India Religion

ਕੇਦਾਰਨਾਥ ਪੈਦਲ ਮਾਰਗ ’ਤੇ ਵੱਡਾ ਹਾਦਸਾ, ਤਿੰਨ ਸ਼ਰਧਾਲੂਆਂ ਦੀ ਮੌਤ, ਪੰਜ ਜ਼ਖ਼ਮੀ

ਗੌਰੀਕੁੰਡ: ਕੇਦਾਰਨਾਥ ਪੈਦਲ ਮਾਰਗ ’ਤੇ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਚਿਰਬਾਸਾ ਨੇੜੇ ਪਹਾੜੀ ਤੋਂ ਅਚਾਨਕ ਵੱਡੀ ਮਾਤਰਾ ਵਿੱਚ ਮਲਬਾ ਅਤੇ ਪੱਥਰ ਹੇਠਾਂ ਡਿੱਗ ਪਏ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਜਵਾਰ ਨੇ ਦੱਸਿਆ ਕਿ ਯਾਤਰਾ ’ਤੇ ਜਾ ਰਹੇ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਪੰਜ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਕਈ ਯਾਤਰੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। ਜ਼ਖ਼ਮੀਆਂ ਵਿੱਚ ਦੋ ਯਾਤਰੀ ਮਹਾਰਾਸ਼ਟਰ ਦੇ ਦੱਸੇ ਜਾਂਦੇ ਹਨ ਅਤੇ ਬਾਕੀ ਲੋਕ ਸਥਾਨਕ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਗੌਰੀਕੁੰਡ ਹਸਪਤਾਲ ਭੇਜਿਆ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਸਾਢੇ ਸੱਤ ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਪਹੁੰਚ ਗਈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਕਿਸ਼ੋਰ ਅਰੁਣ ਪਰਾਟੇ (31) ਵਾਸੀ ਨਾਗਪੁਰ ਮਹਾਰਾਸ਼ਟਰ, ਸੁਨੀਲ ਮਹਾਦੇਵ ਕਾਲੇ (24) ਜਾਲਨਾ ਮਹਾਰਾਸ਼ਟਰ, ਅਨੁਰਾਗ ਬਿਸ਼ਟ ਤਿਲਵਾੜਾ ਰੁਦਰਪ੍ਰਯਾਗ ਵਜੋਂ ਹੋਈ ਹੈ।

ਦੇਈਏ ਕਿ ਕੇਦਾਰਨਾਥ ਦੇ 16 ਕਿਲੋਮੀਟਰ ਲੰਬੇ ਗੌਰੀਕੁੰਡ-ਕੇਦਾਰਨਾਥ ਪੈਦਲ ਮਾਰਗ ’ਤੇ ਹਰ ਸਮੇਂ ਜ਼ਮੀਨ ਖਿਸਕਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਚਿਰਬਾਸਾ ਲੈਂਡਸਲਾਈਡ ਜ਼ੋਨ ਹੈ, ਜਿੱਥੇ ਹਰ ਬਰਸਾਤ ਦੇ ਮੌਸਮ ਵਿੱਚ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਹਾਦਸੇ ਵਾਪਰਦੇ ਹਨ। ਇੱਥੇ ਪਿਛਲੇ ਸਾਲ ਵੀ ਪਹਾੜੀ ਤੋਂ ਢਿੱਗਾਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ।

ਸੀਐਮ ਧਾਮੀ ਨੇ ਪ੍ਰਗਟਾਇਆ ਦੁੱਖ

ਸੀਐਮ ਧਾਮੀ ਨੇ ਕੇਦਾਰਨਾਥ ਯਾਤਰਾ ਰੂਟ ’ਤੇ ਹੋਏ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ, ‘ਪਹਾੜੀ ਤੋਂ ਮਲਬੇ ਅਤੇ ਭਾਰੀ ਪੱਥਰਾਂ ਦੇ ਡਿੱਗਣ ਕਾਰਨ ਕੁਝ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਬੇਹੱਦ ਦੁਖ਼ਦ ਹੈ। ਘਟਨਾ ਵਾਲੀ ਥਾਂ ’ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ, ਮੈਂ ਇਸ ਸਬੰਧ ’ਚ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ’ਚ ਹਾਂ। ਹਾਦਸੇ ’ਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਮਾਤਮਾ ਵਿਛੜੀਆਂ ਰੂਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰਾਂ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ।’