Punjab

ਤਰਨਤਾਰਨ ਦੇ ਨਿੱਜੀ ਹਸਪਤਾਲ ਦੀ ਵੱਡੀ ਅਣਗਹਿਲੀ, ਹਸਪਤਾਲ ਨੇ ਜਿਉਂਦਾ ਕੁੜੀ ਨੂੰ ਐਲਾਨਿਆ ਮ੍ਰਿਤਕ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਨੇੜੇ ਵੱਡੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨੀਂ ਪਿੰਡ ਬਨਵਾਲੀਪੁਰ ਦੀ ਰਹਿਣ ਵਾਲੀ ਨਵਰੂਪ ਕੌਰ (23) ‘ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਨਵਰੂਪ ਕੌਰ ਸੈਲੂਨ ਵਿੱਚ ਕੰਮ ਕਰਦੀ ਸੀ ਅਤੇ ਛੁੱਟੀ ਤੋਂ ਬਾਅਦ ਘਰ ਪਰਤ ਰਹੀ ਸੀ। ਗੋਲੀ ਲੱਗਣ ਤੋਂ ਬਾਅਦ ਉਸ ਨੂੰ ਨੇੜੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪਰਿਵਾਰ ਨੇ ਮੀਡੀਆ ਨੂੰ ਲੜਕੀ ਦੇ ਕਤਲ ਦੀ ਖ਼ਬਰ ਦਿੱਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ।ਪੋਸਟਮਾਰਟਮ ਦੌਰਾਨ ਵੱਡਾ ਖੁਲਾਸਾ ਹੋਇਆ ਕਿ ਨਵਰੂਪ ਕੌਰ ਜਿਉਂਦੀ ਸੀ ਅਤੇ ਉਸ ਦੇ ਸਾਹ ਚੱਲ ਰਹੇ ਸਨ। ਡਾਕਟਰਾਂ ਨੇ ਤੁਰੰਤ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਹੁਣ ਉਹ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ।

ਸੈਲੂਨ ਮਾਲਕ ਨੇ ਦੱਸਿਆ ਕਿ ਨਿੱਜੀ ਹਸਪਤਾਲ ਨੇ ਗਲਤੀ ਨਾਲ ਉਸ ਨੂੰ ਮ੍ਰਿਤਕ ਐਲਾਨ ਕੀਤਾ, ਜਦਕਿ ਪੋਸਟਮਾਰਟਮ ਸਮੇਂ ਉਸ ਦੇ ਜਿਉਂਦੇ ਹੋਣ ਦਾ ਪਤਾ ਲੱਗਾ। ਇਸ ਨਾਲ ਨਿੱਜੀ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।ਨਵਰੂਪ ਕੌਰ ਦਾ ਪਰਿਵਾਰ ਬਹੁਤ ਗਰੀਬ ਹੈ। ਸੈਲੂਨ ਮਾਲਕ ਅਤੇ ਪਰਿਵਾਰ ਨੇ ਦਾਨੀ ਸੱਜਣਾਂ ਤੋਂ ਇਲਾਜ ਲਈ ਵਿੱਤੀ ਮਦਦ ਦੀ ਅਪੀਲ ਕੀਤੀ ਹੈ। ਇਹ ਘਟਨਾ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਨਾਲ ਹੋਣ ਵਾਲੀ ਅਣਗਹਿਲੀ ਨੂੰ ਉਜਾਗਰ ਕਰਦੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।