ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਅੱਜ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਵਿੱਚ ਵੱਡੇ ਫੈਸਲੇ ਕੀਤੇ ਗਏ ਹਨ। ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਨ੍ਹਾਂ ਵਿੱਚ ਪਿਛਲੇ ਦਿਨੀਂ ਫੌਤ ਹੋਏ ਕਮੇਟੀ ਦੇ ਮੁਲਾਜ਼ਮਾਂ ਨੂੰ ਮਾਲੀ ਸਹਾਇਤਾ ਤੇ ਨੌਕਰੀ ਦੇ ਨਾਲ-ਨਾਲ ਸਾਬਤ ਸੂਰਤ ਹਾਕੀ ਖਿਡਾਰੀ ਜਰਮਨਜੀਤ ਸਿੰਘ ਨੂੰ 5 ਲੱਖ ਰੁਪਏ ਦਾ ਐਲਾਨ ਅਤੇ ਸਭ ਤੋਂ ਅਹਿਮ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ’ਤੇ ਆਖ਼ਰੀ ਵਾਰ ਯਤਨ ਕਰਨ ਦੇ ਫੈਸਲੇ ਸ਼ਾਮਲ ਹਨ।
SGPC ਦੇ ਅਹਿਮ ਐਲਾਨ
- ਸਭ ਤੋਂ ਪਹਿਲਾਂ ਕਮੇਟੀ ਨੇ ਪਿਛਲੇ ਦਿਨੀਂ ਲੰਗਰ ਹਾਲ ਵਿੱਚ ਕੜਾਹੇ ’ਚ ਡਿੱਗਣ ਕਰਕੇ ਫ਼ੌਤ ਹੋਣ ਵਾਲੇ ਸੇਵਾਦਾਰ ਦੇ ਪਰਿਵਾਰ ਨੂੰ SGPC ਵੱਲੋਂ 5 ਲੱਖ ਰੁਪਏ ਦੀ ਮਾਲੀ ਸਹਾਇਤਾ ਤੇ ਉਨ੍ਹਾਂ ਦੀ ਪਤਨੀ ਜਾਂ ਬੇਟੇ ਨੂੰ SGPC ਵੱਲੋਂ ਤੁਰੰਤ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
- ਗੁਰਦੁਆਰਾ ਜਾਮਨੀ ਸਾਹਿਬ ਵਿੱਚ ਗੈਸ ਸਿਲੰਡਰ ਦੇ ਫਟਣ ਕਰਕੇ ਵਾਪਰੀ ਇੱਕ ਹੋਰ ਮੰਦਭਾਗੀ ਘਟਨਾ ਵਿੱਚ ਫੌਤ ਹੋਏ ਧੂਫੀਆ ਮੁਲਾਜ਼ਮ ਦੇ ਪਰਿਵਾਰ ਨੂੰ ਵੀ 5 ਲੱਖ ਦੀ ਮਾਲੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਤੁਰੰਤ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਹਾਦਸੇ ਵਿੱਚ 5 ਬੱਚੇ ਵੀ ਅੱਗ ਦੇ ਸੇਕ ਵਿੱਚ ਆਏ ਸਨ। ਹਰੇਕ ਬੱਚੇ ਨੂੰ ਵੀ 75000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
- ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸਾਬਤ ਸੂਰਤ ਖਿਡਾਰੀ ਜਰਮਨਪ੍ਰੀਤ ਸਿੰਘ ਦਾ ਕਮੇਟੀ ਵਿਸ਼ੇਸ਼ ਸਨਮਾਨ ਕਰੇਗੀ। ਉਸ ਨੂੰ ਵੀ 5 ਲੱਖ ਰੁਪਏ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
