Punjab

SKM ਦੀ ਮੀਟਿੰਗ ‘ਚ ਹੋਏ ਇਹ ਅਹਿਮ ਫੈਸਲੇ!

ਸੰਯੁਕਤ ਕਿਸਾਨ ਮੋਰਚਾ (SKM) ਦੀ ਲੁਧਿਆਣਾ (Ludhiana) ਦੇ ਕਰਨੈਲ ਸਿੰਘ ਈਸੜੂ ਭਵਨ ਵਿਖੇ ਮੀਟਿੰਗ ਹੋਈ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਰੁਲਦੂ ਸਿੰਘ ਮਾਨਸਾ, ਬਿੰਦਰ ਸਿੰਘ ਗੋਲੇਵਾਲਾ ਅਤੇ ਬਲਵਿੰਦਰ ਸਿੰਘ ਰਾਜੂ ਨੇ ਕਰਦਿਆਂ ਦੱਸਿਆ ਕਿ ਜੋ ਮੰਗ ਪੱਤਰ 17 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀਆਂ, ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਨੂੰ ਦਿੱਤਾ ਸੀ ਉਨ੍ਹਾਂ ਮੰਗਾਂ ਲਈ ਸਰਕਾਰ ਨੂੰ ਜਗਾਉਣ ਲਈ ਦੋ ਸਤੰਬਰ ਨੂੰ ਚੰਡੀਗੜ੍ਹ ਵਿਖੇ ਧਰਨਾ ਦਿੱਤਾ ਜਾਵੇਗਾ। ਇਸ ਲਈ ਕਿਸਾਨਾਂ ਦੀਆਂ ਕਮੇਟੀਆਂ ਬਣਾ ਕੇ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਸਾਰਿਆਂ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਵਾਉਣ ਦੀ ਗਿਣਤੀ ਨੋਟ ਕਰਵਾਈ ਹੈ। 

ਮੀਟਿੰਗ ਵਿੱਚ ਕੰਗਣਾ ਰਣੌਤ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਇਸ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਮਾਫੀ ਮੰਗਣ। ਕਿਸਾਨਾਂ ਨੇ ਕਿਹਾ ਕਿ ਕੰਗਣਾ ਦੀ ਫਿਲਮ ਦਾ ਵੀ ਸਖਤ ਵਿਰੋਧ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਆਗੂਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਰੋਕਣ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸ ਤੋਂ ਬਾਜ਼ ਆ ਜਾਵੇ ਨਹੀਂ ਤਾਂ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਬਾਸਮਤੀ ‘ਤੇ ਵਧਾਈ ਡਿਊਟੀ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸੁਸਾਇਟੀਆਂ ਵਿੱਚ ਨੈਨੋ ਡੀ.ਏ.ਪੀ ਖਾਦ ਜ਼ਬਰਦਸਤੀ ਦੇਣੀ ਬੰਦ ਕਰੇ।

ਕਿਸਾਨਾਂ ਨੇ ਕਿਹਾ ਕਿ ਗੰਨੇ ਦੇ ਰੇਟ ਕਾਫੀ ਨਹੀਂ ਹੈ। ਸਰਕਾਰ ਇਸ ਨੂੰ ਘੱਟੋ-ਘੱਟ 450 ਰੁਪਏ ਕੁਇੰਟਲ ਕਰੇ। ਕਿਸਾਨਾ ਨੇ ਕਿਹਾ ਕਿ ਪਟਵਾਰੀਆਂ ਅਤੇ ਬਿਜਲੀ ਮੁਲਾਜਮਾਂ ਦੀਆਂ ਸਿਆਸੀ ਕੁੜੱਤਣ ਕਰਕੇ ਬਦਲੀਆਂ ਕੀਤੀਆਂ ਗਈਆਂ ਹਨ। ਸਰਕਾਰ ਨੂੰ ਮੀਟਿੰਗ ਵਿੱਚ ਮੁਲਾਜ਼ਮਾਂ ਖਿਲਾਫ ਬਦਲਾ ਲਊ ਕਾਰਵਾਈ ਬੰਦ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਕਿਸਾਨਾਂ ਨੇ  ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ੈਲਰਾਂ ਵਿੱਚੋਂ ਝੋਨੇ ਦੀ ਲਿਫਟਿੰਗ ਤੁਰੰਤ ਕਰਵਾਈ ਜਾਵੇ ਤਾਂ ਕਿ ਨਵੇਂ ਆਉਣ ਵਾਲੇ ਝੋਨੇ ਵਾਸਤੇ ਕੋਈ ਸਮੱਸਿਆ ਨਾ ਆਵੇ।

ਕਿਸਾਨਾ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨੋਟਿਸ ਭੇਜਣ ਦੀ ਨਿੰਦਾ ਕਰਦੇ ਇਸ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕਈ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ ਹਨ। ਕਿਸਾਨਾ ਨੇ ਕਿਹਾ ਕਿ ਭਾਜਪਾ ਆਪਣੇ ਸ਼ੁਰੂ ਤੋਂ ਹੀ ਕਿਸਾਨ ਅਤੇ ਜਮਹੂਰੀਅਤ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਦਿੱਤਾ ਗਿਆ ਨਾਅਰਾ “ਭਾਜਪਾ ਹਰਾਓ, ਦੇਸ਼ ਬਚਾਉ” ਦਾ, ਉਹ ਅੱਜ ਵੀ ਲਾਗੂ ਹੈ ਅਤੇ ਭਾਜਪਾ ਦਾ ਹਰ ਇੱਕ ਥਾਂ ਤੇ ਡਟਵਾਂ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ –   MPOX ਦੀ ਜਾਂਚ ਲਈ ਭਾਰਤ ਨੇ ਤਿਆਰ ਕੀਤੀ 15 ਦਿਨ ਅੰਦਰ ਕਿੱਟ! ਸਿਰਫ ਇੰਨੇ ਮਿੰਟ ‘ਚ ਮਿਲੇਗਾ ਨਤੀਜਾ!