Punjab

ਇੰਦਰਾ, ਰਾਜੀਵ, ਸੋਨੀਆ, ਰਾਹੁਲ ਗਾਂਧੀ ‘ਤੇ ਕਿਉਂ ਵਰ੍ਹੇ ਮਜੀਠੀਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸਵਾਲ ਕਰਦਿਆਂ ਕਿਹਾ ਕਿ ਜੋ ਟਿੱਪਣੀ ਪੀਪੀਸੀਸੀ ਦੇ ਦਫ਼ਤਰ ਵਿੱਚੋਂ ਨਿਕਲ ਆ ਰਹੀਆਂ ਹਨ, ਕੀ ਉਹ ਟਿੱਪਣੀਆਂ ਕਾਂਗਰਸ ਪਾਰਟੀ ਦੀਆਂ ਹਨ। ਉਨ੍ਹਾਂ ਨੇ ਸਿੱਧੂ ਦੇ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਦੇ ਟਵੀਟ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਮਾਲੀ ਨੇ ਪਾਕਿਸਤਾਨ ਦੇ ਹੱਕ ਵਿੱਚ ਟਵੀਟ ਕੀਤਾ ਹੈ। ਮਾਲੀ ਨੇ ਟਵੀਟ ਕਰਕੇ ਕਿਹਾ ਸੀ ਕਿ ਕਸ਼ਮੀਰ ਕਸ਼ਮੀਰੀ ਲੋਕਾਂ ਦਾ ਦੇਸ਼ ਹੈ। 1947 ਵਿੱਚ ਭਾਰਤ ਨੂੰ ਛੱਡਣ ਮੌਕੇ ਤੈਅ ਹੋਏ ਅਸੂਲਾਂ ਤੇ ਯੂਐੱਨਓ ਦੇ ਫੈਸਲਿਆਂ ‘ਤੇ ਭਾਰਤ ਨਾਲ ਕਸ਼ਮੀਰ ਦੇ ਇਲਹਾਕ ਦੇ ਫੈਸਲਿਆਂ ਦੀ ਉਲੰਘਣਾ ਕਰਕੇ ਕਸ਼ਮੀਰੀ ਦੇਸ਼ ਦੇ ਦੋ ਟੋਟੇ ਕੀਤੇ ਗਏ। ਮਜੀਠੀਆ ਨੇ ਕਿਹਾ ਕਿ ਮਾਲੀ ਨੇ ਕਸ਼ਮੀਰ ਨੂੰ ਇੱਕ ਹਿਸਾਬ ਨਾਲ ਵੱਖਰਾ ਦੇਸ਼ ਹੀ ਕਰਾਰ ਦੇ ਦਿੱਤਾ। ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਸਵਾਲ ਕਰਦਿਆਂ ਕਿਹਾ ਕਿ ਫਿਰ ਜੰਮੂ-ਕਸ਼ਮੀਰ ਵਿੱਚ ਆਰਮਡ ਫੋਰਸ ਕੀ ਕਰ ਰਹੀ ਹੈ। ਰੋਜ਼ ਉੱਥੇ ਕੋਈ ਨਾ ਕੋਈ ਕੁਰਬਾਨੀ ਦੇ ਰਿਹਾ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਤੁਸੀਂ ਇਸ ਤਰ੍ਹਾਂ ਅਪਮਾਨਿਤ ਕਿਵੇਂ ਕਰ ਸਕਦੇ ਹੋ। ਮਾਲੀ ਨੇ ਕਸ਼ਮੀਰ ਨੂੰ ਦੇਸ਼ ਦੇ ਦੋ ਟੋਟੇ ਕਹਿ ਕੇ ਸਾਡੇ ਦੇਸ਼ ਦੇ ਨਕਸ਼ੇ ਦਾ ਵੀ ਅਪਮਾਨ ਕੀਤਾ ਹੈ। ਮਜੀਠੀਆ ਨੇ ਇਲਹਾਕ ਸ਼ਬਦ ਦਾ ਅਰਥ ਦੱਸਦਿਆਂ ਕਿਹਾ ਕਿ ਇਲਹਾਕ ਦਾ ਅਰਥ ਦੂਸਰੇ ਦੇਸ਼ ਨੂੰ ਆਪਣੇ ਦੇਸ਼ ਵਿੱਚ ਬਲ-ਪੂਰਵਕ ਮਿਲਾਉਣ ਦੀ ਗਤੀਵਿਧੀ ਹੈ।

