ਜਲੰਧਰ : ਪੰਜਾਬ ਵਿੱਚ ਟਰੈਕਟਰਾਂ ਨਾਲ ਸਟੰਟ ਕਰਨ ਅਤੇ ਰੇਸ ਕਰਨ ਦਾ ਰੁਝਾਨ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਹੈ। ਇਨ੍ਹਾਂ ਗਤੀਵਿਧੀਆਂ ਕਾਰਨ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਪਰ ਫਿਰ ਵੀ ਅਜਿਹੀਆਂ ਖੇਡਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜਲੰਧਰ ਨਾਲ ਲੱਗਦੇ ਫਗਵਾੜਾ ਤੋਂ ਸਾਹਮਣੇ ਆਇਆ ਹੈ।
ਟਰੈਕਟਰ ਨਾਲ ਰੇਸ ਕਰ ਰਹੇ ਵਿਅਕਤੀ ਦਾ ਟਰੈਕਟਰ ਅਚਾਨਕ ਬੇਕਾਬੂ ਹੋ ਗਿਆ। ਜਿਸ ਤੋਂ ਬਾਅਦ ਉਕਤ ਟਰੈਕਟਰ ਨੇ ਰੇਸ ਦੇਖਣ ਲਈ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ। ਇਸ ਘਟਨਾ ‘ਚ ਕਰੀਬ 5 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਖੁਸ਼ਕਿਸਮਤੀ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਪੂਰੀ ਘਟਨਾ ਦੀਆਂ ਕੁਝ ਦਿਲ ਦਹਿਲਾ ਦੇਣ ਵਾਲੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਫਿਲਹਾਲ ਫਗਵਾੜਾ ਪੁਲਿਸ ਨੇ ਇਸ ਮਾਮਲੇ ‘ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀਐਸਪੀ ਫਗਵਾੜਾ ਨੇ ਮੌਕੇ ’ਤੇ ਪਹੁੰਚ ਕੇ ਤਿੰਨ ਟਰੈਕਟਰ ਵੀ ਕਬਜ਼ੇ ਵਿੱਚ ਲਏ। ਹਾਲਾਂਕਿ ਇਸ ਘਟਨਾ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣੀਆਂ ਬਾਕੀ ਹਨ।
ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਟਰੈਕਟਰ ਦੀ ਰੇਸ ਚੱਲ ਰਹੀ ਸੀ ਅਤੇ ਉਸ ਦੌਰਾਨ ਇਹ ਹਾਦਸਾ ਵਾਪਰ ਗਿਆ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਪੁਲਸ ਨੂੰ ਦੇਖਦੇ ਹੀ ਸਾਰੀ ਭੀੜ ਮੌਕੇ ਤੋਂ ਭੱਜ ਗਈ। ਮੌਕੇ ਤੋਂ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਤਿੰਨ ਜ਼ਖ਼ਮੀਆਂ ਨੂੰ ਫਗਵਾੜਾ ਅਤੇ ਜਲੰਧਰ ਦੇ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਵਿੱਚ ਜ਼ਖ਼ਮੀ ਹੋਏ ਰਤਨ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰਾ ਦੋਸਤ ਸਾਈਡ ’ਤੇ ਖੜ੍ਹੇ ਹੋ ਕੇ ਟਰੈਕਟਰ ਦੀ ਦੌੜ ਦੇਖ ਰਹੇ ਸੀ। ਟਰੈਕਟਰਾਂ ਦੀ ਦੌੜ ਵਿੱਚ ਦੋ ਗੱਡੀਆਂ ਦੌੜ ਰਹੀਆਂ ਸਨ। ਇਸ ਦੌਰਾਨ ਇਕ ਟਰੈਕਟਰ ਬੇਕਾਬੂ ਹੋ ਕੇ ਸਾਡੇ ਵੱਲ ਆਣ ਲੱਗਾ। ਇਸ ਤੋਂ ਪਹਿਲਾਂ ਕਿ ਅਸੀਂ ਕੁਝ ਸਮਝ ਪਾਉਂਦੇ, ਉਕਤ ਟਰੈਕਟਰ ਸਾਡੇ ਉੱਪਰ ਆ ਗਿਆ।
ਰਤਨ ਸਿੰਘ ਨੇ ਦੱਸਿਆ ਕਿ ਉਕਤ ਟਰੈਕਟਰ ਦਾ ਟਾਇਰ ਉਸ ਦੇ ਉਪਰੋਂ ਲੰਘ ਗਿਆ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ ਅਤੇ ਉਸਦੀ ਦੋਸਤ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਿਆ ਅਤੇ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ | ਇਸ ਘਟਨਾ ‘ਚ ਉਸ ਦਾ ਦੋਸਤ ਅਮਿਤ ਵੀ ਗੰਭੀਰ ਜ਼ਖਮੀ ਹੈ।
ਡੀਐੱਸਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਗਵਾੜਾ ਦੇ ਪਿੰਡ ਡੋਮੇਲੀ ਵਿੱਚ ਨਾਜਾਇਜ਼ ਤੌਰ ‘ਤੇ ਟਰੈਕਟਰ ਰੇਸ ਚੱਲ ਰਹੀ ਹੈ ਅਤੇ ਉਸ ਥਾਂ ‘ਤੇ ਹਾਦਸਾ ਵਾਪਰ ਗਿਆ ਹੈ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਤਿੰਨ ਟਰੈਕਟਰ ਜ਼ਬਤ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਜਾ ਰਹੀ ਹੈ।
ਡੀਐਸਪੀ ਜਸਪ੍ਰੀਤ ਸਿੰਘ ਨੇ ਕਿਹਾ- ਦੌੜ ਲਈ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਨਹੀਂ ਲਈ ਗਈ ਸੀ। ਇਹ ਦੌੜ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਇਸ ਘਟਨਾ ਵਿੱਚ ਟਰੈਕਟਰ ਚਲਾ ਰਿਹਾ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਡੀਐਸਪੀ ਨੇ ਕਿਹਾ- ਇਹ ਚੀਜ਼ਾਂ ਸਰਕਾਰ ਨੇ ਗੈਰ-ਕਾਨੂੰਨੀ ਕਰਾਰ ਦਿੱਤੀਆਂ ਹਨ। ਇਸ ਲਈ ਅਜਿਹਾ ਕਰਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ।