Punjab

ਪਟਿਆਲਾ ਦੇ ਪਿੰਡ ਚੰਨੋ ਨੇੜੇ ਚੱਲਦੀ ਪ੍ਰਾਈਵੇਟ ਬੱਸ ਨੂੰ ਲੱਗੀ ਭਿਆਨਕ ਅੱਗ

ਬਿਊਰੋ ਰਿਪੋਰਟ (ਪਟਿਆਲਾ, 4 ਦਸੰਬਰ 2025): ਪਟਿਆਲਾ ਜ਼ਿਲ੍ਹੇ ਦੇ ਪਿੰਡ ਚੰਨੋ ਦੇ ਨੇੜੇ ਇੱਕ ਵੱਡਾ ਹਾਦਸਾ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ। ਇੱਥੇ ਇੱਕ ਪ੍ਰਾਈਵੇਟ ‘ਆਰਬਿਟ’ ਬੱਸ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਸਕਿੰਟਾਂ ਵਿੱਚ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਅੱਗ ਦਾ ਗੋਲ਼ਾ ਬਣ ਗਈ।

ਹਾਦਸੇ ਦੇ ਸਮੇਂ ਬੱਸ ਵਿੱਚ ਲਗਭਗ 20 ਤੋਂ 25 ਯਾਤਰੀ ਸਵਾਰ ਸਨ। ਅੱਗ ਲੱਗਣ ਕਾਰਨ ਮੌਕੇ ’ਤੇ ਭਗਦੜ ਮਚ ਗਈ ਅਤੇ ਯਾਤਰੀ ਜਲਦੀ ਨਾਲ ਬੱਸ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਫਿਲਹਾਲ, ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ਬੁਝਾਉਣ ਵਿੱਚ ਜੁੱਟ ਗਈ।

ਅੱਗ ਲੱਗਣ ਕਾਰਨ ਬੱਸ ਵਿੱਚੋਂ ਉੱਠਦਾ ਕਾਲਾ ਅਤੇ ਸੰਘਣਾ ਧੂੰਆਂ ਦੂਰੋਂ ਹੀ ਦਿਖਾਈ ਦੇ ਰਿਹਾ ਸੀ। ਵੀਡੀਓ ਵਿੱਚ ਵੀ ਅਸਮਾਨ ਵਿੱਚ ਧੂੰਏਂ ਦੇ ਵੱਡੇ ਗੁਬਾਰ ਸਾਫ਼ ਨਜ਼ਰ ਆਏ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।