India

ਕਾਨਪੁਰ ‘ਚ ਵੱਡਾ ਹਾਦਸਾ: ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਛੱਪੜ ‘ਚ ਡਿੱਗੀ, ਔਰਤਾਂ ਤੇ ਬੱਚਿਆਂ ਸਮੇਤ 26 ਦੀ ਮੌਤ

Big road accident in Kanpur

ਕਾਨਪੁਰ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਦੌਰਾਨ 26 ਜਣਿਆਂ ਦੀ ਜਾਨ ਚਲੀ ਗਈ। ਦਰਅਸਲ ਜਿਵੇਂ ਹੀ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਛੱਪੜ ਵਿੱਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਟਰਾਲੀ ਵਿੱਚ ਕਰੀਬ 50 ਲੋਕ ਸਵਾਰ ਸਨ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਸਾਧ ਥਾਣਾ ਖੇਤਰ ਦੇ ਕੋਰਥਾ ਪਿੰਡ ਦੇ ਰਹਿਣ ਵਾਲੇ ਸ਼ਰਧਾਲੂ ਟਰੈਕਟਰ-ਟਰਾਲੀ ਵਿੱਚ ਫਤਿਹਪੁਰ ਦੇ ਚੰਦਰਿਕਾ ਦੇਵੀ ਮੰਦਰ ਗਏ ਸਨ। ਸਾਰੇ ਲੋਕ ਘਟਨਾ ਵਾਲੀ ਥਾਂ ਤੋਂ ਪਹਿਲਾਂ ਇੱਕ ਛੋਟੇ ਢਾਬੇ ‘ਤੇ ਰੁਕੇ ਹੋਏ ਸਨ। ਜਿੱਥੇ ਸਭ ਨੇ ਚਾਹ-ਨਾਸ਼ਤਾ ਕੀਤਾ। ਇਹ ਹਾਦਸਾ ਇੱਥੋਂ ਪੈਦਲ ਚੱਲਣ ਤੋਂ ਮਹਿਜ਼ ਦੋ ਮਿੰਟ ਬਾਅਦ ਵਾਪਰਿਆ। ਟਰੈਕਟਰ ਇੰਨਾ ਬੇਕਾਬੂ ਹੋ ਗਿਆ ਕਿ ਡਰਾਈਵਰ ਉਸ ਨੂੰ ਸੰਭਾਲ ਨਹੀਂ ਸਕਿਆ। ਦਰਸ਼ਨ ਕਰਕੇ ਵਾਪਸ ਪਰਤਦੇ ਸਮੇਂ ਪਿੰਡ ਸਾਧ ਤੇ ਗੰਭੀਰਪੁਰ ਵਿਚਕਾਰ ਸੜਕ ਕਿਨਾਰੇ ਪਏ ਛੱਪੜ ਵਿੱਚ ਟਰਾਲੀ ਪਲਟ ਗਈ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜ ਤੁਰੰਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖੁਦ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਮੁੱਖ ਮੰਤਰੀ ਦੀ ਤਰਫੋਂ ਦੋ ਮੰਤਰੀਆਂ ਰਾਕੇਸ਼ ਸਚਾਨ ਅਤੇ ਅਜੀਤ ਪਾਲ ਨੂੰ ਤੁਰੰਤ ਹਾਦਸੇ ਵਾਲੀ ਥਾਂ ‘ਤੇ ਭੇਜਿਆ ਗਿਆ ਹੈ। ਨਾਲ ਹੀ ਟਰੈਕਟਰ ਟਰਾਲੀ ਦੀ ਵਰਤੋਂ ਖੇਤੀਬਾੜੀ ਦੇ ਕੰਮਾਂ ਲਈ ਹੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰਪਤੀ ਭਵਨ ਦੇ ਟਵਿੱਟਰ ਹੈਂਡਲ ‘ਤੇ ਲਿਖਿਆ ਗਿਆ ਹੈ, ‘ਕਾਨਪੁਰ ‘ਚ ਸੜਕ ਹਾਦਸੇ ‘ਚ ਕਈ ਲੋਕਾਂ ਦੀ ਮੌਤ ਦੀ ਖਬਰ ਤੋਂ ਬਹੁਤ ਦੁਖੀ ਹਾਂ। ਇਸ ਹਾਦਸੇ ਵਿੱਚ ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਮੈਂ ਜ਼ਖਮੀ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹਾਂ।

ਪੀਐਮ ਮੋਦੀ ਨੇ ਟਵੀਟ ਕੀਤਾ, ‘ਕਾਨਪੁਰ ‘ਚ ਟਰੈਕਟਰ ਟਰਾਲੀ ਹਾਦਸੇ ਤੋਂ ਬਹੁਤ ਦੁਖੀ ਹਾਂ। ਇਸ ਹਾਦਸੇ ਵਿੱਚ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਪ੍ਰਤੀ ਮੇਰੀ ਸੰਵੇਦਨਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰ ਰਿਹਾ ਹੈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇੱਕ ਹੋਰ ਟਵੀਟ ਵਿੱਚ ਸੀਐਮ ਯੋਗੀ ਨੇ ਕਿਹਾ ਕਿ ਕਾਨਪੁਰ ਜ਼ਿਲ੍ਹੇ ਵਿੱਚ ਸੜਕ ਹਾਦਸਾ ਬਹੁਤ ਦਿਲ ਦਹਿਲਾਉਣ ਵਾਲਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਚਲਾਉਣ ਅਤੇ ਜ਼ਖਮੀਆਂ ਦੇ ਇਲਾਜ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।