- ਇਸ ਤੋਂ ਇਲਾਵਾ ਕਮੇਟੀ ਨੇ ਸਤੰਬਰ ਵਿੱਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 100 ਸਾਲਾ ਜਨਮ ਸ਼ਤਾਬਦੀ ਨੂੰ ਵੱਡੇ ਪੱਧਰ ’ਤੇ ਮਨਾਉਣ ਦਾ ਨਿਰਣਾ ਕੀਤਾ ਹੈ।
- ਕਮੇਟੀ ਵੱਲੋਂ ਮੁਲਾਜ਼ਮਾਂ ਨੂੰ 4% ਮਹਿੰਗਾਈ ਭੱਤਾ ਦੇਣ ਦਾ ਫੈਸਲਾ ਹੋਇਆ ਹੈ। ਇਹ ਐਲਾਨ SGPC ਦੇ ਵਿਦਿਅਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਮੇਟੀ ਦੇ ਮੁਲਾਜ਼ਮਾਂ ’ਤੇ ਵੀ ਲਾਗੂ ਹੋਵੇਗਾ।
- ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਦੇ ਸਬੰਧ ਵਿੱਚ ਵੀ ਕੁਝ ਫੈਸਲੇ ਕੀਤੇ ਗਏ ਹਨ; ਚੋਹਲਾ ਸਾਹਿਬ ਤਰਨ ਤਾਰਨ ਦੇ ਨਾਲ ਕੋਟੜੀ ਸਾਹਿਬਨਾਲ ਜੁੜਦਾ ਪੰਚਮ ਪਾਤਸ਼ਾਹ ਦਾ ਇਤਿਹਾਸ ਹੈ, ਇਸ ਦੀ ਇਮਾਰਤ ਨੂੰ ਜਿਵੇਂ ਦਾ ਤਿਵੇਂ ਸੰਭਾਲਣ ਵਾਸਤੇ ਮਾਹਰਾਂ ਦੀ ਟੀਮ ਬਣਾਈ ਜਾਵੇਗੀ ਜੋ ਇਮਾਰਤ ਦਾ ਰੱਖ-ਰਖਾਵ ਕਰੇਗੀ।
ਹਰਿਆਣਾ ਸਰਕਾਰ ਵੱਲੋਂ ਦੁਬਾਰਾ ਐਡਹਾਕ ਕਮੇਟੀ ਬਣਾਉਣ ਦਾ ਵਿਰੋਧ
SGPC ਪ੍ਰਧਾਨ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਤੋਂ ਹਰਿਆਣਾ ਕਮੇਟੀ ਨੂੰ ਵੱਖਰਾ ਕੀਤਾ ਗਿਆ ਸੀ ਤਾਂ ਉਨ੍ਹਾਂ ਉਦੋਂ ਵੀ ਖ਼ਦਸ਼ਾ ਜਤਾਇਆ ਸੀ ਕਿ ਇਹ SGPC ਵਿੱਚ ਸਿੱਧੀ ਦਖ਼ਲ ਅੰਦਾਜ਼ੀ ਹੈ। ਹੁਣ ਫਿਰ ਤੋਂ ਹਰਿਆਣਾ ਵਿੱਚ ਦੂਜੀ ਵਾਰ ਐਡਹਾਕ ਕਮੇਟੀ ਬਣਾਈ ਗਈ ਹੈ ਜਿਸ ’ਤੇ ਕਮੇਟੀ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਵਿਸ਼ੇਸ਼ ਤੌਰ ’ਤੇ ਜੋ ਕਮੇਟੀ ਦੇ ਕਾਰਕੁੰਨ ਹਨ, ਉਨ੍ਹਾਂ ਦੇ ਕਿਸੇ ਵਿਸ਼ੇਸ਼ ਪਾਰਟੀ ਨਾਲ ਸਬੰਧ ਹੋਣ ‘ਤੇ ਉਨ੍ਹਾਂ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਸਾਬਿਤ ਹੋ ਗਿਆ ਹੈ ਕਿ ਹਰਿਆਣਾ ਸਰਕਾਰ ਹੀ ਕਮੇਟੀ ਨੂੰ ਚਲਾ ਰਹੀ ਹੈ ਕੇ ਅੱਗੇ ਵੀ ਚਲਾਏਗੀ। SGPC ਨੂੰ ਤੋੜਨ ਲਈ ਮੌਕੇ ਦੀ ਸਰਕਾਰ ਨੇ ਕੋਈ ਮੌਕਾ ਨਹੀਂ ਛੱਡਿਆ।
