‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਥ ‘ਚੋਂ ਛੇਕੇ ਸਾਬਕਾ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮਿਲਣ ਦੇ ਆਸਾਰ ਨਹੀਂ ਜਾਪ ਰਹੇ ਕਿਉਂਕਿ ਤਾਜ਼ਾ ਖਬਰ ਆ ਰਹੀ ਹੈ ਕਿ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਲੰਗਾਹ ਨੂੰ ਪੁਲਿਸ ਨੇ ਹੈਰੋਇਨ ਪੀਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਧਾਰੀਵਾਲ ਦੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਲੰਗਾਹ ਸਮੇਤ ਦੋ ਹੋਰ ਲੋਕਾਂ ਨੂੰ ਹੈਰੋਇਨ ਪੀਣ ਦੇ ਦੋਸ਼ਾਂ ਹੇਠ ਅਤੇ ਤਿੰਨ ਨੌਜਵਾਨਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ‘ਤੇ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।
ਗੁਰਦਾਸਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕੱਲ੍ਹ ਦੇਰ ਸ਼ਾਮ ਜਾਣਕਾਰੀ ਮਿਲੀ ਕਿ ਰਾਜੇਸ਼ ਕੁਮਾਰ ਵਾਸੀ ਧਾਰੀਵਾਲ ਮਿੱਲ ਕੁਆਰਟਰ ਨੂੰ ਕੁੱਝ ਨੌਜਵਾਨ ਹੈਰੋਇਨ ਦੇਣ ਆਏ ਹਨ। ਜਿਸ ਤੋਂ ਬਾਅਦ ਥਾਣਾ ਧਾਰੀਵਾਲ ਦੀ ਪੁਲਿਸ ਟੀਮ ਨੇ ਛਾਪਾ ਮਾਰਿਆ ਤਾਂ ਅੰਦਰ ਦੋ ਨੌਜਵਾਨ ਹੈਰੋਇਨ ਦਾ ਨਸ਼ਾ ਕਰ ਰਹੇ ਸਨ। ਇਨ੍ਹਾਂ ਨੌਜਵਾਨਾਂ ਨੂੰ ਦੋ ਸਿਲਵਰ ਪੇਪਰਾਂ ਅਤੇ ਦੋ ਲਾਈਟਰਾਂ ਸਣੇ ਕਾਬੂ ਕੀਤਾ ਗਿਆ ਹੈ। ਉੱਥੇ ਹੀ ਬੈਠੇ ਤਿੰਨ ਹੋਰ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
ਇਨ੍ਹਾਂ ਨੌਜਵਾਨਾਂ ਵਿੱਚ ਪ੍ਰਕਾਸ਼ ਸਿੰਘ, ਜੋ ਕਿ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਹੈ ਅਤੇ ਰਾਜੇਸ਼ ਕੁਮਾਰ, ਆਦਿੱਤਿਆ ਮਹਾਜਨ, ਕੁਨਾਲ ਅਤੇ ਸੁਧੀਰ ਸਿੰਘ ਸ਼ਾਮਿਲ ਹਨ। ਥਾਣਾ ਧਾਰੀਵਾਲ ਦੀ ਪੁਲੀਸ ਨੇ ਪ੍ਰਕਾਸ਼ ਸਿੰਘ ਅਤੇ ਰਾਜੇਸ਼ ਕੁਮਾਰ ਵਿਰੁੱਧ ਹੈਰੋਇਨ ਪੀਣ ਦੇ ਦੋਸ਼ ਹੇਠ ਅਤੇ ਆਦਿੱਤਿਆ ਮਹਾਜਨ, ਕੁਨਾਲ ਅਤੇ ਸੁਧੀਰ ਸਿੰਘ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਲੰਗਾਹ ਨੇ ਪੁੱਤ ਦੀ ਗ੍ਰਿਫਤਾਰੀ ਨੂੰ ਸਿਆਸਤ ਦਿੱਤਾ ਕਰਾਰ
ਸੁੱਚਾ ਸਿੰਘ ਲੰਗਾਹ ਨੇ ਆਪਣੇ ਪੁੱਤਰ ਦੀ ਗ੍ਰਿਫਤਾਰੀ ਤੋਂ ਬਾਅਦ ਕਿਹਾ ਕਿ ਉਨ੍ਹਾਂ ਦਾ ਲੜਕਾ ਸ਼ਾਮ ਨੂੰ ਧਾਰੀਵਾਲ ਵਿੱਚ ਇੱਕ ਦਰਜੀ ਕੋਲੋਂ ਆਪਣੇ ਕੱਪੜੇ ਲੈਣ ਗਿਆ ਸੀ, ਜਿਸ ਨੂੰ ਪੁਲਿਸ ਨੇ ਚੁੱਕ ਕੇ ਉਸ ’ਤੇ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੀ ਗ੍ਰਿਫਤਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।
ਪਿਛਲੇ ਦਿਨੀਂ ਸੁੱਚਾ ਸਿੰਘ ਲੰਗਾਹ ਦੇ ਮਾਪਿਆਂ ਨੇ ਲੰਗਾਹ ਦੇ ਪੁੱਤਰ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਬੇਨਤੀ ਕਰਕੇ ਕਿਹਾ ਸੀ ਕਿ ਉਨ੍ਹਾਂ ਦੇ ਪੁੱਤਰ ਸੁੱਚਾ ਸਿੰਘ ਲੰਗਾਹ ਨੂੰ ਮੁਆਫੀ ਦੇ ਕੇ ਪੰਥ ‘ਚ ਸ਼ਾਮਿਲ ਕਰ ਲਿਆ ਜਾਵੇ। ਉਨ੍ਹਾਂ ਨੇ ਭਾਵੁਕ ਹੋ ਕਿਹਾ ਸੀ ਕਿ ਉਨ੍ਹਾਂ ਦੀ ਉਮਰ ਵਡੇਰੀ ਹੋ ਗਈ ਹੈ ਅਤੇ ਉਹ ਆਪਣੇ ਪੁੱਤਰ ਦਾ ਇਹ ਬੋਝ ਲੈ ਕੇ ਇਸ ਦੁਨੀਆ ਤੋਂ ਨਹੀਂ ਜਾਣਾ ਚਾਹੁੰਦੇ। ਪਰ ਹੁਣ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਦੇ ਨਵੇਂ ਕਾਰਨਾਮੇ ਕਰਕੇ ਲੰਗਾਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮਿਲਣ ਦੇ ਆਸਾਰ ਘੱਟ ਜਾਪ ਰਹੇ ਹਨ।