾ ਹੈ, ਇਨ੍ਹਾਂ ਮਾਮਲਿਆਂ ਵਿੱਚ ਆਮ ਕਰਕੇ ਧੋਖਾ ਹੋ ਜਾਂਦਾ ਹੈ।

ਪੰਜਾਬ, ਹਰਿਆਣਾ ਆਦਿ ਰਾਜਾਂ ਵਿੱਚ ਤਾਂ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਦੋਂ ਵਿਆਹ ਕਰਕੇ ਕੁਝ ਲਾੜੇ ਜਾਂ ਤਾਂ ਵਿਦੇਸ਼ ਭੱਜ ਜਾਂਦੇ ਹਨ ਜਾਂ ਫਿਰ ਇਨ੍ਹਾਂ ਲਾੜੀਆਂ ਨੂੰ ਵਿਦੇਸ਼ ਲਿਜਾਣ ਦੇ ਬਾਵਜੂਦ ਉੱਥੇ ਦੂਜਾ ਵਿਆਹ ਕਰਵਾ ਲੈਂਦੇ ਹਨ। 2013 ‘ਚ ਕੇਂਦਰ ਸਰਕਾਰ ਨੇ ਅੰਕੜੇ ਜਾਰੀ ਕਰਕੇ ਦੱਸਿਆ ਸੀ ਕਿ ਹੁਣ ਬ੍ਰਿਟੇਨ ਵਿੱਚ ਅਪ੍ਰਵਾਸੀ ਭਾਰਤੀ ਲਾੜਿਆਂ ਦੇ ਨਾਲ ਵਿਆਹੀਆਂ ਗਈਆਂ ਭਾਰਤੀ ਲਾੜੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।ਵਿਦੇਸ਼ੀ ਕਰੰਸੀ ਦੀ ਚਮਕ-ਦਮਕ ਦਾ ਜਾਦੂ ਇੱਥੇ ਦੀ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਕੇ ਬੋਲਦਾ ਹੈ। ਦੇਸ਼ ਵਿੱਚ ਨੌਕਰੀ ਕਰਨ ਦੀ ਥਾਂ ਵਿਦੇਸ਼ ਵਿੱਚ ਵੀ ਸੈੱਟਲ ਹੋਣਾ ਇੱਥੇ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਵਿੱਚ ਸ਼ਾਮਲ ਹੈ। ਆਲਮ ਕੁਝ ਅਜਿਹਾ ਹੈ ਕਿ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਲਾਲਸਾ ਲਗਾਤਾਰ ਵਧ ਰਹੀ ਹੈ। ਵਿਦੇਸ਼ ਜਾਣ ਦੀ ਚਾਹਤ ਇੱਥੋਂ ਦੇ ਨੌਜਵਾਨਾਂ ‘ਤੇ ਇਸ ਤਰ੍ਹਾਂ ਭਾਰੂ ਹੈ ਕਿ ਪ੍ਰਦੇਸ਼ ਤੋਂ ਹਰ ਸਾਲ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਵਿਦੇਸ਼ ਦੀ ਉਡਾਨ ਫੜ ਕੇ ਆਪਣਿਆਂ ਨੂੰ ਬਾਏ-ਬਾਏ ਕਹਿ ਜਾਂਦੇ ਹਨ। ਕੋਈ ਪੜ੍ਹਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਕੋਈ ਧਨ ਦੌਲਤ ਕਮਾਉਣ ਦੀ ਇੱਛਾ ਵਿੱਚ ਅਤੇ ਕੁਝ ਘੁੰਮਣ ਲਈ ਸੱਤ ਸਮੁੰਦਰ ਪਾਰ ਜਾਣਾ ਚਾਹੁੰਦੇ ਹਨ ਤੇ ਕੁਝ ਤਾਂ ਉੱਥੇ ਵਸਣਾ ਚਾਹੁੰਦੇ ਹਨ।