ਉਨ੍ਹਾਂ ਚਿੰਤਾ ਜਤਾਈ ਕਿ ਦਿੱਲੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਤਰਾਂ ਹੁਣ ਇਹ ਕੋਝਾ ਯਤਨ ਪੰਜਾਬ ਵਿੱਚ ਵੀ ਸ਼ੁਰੂ ਹੋ ਗਿਆ ਹੈ। ਪਿਛਲੇ ਸਮੇਂ ਵਿੱਚ ਭਾਵੇਂ ਸਿੱਖ ਮਿਸਲਾਂ ਇੱਕ-ਦੂਜੇ ਨਾਲ ਖੌਰ ਖਾਂਦੀਆਂ ਸੀ, ਪਰ ਜਦੋਂ ਕੌਮ ’ਤੇ ਆਫ਼ਤ ਆਉਂਦੀ ਸੀ ਤਾਂ ਸਾਰੇ ਸ੍ਰੀ ਅਕਾਲ ਤਖ਼ਤ ਦੀ ਤਾਬਿਆ ਇਕੱਠੇ ਹੁੰਦੇ ਸਨ ਤੇ ਅਹਿਮ ਫੈਸਲੇ ਕਰਦੇ ਸਨ। ਅੱਜ ਅਸਲ ਦੁਸ਼ਮਣ ਪਛਾਨਣ ਦੀ ਲੋੜ ਹੈ। ਜਿਨ੍ਹਾਂ ਕੌਮਾਂ ਦੀਆਂ ਸੰਸਥਾਵਾਂ ਦਾ ਪਤਨ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਕੌਮਾਂ ਦਾ ਭਵਿੱਖ ਨੀ ਹਨੇਰੇ ਵਿੱਚ ਹੁੰਦਾ ਹੈ।
ਬਲਵੰਤ ਸਿੰਘ ਰਾਜੋਆਣਾ ਬਾਰੇ ਆਖ਼ੀਰ ਯਤਨ
SGPC ਪ੍ਰਧਾਨ ਨੇ ਕਿਹਾ ਕਿ ਐਗਜ਼ੈਕਟਿਵ ਕਮੇਟੀ ਨੇ ਮਹਿਸੂਸ ਕੀਤਾ ਹੈ ਕਿ ਸਿੱਖ ਅੱਜ ਵੀ ਗੁਲਾਮ ਹਨ। ਦੇਸ਼ ਵਿੱਚ ਸਿੱਖਾਂ ਲਈ ਵੱਖਰਾ ਕਾਨੂੰਨ ਦਿੱਤਾ ਜਾ ਰਿਹਾ ਹੈ। ਇਸ ਬਾਰੇ ਕਿਸੇ ਕੋਲ ਸਪਸ਼ਟੀਕਰਨ ਨਹੀਂ ਹੈ। 2019 ਵਿੱਚ ਫੈਸਲਾ ਹੋਇਆ ਸੀ ਕਿ ਬੰਦੀ ਸਿੰਘਾਂ ਨੂੰ ਪੈਰੋਲ ’ਤੇ ਰਿਹਾਅ ਕਰਾਂਗੇ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕੀਤੀ ਜਾਵੇਗੀ। ਇਹ ਮਾਮਲਾ 2012 ਤੋਂ ਲੰਬਿਤ ਹੈ, ਰਾਜੋਆਣਾ ਦੇ ਸਬੰਧ ਵਿੱਚ 27-03-2012 ਨੂੰ ਇਸ ਸਬੰਧੀ ਕਮੇਟੀ ਨੇ ਰਾਸ਼ਟਰਪਤੀ ਨੂੰ ਇੱਕ ਰਿੱਟ ਪਟੀਸ਼ਨ ਪਾਈ ਸੀ। ਤਤਕਾਲੀ ਰਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਇਹ ਪਟੀਸ਼ਨ ਪੈਂਡਿੰਗ ਕਰ ਦਿੱਤੀ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਸਬ ਕਮੇਟੀ ਬਣਾ ਕੇ ਰਾਸ਼ਟਰਪਤੀ ਨਾਲ ਮੁਲਾਕਾਤ ਵੀ ਕੀਤੀ।
