ਜਲੰਧਰ ਵਿਚ ਚੜ੍ਹਦੀ ਸਵੇਰ ਵੱਡਾ ਹਾਦਸਾ ਵਾਪਰ ਗਿਆ। ਜਲੰਧਰ ‘ਚ ਚੌਗਿੱਟੀ ਫਲਾਈਓਵਰ ਨੇੜੇ ਇਕ ਤੇਜ਼ ਰਫਤਾਰ ਟਰਾਲੀ ਨੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮਨੀਕ ਸਿੰਘ ਵਾਸੀ ਮਜੀਠਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਲਾਜ ਲਈ ਜਲੰਧਰ ਲਿਆਂਦਾ ਜਾ ਰਿਹਾ ਮਰੀਜ਼ ਗੰਭੀਰ ਜ਼ਖਮੀ ਹੈ। ਜਿਸ ਨੂੰ ਤੁਰੰਤ ਦੂਜੀ ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਐਂਬੂਲੈਂਸ ਚਾਲਕ ਦੀ ਮੌਤ ਦੀ ਪੁਸ਼ਟੀ ਥਾਣਾ ਰਾਮਾਮੰਡੀ ਦੇ ਐਸਐਚਓ ਪਰਮਿੰਦਰ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਨੁਕਸਾਨੇ ਵਾਹਨਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ।
ਪਿੱਛੇ ਤੋਂ ਟਰਾਲੀ ਮਾਰੀ, ਜਾਂਚ ‘ਚ ਜੁਟੀ ਪੁਲਿਸ
ਇਹ ਹਾਦਸਾ ਅੱਜ ਸਵੇਰੇ ਰਾਮਾ ਮੰਡੀ ਥਾਣੇ ਅਧੀਨ ਪੈਂਦੇ ਚੌਗਿੱਟੀ ਫਲਾਈਓਵਰ ’ਤੇ ਵਾਪਰਿਆ। ਐਂਬੂਲੈਂਸ ਇੱਕ ਮਰੀਜ਼ ਨੂੰ ਲੈ ਕੇ ਜਲੰਧਰ ਵੱਲ ਜਾ ਰਹੀ ਸੀ। ਇਸ ਦੌਰਾਨ ਟਰਾਲੀ ਨੇ ਐਂਬੂਲੈਂਸ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਵਿੱਚ ਐਂਬੂਲੈਂਸ ਬੇਕਾਬੂ ਹੋ ਕੇ ਪਲਟ ਗਈ। ਜਿਸ ਕਾਰਨ ਮਰੀਜ਼ ਵੀ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਕ ਹੋਰ ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਰਾਮਾ ਮੰਡੀ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਇਸ ਹਾਦਸੇ ‘ਚ ਐਂਬੂਲੈਂਸ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾਮੰਡੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ। ਪਲਟ ਗਈ ਐਂਬੂਲੈਂਸ ਨੂੰ ਕਰੇਨ ਦੀ ਮਦਦ ਨਾਲ ਸਿੱਧੀ ਕੀਤੀ ਗਈ।