ਮਜੀਠੀਆ ਨੇ ਕਿਹਾ ਕਿ 16 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਨੂੰ ਜਾਇਜ਼ ਠਹਿਰਾਇਆ। ਇਮਰਾਨ ਖਾਨ ਦੇ ਇਸ ਬਿਆਨ ਤੋਂ ਅਗਲੇ ਦਿਨ ਹੀ 17 ਅਗਸਤ ਨੂੰ ਮਾਲੀ ਨੇ ਵੀ ਟਵੀਟ ਕੀਤਾ ਕਿ “ਛੋਟਾ ਮੂੰਹ ਵੱਡੀ ਗੱਲ, ਮੈਨੂੰ ਮਹਿਸੂਸ ਹੁੰਦਾ ਹੈ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ ਸੱਤਾ ‘ਤੇ ਕਾਬਜ਼ ਹੋਣਾ ਦੱਖਣੀ ਏਸ਼ੀਆ ਦੇ ਅੰਦਰ ਅਮਨ-ਸ਼ਾਂਤੀ ਸਥਾਪਿਤ ਕਰਨ ਲਈ ਸਹਾਈ ਹੋਵੇਗਾ।” ਮਜੀਠੀਆ ਨੇ ਇਸ ਟਵੀਟ ਤੋਂ ਬਾਅਦ ਮਾਲੀ ਨੂੰ ਤਾਲਿਬਾਨ ਦਾ ਵੀ ਸਲਾਹਕਾਰ ਕਰਾਰ ਦਿੱਤਾ।

ਮਜੀਠੀਆ ਨੇ ਅਗਲਾ ਸਵਾਲ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਰਦਿਆਂ ਕਿਹਾ ਕਿ ਸਿੱਧੂ ਵੱਲੋਂ ਪਹਿਲਾਂ ਆਪਣੀ ਪਾਰਟੀ ਦੇ ਲੀਡਰਾਂ ਖਿਲਾਫ਼ ਦੂਸ਼ਿਤ ਬਿਆਨਬਾਜ਼ੀ ਕਿਉਂ ਕੀਤੀ, ਜਦੋਂ ਉਹ ਦੂਸਰੀ ਪਾਰਟੀ ਵਿੱਚ ਸ਼ਾਮਿਲ ਸੀ। ਸਿੱਧੂ ਗੱਲਾਂ ਤਾਂ ਵੱਡੀ ਇਮਾਨਦਾਰੀ ਦੀਆਂ ਗੱਲਾਂ ਕਰਦਾ ਹੈ ਪਰ ਇਹ ਝੱਟ ਹੀ ਵਿਕ ਜਾਂਦਾ ਹੈ। ਜੇ ਸਿੱਧੂ ਸੱਚੀ ਵਿੱਚ ਸੱਚਾ ਬੰਦਾ ਹੈ ਤਾਂ ਇਹ ਇੰਦਰਾ ਗਾਂਧੀ ਅਤੇ ਰਾਹੁਲ ਗਾਂਧੀ ਬਾਰੇ ਕਹੇ ਕਿ ਜੋ ਉਨ੍ਹਾਂ ਨੇ 1984 ਵਿੱਚ ਕੀਤਾ, ਉਸ ਤੋਂ ਵੱਡਾ ਕੋਈ ਪਾਪ ਨਹੀਂ ਹੈ ਅਤੇ ਸਿੱਧੂ ਨੂੰ ਉਨ੍ਹਾਂ ਦੇ ਪਰਿਵਾਰਾਂ ਦਾ ਬਾਈਕਾਟ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਪੀਪੀਸੀਸੀ ਦਫ਼ਤਰ ਨੇ ਆਜ਼ਾਦੀ ਦਿਹਾੜੇ ਲਈ ਕਿਹਾ ਕਿ “ਪੰਜਾਬੀਆਂ ਵਿਚਕਾਰ ਖੂਨੀ ਵੰਡ ਦੇ ਦੋ ਫਾੜ ਦੇ ਜਸ਼ਨਾਂ ਨੂੰ ਭਾਰਤ ਦੀ ਆਜ਼ਾਦੀ ਕਿਹਾ ਜਾਂਦਾ ਹੈ। ਹਰ ਸਾਲ ਇਸ ਖੂਨੀ ਵੰਡ ਅਤੇ ਦੋ ਫਾੜ ਨੂੰ ਹੋਰ ਪੱਕੀ ਕਰਨ ਲਈ ਦੁਸ਼ਮਣੀ ਨਿਭਾਉਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ”। ਉਨ੍ਹਾਂ ਨੇ ਕਿਹਾ ਕਿ ਪੀਪੀਸੀਸੀ ਦਫ਼ਤਰ ਲਈ ਆਜ਼ਾਦੀ ਦਿਹਾੜੇ ਦਾ ਇਹ ਅਰਥ ਹੈ।