ਇਸ ਤੋਂ ਬਾਅਦ ਵੀ ਕਾਫੀ ਯਤਨ ਕੀਤੇ ਗਏ ਸਨ ਪਰ ਭਾਈ ਰਾਜੋਆਣਾ ਦੀ ਰਹਿਮ ਦੀ ਅਪੀਲ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ। ਫਲਸਰੂਪ ਮਾਮਲਾ ਸੁਪਰੀਮ ਕੋਰਟ ਚਲਾ ਗਿਆ। ਅਦਾਲਤ ਨੇ 2022 ਵਿੱਚ ਫੈਸਲਾ ਕੀਤਾ ਕਿ ਸਰਕਾਰ ਆਪਣੇ ਤੌਰ ’ਤੇ ਭਾਈ ਰਾਜੋਆਣਾ ਬਾਰੇ ਫੈਸਲਾ ਕਰੇ। ਪਰ ਹਾਲੇ ਤੱਕ ਸਰਕਾਰ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ। ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ।
ਉਨ੍ਹਾਂ ਦੱਸਿਆ ਕਿ ਇਸ ਬਾਰੇ ਭਾਈ ਰਾਜੋਆਣਾ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਰਹਿਮ ਦੀ ਪਟੀਸ਼ਨ ਤੋਂ ਸਟੇਅ ਖ਼ਤਮ ਕੀਤਾ ਜਾਵੇ ਤਾਂ ਜੋ ਉਹ ਆਪਣਾ ਅਗਲਾ ਰਾਹ ਅਖ਼ਤਿਆਰ ਕਰ ਸਕਣ। ਉਨ੍ਹਾਂ ਕਿਹਾ ਕਿ ਹੁਣ SGPC ਵੱਲੋਂ ਰਾਸ਼ਟਰਪਤੀ ਨੂੰ ਆਖ਼ਰੀ ਰਿਪਰਜ਼ੈਂਟੇਸ਼ਨ ਦਿੱਤੀ ਜਾ ਰਹੀ ਹੈ। ਡੈਪੂਟੇਸ਼ਨ ਹੁਣ ਤੱਕ ਦੇ ਸਾਰੇ ਫੈਸਲਿਆਂ ਦਾ ਵੇਰਵਾ ਲੈ ਕੇ ਜਾਵੇਗਾ ਤੇ ਇਸ ਮਾਮਲੇ ’ਤੇ ਤੁਰੰਤ ਫੈਸਲੇ ਦੀ ਮੰਗ ਕਰੇਗਾ। ਸਰਕਾਰ ਦੁਆਰਾ ਕੀਤੇ ਫੈਸਲਾ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਜਾਵੇਗੀ।
ਜਥੇਦਾਰ ਦੇ ਕਥਾਵਚਕਾਂ ਨੂੰ ਨਿਰਦੇਸ਼
ਇਸ ਤੋਂ ਇਲਾਵਾ ਜਥੇਦਾਰ ਸਾਹਿਬ ਦੀ ਚਿੱਠੀ ਪੜ੍ਹ ਕੇ ਸੁਣਾਈ ਜਿਸ ਵਿੱਚ ਉਨ੍ਹਾਂ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕਥਾ ਕਰਨ ਵਾਲੇ ਕਥਾਵਚਕਾਂ ਤੇ ਵਿਦਵਾਨਾਂ ਨੂੰ ਹੁਕਮ ਦਿੱਤੇ ਹਨ ਕਿ ਜਿਵੇਂ ਇਤਿਹਾਸ ਵਿੱਚ ਜਾਂ ਬਾਣੀ ਵਿੱਚ ਗੁਰੂ ਸਾਹਿਬਾਨਾਂ ਨੇ ਭੱਟਾਂ, ਭਗਤਾਂ ਆਦਿ ਨੂੰ ਜੋ ਸਨਮਾਨ ਬਖ਼ਸ਼ਿਆ ਹੈ ਉਹ ਉਸੇ ਨਾਵਾਂ ਨਾਲ ਹੀ ਉਨ੍ਹਾਂ ਨੂੰ ਸੰਬੋਧਨ ਕਰਨ, ਹਰੇਕ ਨੂੰ ਬਾਬਾ ਕਹਿ ਕੇ ਸੰਬੋਧਿਤ ਨਾ ਕਰਨ। ਇਸ ਨਾਲ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਨਾਲ ਸਾਂਝੀਵਾਲਤਾ ਦਾ ਸੰਦੇਸ਼ ਜਾਂਦਾ ਹੈ।