ਸਕਿਆ ਨੂੰ ਮੌਕਾ ਦੇਣਾ ਨਹੀਂ ਖੁੰਝਦੇ ਲੋਕ

ਵਿਦੇਸ਼ਾਂ ਵਿੱਚ ਨੌਜਵਾਨਾਂ ਨੂੰ ਕੰਮ ਦੇ ਕਾਫੀ ਮੌਕੇ ਮਿਲ ਜਾਂਦੇ ਹਨ। ਵਿਦੇਸ਼ ਵਿੱਚ ਨੌਜਵਾਨਾਂ ਨੂੰ ਮਾਲ, ਸ਼ਾਪਿੰਗ ਕੰਪਲੈਕਸ, ਫੈਕਟਰੀਆਂ ਵਿੱਚ ਅਸਾਨੀ ਨਾਲ ਨੌਕਰੀ ਮਿਲ ਜਾਂਦੀ ਹੈ। ਨੌਜਵਾਨ ਛੋਟਾ-ਵੱਡਾ ਕੋਈ ਵੀ ਕੰਮ ਮਿਲੇ, ਬੇਝਿਜਕ ਹੋ ਕੇ ਫੜ ਲੈਂਦੇ ਹਨ। ਕੰਮ ਦੇ ਬਦਲੇ ਲੋਕਾਂ ਨੂੰ ਜ਼ਿਆਦਾ ਤਨਖ਼ਾਹ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਘੰਟਿਆਂ ਦੇ ਹਿਸਾਬ ਨਾਲ ਤਨਖਾਹ, ਪਾਰਟ ਟਾਈਮ ਕੰਮ ਵੀ ਮਿਲ ਜਾਂਦਾ ਹੈ। ਰੁਪਏ ਦੇ ਮੁਕਾਬਲੇ ਇੰਗਲੈਂਡ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਸਮੇਤ ਦੇਸ਼ਾਂ ਦੀ ਮਜ਼ਬੂਤ ਕਰੰਸੀ ਵੀ ਲੋਕਾਂ ਨੂੰ ਵਿਦੇਸ਼ ਵੱਲ ਆਕਰਸ਼ਿਤ ਕਰ ਰਹੀ ਹੈ। ਆਪਣਿਆਂ ਨੂੰ ਛੱਡ ਕੇ ਵਿਦੇਸ਼ ਵਿੱਚ ਵਸੇ ਨੌਜਵਾਨ, ਪਹਿਲਾਂ ਖ਼ੁਦ ਸੈੱਟਲ ਹੋਣ ਤੋਂ ਬਾਦ ਮਾਤਾ-ਪਿਤਾ, ਭੈਣ-ਭਰਾ, ਰਿਸ਼ਤੇਦਾਰਾਂ ਤੇ ਸਕੇ-ਸੰਬੰਧੀਆਂ ਨੂੰ ਵੀ ਵਿਦੇਸ਼ ਵਿੱਚ ਹੀ ਬੁਲਾ ਲੈਂਦੇ ਹਨ।

ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਸਥਾਨਕਤਾ ਉਜਾੜੇ ਵੱਲ ਜਾ ਰਹੀ ਹੈ ਅਤੇ ਪੰਜਾਬੀ ਪੰਜਾਬ ਤੋਂ ਬੇਗਾਨਾ ਹੋਇਆ ਵਿਦੇਸ਼ਾਂ ਵਿੱਚ ਜਾ ਕੇ ਮੰਡੀ ਪੂੰਜੀ ਦੇ ਹੁਕਮ ਦਾ ਗੁਲਾਮ ਬਣਨ ਦਾ ਚਾਹਵਾਨ ਦਿਖਾਈ ਦੇ ਰਿਹਾ ਹੈ। ਇਹ ਇੱਕ ਤਰ੍ਹਾਂ ਦੀ ਆਪਣੇ ਸੱਭਿਆਚਾਰ ਦੀ ਨਸਲਕੁਸ਼ੀ ਵੀ ਹੈ। ਜੇ ਪੰਜਾਬ ਤੋਂ ਪੰਜਾਬੀਆਂ ਦਾ ਉਜਾੜਾ ਹੋ ਰਿਹਾ ਹੈ ਤਾਂ ਉਸ ਦੀ ਥਾਂ ਪ੍ਰਵਾਸੀ ਮਜ਼ਦੂਰ ਤਿੰਨ ਦਹਾਕਿਆਂ ਤੋਂ ਭਰ ਰਹੇ ਹਨ। ਇਹ ਇੱਕ ਤਰ੍ਹਾਂ ਦਾ ਚਿੰਤਾਜਨਕ ਤੇ ਪੰਜਾਬੀਆਂ ਲਈ ਵੱਡਾ ਦੁਖਾਂਤ ਹੈ ਕਿ ਪੰਜਾਬੀ ਆਪਣੇ ਪੰਜਾਬ ਤੋਂ ਉੱਜੜ ਜਾਣਗੇ। ਇਸ ਗੱਲ ਵੱਲ ਕਿਸੇ ਪੰਜਾਬੀ ਸਿਆਸਤਦਾਨ ਦਾ ਧਿਆਨ ਨਹੀਂ ਜਾ ਰਿਹਾ। ਅਸਲ ਵਿੱਚ ਪੰਜਾਬ ਦੀ ਹੋਂਦ ਆਰਥਿਕਤਾ ਤੇ ਰੁਜ਼ਗਾਰ ‘ਤੇ ਟਿਕੀ ਹੋਈ ਹੈ। ਜੇਕਰ ਪੰਜਾਬ ਵਿੱਚ ਵਧੀਆ ਇੰਡਸਟਰੀ ਨਹੀਂ ਪੈਦਾ ਹੁੰਦੀ ਤੇ ਖੇਤੀ ਲਾਹਵੰਦ ਧੰਦਾ ਨਹੀਂ ਰਹਿੰਦਾ ਤਾਂ ਰੁਜ਼ਗਾਰ ਪੈਦਾ ਨਹੀਂ ਹੋ ਸਕੇਗਾ। ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜੇਕਰ ਇਹ ਵਰਤਾਰਾ ਨਿਰੰਤਰ ਜਾਰੀ ਰਿਹਾ ਤਾਂ ਪੰਜਾਬੀ ਪ੍ਰਵਾਸ ਵੱਲ ਧੱਕੇ ਜਾਣਗੇ ਅਤੇ ਪੰਜਾਬ ਉਜਾੜੇ ਵੱਲ ।