ਲੰਘੇ ਦਿਨੀਂ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਕੇ ਵਿਖੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਆਏ ਸਰਕਾਰੀ ਅਧਿਕਾਰੀਆਂ ਦੀ ਟੀਮ ਨੂੰ ਬੰਧਕ ਬਣਾ ਕੇ ਪਰਾਲੀ ਨੂੰ ਅੱਗ ਲਗਵਾਊਂ ਦਾ ਮਾਮਲੇ ਵਿੱਚ ਜਾਂਚ ਤੋਂ ਬਾਅਦ ਦੋ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਕੱਲ੍ਹ ਦੇਰ ਰਾਤ ਕੀਤੀ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ 9 ਵਿਅਕਤੀਆਂ ਖ਼ਿਲਾਫ਼ ਧਾਰਾ 353 ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ। ਵੀਡੀਓ ਦੇ ਅਧਾਰ ‘ਤੇ ਧਾਰਾ 186,342,188,149 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣੋ ਕੀ ਹੈ ਪੂਰਾ ਮਾਮਲਾ:
ਬਠਿੰਡਾ ਵਿਚ ਪਰਾਲੀ ਸਾੜਨ ਤੋਂ ਰੋਕਣ ਆਏ ਸਰਕਾਰੀ ਅਧਿਕਾਰੀ ਦਾ ਕਿਸਾਨਾਂ ਨੇ ਘਿਰਾਓ ਕੀਤਾ ਸੀ। ਕਿਸਾਨਾਂ ਨੇ ਬੰਧਕ ਬਣਾਏ ਸਰਕਾਰੀ ਅਧਿਕਾਰੀ ਕੋਲੋਂ ਹੀ ਪਰਾਲੀ ਨੂੰ ਅੱਗ ਲਗਵਾਈ ਅਤੇ ਫਿਰ ਉਸ ਨੂੰ ਮੌਕੇ ਤੋਂ ਛੱਡ ਦਿੱਤਾ। ਕਿਸਾਨਾਂ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ।
ਦਰਅਸਲ ਕਿਸਾਨ ਸਰਕਾਰ ਦੀਆਂ ਨੀਤੀਆਂ ਅਤੇ ਪਿਛਲੀ ਬਕਾਇਆ ਰਾਹਤ ਰਾਸ਼ੀ ਬਾਰੇ ਪੁੱਛਣ ਲੱਗੇ ਸਨ। ਘਿਰਿਆ ਦੇਖ ਕੇ ਟੀਮ ਨੇ ਉੱਥੋਂ ਜਾਣਾ ਚਾਹਿਆ ਪਰ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ। ਕਿਸਾਨਾਂ ਨੇ ਦਬਾਅ ਬਣਾ ਕੇ ਅਧਿਕਾਰੀ ਨੂੰ ਪਰਾਲੀ ਸਾੜਨ ਲਈ ਕਿਹਾ। ਆਪਣੇ ਆਪ ਨੂੰ ਘਿਰਿਆ ਦੇਖ ਕੇ ਅਧਿਕਾਰੀ ਨੇ ਕਿਸਾਨਾਂ ਤੋਂ ਮਾਚਸ ਦੀ ਤੀਲੀ ਲਈ ਤੇ ਖ਼ੁਦ ਹੀ ਪਰਾਲੀ ਨੂੰ ਅੱਗ ਲਾ ਦਿੱਤੀ। ਇਸ ਘਟਨਾ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਖੇਧੀ ਕੀਤੀ ਸੀ।
ਭਗਵੰਤ ਮਾਨ ਨੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਜਿਸ ਤੋਂ ਬਾਅਦ ਇਸ ਮਾਮਲੇ ਵਿਚ ਪੁਲਿਸ ਨੇ 9 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਐੱਸ ਐੱਸ ਪੀ ਬਠਿੰਡਾ ਨੇ ਕਿਹਾ ਸੀ ਕਿ ਸਿਵਲ ਪ੍ਰਸ਼ਾਸਨ ਦੇ ਐੱਸ ਡੀ ਓ ਤੋਂ ਜਬਰਨ ਪਰਾਲੀ ਵਿਚ ਅੱਗ ਲਗਵਾਈ ਗਈ ਸੀ ਤੇ ਫਿਰ ਉਸ ਦਾ ਵੀਡੀਓ ਵਾਇਰਲ ਕਰ ਦਿੱਤਾ ਗਿਆ ਜਿਸ ਦੇ ਆਧਾਰ ‘ਤੇ ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।