The Khalas Tv Blog India SGPC ਦਾ ਵੱਡਾ ਫੈਸਲਾ! ਗਿਆਨੀ ਰਘਬੀਰ ਸਿੰਘ ਨੂੰ ਮੁੱਖ ਗ੍ਰੰਥੀ ਦੇ ਅਹੁਦੇ ਤੋਂ ਕੀਤਾ ਸੇਵਾ-ਮੁਕਤ
India Punjab

SGPC ਦਾ ਵੱਡਾ ਫੈਸਲਾ! ਗਿਆਨੀ ਰਘਬੀਰ ਸਿੰਘ ਨੂੰ ਮੁੱਖ ਗ੍ਰੰਥੀ ਦੇ ਅਹੁਦੇ ਤੋਂ ਕੀਤਾ ਸੇਵਾ-ਮੁਕਤ

ਬਿਊਰੋ ਰਿਪੋਰਟ (ਅੰਮ੍ਰਿਤਸਰ, 26 ਫਰਵਰੀ 2026): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤ੍ਰਿਗ ਕਮੇਟੀ ਦੀ ਅੱਜ ਹੋਈ ਹੰਗਾਮੀ ਇਕੱਤਰਤਾ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਸੇਵਾ ਤੋਂ ਰਿਟਾਇਰ (ਸੇਵਾ-ਮੁਕਤ) ਕਰਨ ਦਾ ਫੈਸਲਾ ਲਿਆ ਗਿਆ ਹੈ। ਐਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਫੈਸਲੇ ਦੀ ਪੁਸ਼ਟੀ ਕੀਤੀ।

ਕਾਰਵਾਈ ਦੇ ਮੁੱਖ ਕਾਰਨ

ਐਡਵੋਕੇਟ ਧਾਮੀ ਨੇ ਦੱਸਿਆ ਕਿ ਗਿਆਨੀ ਰਘਬੀਰ ਸਿੰਘ ਨੇ 18 ਫਰਵਰੀ 2026 ਨੂੰ ਪ੍ਰੈਸ ਕਾਨਫਰੰਸ ਕਰਕੇ ਸੰਸਥਾ ਦੇ ਪ੍ਰਬੰਧਾਂ ਵਿਰੁੱਧ ਬਿਆਨਬਾਜ਼ੀ ਕੀਤੀ ਸੀ, ਜਿਸ ਨਾਲ SGPC ਦੀ ਬਦਨਾਮੀ ਹੋਈ। ਉਨ੍ਹਾਂ ਨੂੰ 19 ਫਰਵਰੀ ਨੂੰ 72 ਘੰਟਿਆਂ ਅੰਦਰ ਸਬੂਤ ਪੇਸ਼ ਕਰਨ ਦਾ ਸਮਾਂ ਦਿੱਤਾ ਗਿਆ ਸੀ, ਪਰ ਉਨ੍ਹਾਂ ਵੱਲੋਂ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਅੰਤ੍ਰਿਗ ਕਮੇਟੀ ਅਨੁਸਾਰ, ਇਸ ਕਾਰਵਾਈ ਨਾਲ ਮੁੱਖ ਗ੍ਰੰਥੀ ਦੇ ਅਹੁਦੇ ਦੀ ਮਰਿਆਦਾ ਨੂੰ ਢਾਹ ਲੱਗੀ ਹੈ ਅਤੇ ਇਹ ਸੇਵਾ ਨਿਯਮਾਂ ਦੀ ਸਿੱਧੀ ਉਲੰਘਣਾ ਹੈ।

ਸੇਵਾ ਵਿੱਚ ਕੁਤਾਹੀ ਦਾ ਇਲਜ਼ਮ 

ਪ੍ਰਧਾਨ ਧਾਮੀ ਨੇ ਇਹ ਵੀ ਖੁਲਾਸਾ ਕੀਤਾ ਕਿ ਗਿਆਨੀ ਰਘਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਸਵੇਰੇ-ਸ਼ਾਮ ਦੀਆਂ ਆਪਣੀਆਂ ਨਿਰਧਾਰਿਤ ਸੇਵਾਵਾਂ ਵੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਗ੍ਰੰਥੀ ਦੀ ਸ਼ਖ਼ਸੀਅਤ ਬਹੁਤ ਸਤਿਕਾਰਯੋਗ ਹੁੰਦੀ ਹੈ, ਪਰ ਇਨ੍ਹਾਂ ਸਾਰੇ ਪੱਖਾਂ ਨੂੰ ਵਿਚਾਰਦਿਆਂ ਅੰਤ੍ਰਿਗ ਕਮੇਟੀ ਨੇ ਉਨ੍ਹਾਂ ਨੂੰ ਸੇਵਾ-ਮੁਕਤ ਕਰਨ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ।

ਵਿਸ਼ੇਸ ਕਮੇਟੀ ਦਾ ਗਠਨ

ਇਸਦੇ ਨਾਲ ਹੀ SGPC ਵੱਲੋਂ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਧਾਮੀ ਨੇ ਕਿਹਾ ਕਿ ਜੇਕਰ ਲੋਕਾਂ ਜਾਂ ਕਿਸੇ ਕੋਲ ਵੀ ਕੋਈ ਮਾਜਰਾ ਹੁੰਦਾ ਹੈ ਤਾਂ ਉਹ ਇਸ ਕਮੇਟੀ ਸਾਹਮਣੇ ਪੇਸ਼ ਕਰ ਸਕਦਾ ਹੈ ਤਾਂ ਜੋ ਸਾਰੀ ਸੱਚਾਈ ਪਾਣੀ ਵਾਂਗ ਨਿੱਤਰ ਕੇ ਸੰਗਤ ਦੇ ਸਾਹਮਣੇ ਆ ਸਕੇ।

 

Exit mobile version